ਹੜ੍ਹ ਪ੍ਰਭਾਵਿਤ ਸਕੂਲਾਂ ਦੇ ਬੱਚਿਆਂ ਨੂੰ ਬੀਐਡ ਅਧਿਆਪਕ ਫਰੰਟ ਨੇ ਵੰਡੀ ਸਟੇਸ਼ਨਰੀ
ਹੜ੍ਹ ਪ੍ਰਭਾਵਿਤ ਸਕੂਲਾਂ ਦੇ ਬੱਚਿਆਂ ਨੂੰ ਬੀ ਐਡ ਅਧਿਆਪਕ ਫਰੰਟ ਵੱਲੋਂ ਪੜ੍ਹਨ ਸਮੱਗਰੀ ਵੰਡ
Publish Date: Mon, 18 May 2026 03:55 PM (IST)
Updated Date: Mon, 18 May 2026 03:57 PM (IST)

ਫਾਜ਼ਿਲਕਾ : ਬੀ ਐਡ ਅਧਿਆਪਕ ਫਰੰਟ ਪੰਜਾਬ ਦੀ ਜ਼ਿਲ੍ਹਾ ਲੁਧਿਆਣਾ ਇਕਾਈ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਸਕੂਲੀ ਬੱਚਿਆਂ ਲਈ ਸਹਾਇਤਾ ਮੁਹਿੰਮ ਤਹਿਤ ਜ਼ਿਲ੍ਹਾ ਫਾਜ਼ਿਲਕਾ ਦੇ ਵੱਖ-ਵੱਖ ਸਰਕਾਰੀ ਸਕੂਲਾਂ ਵਿੱਚ ਕਰੀਬ 1.50 ਲੱਖ ਰੁਪਏ ਦੀ ਪੜ੍ਹਨ ਸਮੱਗਰੀ ਵੰਡੀ ਗਈ। ਇਹ ਮੁਹਿੰਮ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਚੀਮਾ, ਸੂਬਾ ਵਿੱਤ ਸਕੱਤਰ ਬਿਕਰਮਜੀਤ ਸਿੰਘ ਕੱਦੋਂ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਸਤਨਾਮ ਸਿੰਘ ਦੌਲਤਪੁਰ ਅਤੇ ਬਲਾਕ ਪ੍ਰਧਾਨ ਬਲਵਿੰਦਰ ਸਿੰਘ ਮੰਡਿਆਲਾ ਦੀ ਅਗਵਾਈ ਹੇਠ ਚਲਾਈ ਗਈ। ਇਸ ਦੌਰਾਨ ਸਰਕਾਰੀ ਪ੍ਰਾਇਮਰੀ ਸਕੂਲ ਤੇਜਾ ਰੁਹੇਲਾ, ਦੋਨਾਂ ਨਾਨਕਾ, ਮਹਾਤਮ ਨਗਰ, ਝੰਗੜ ਭੈਣੀ, ਰੇਤੇ ਵਾਲੀ ਭੈਣੀ, ਗੱਟੀ ਨੰਬਰ-1, ਗੁਲਾਬੇ ਵਾਲੀ ਭੈਣੀ, ਢਾਣੀ ਸੱਦਾ ਸਿੰਘ, ਢਾਣੀ ਮੋਹਣਾ ਰਾਮ, ਘੂਰਕਾ, ਗੁੱਦੜ ਭੈਣੀ ਅਤੇ ਮੁਹਾਰ ਜਮਸ਼ੇਰ ਦੇ ਵਿਦਿਆਰਥੀਆਂ ਨੂੰ ਕਾਪੀਆਂ, ਕਿਤਾਬਾਂ ਤੇ ਹੋਰ ਪੜ੍ਹਾਈ ਸਮੱਗਰੀ ਮੁਹੱਈਆ ਕਰਵਾਈ ਗਈ। ਇਸ ਮੌਕੇ ਜ਼ਿਲ੍ਹਾ ਕਮੇਟੀ ਮੈਂਬਰ ਅਨਿਲ ਕੁਮਾਰ, ਬਲਾਕ ਕਮੇਟੀ ਦੋਰਾਹਾ ਤੋਂ ਬਲਵਿੰਦਰ ਸਿੰਘ ਗੁਰਮ, ਸੰਦੀਪ ਸਿੰਘ ਅਤੇ ਕੁਲਦੀਪ ਸਿੰਘ ਵੀ ਮੌਜੂਦ ਸਨ। ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਚੀਮਾ ਨੇ ਪ੍ਰਮੋਦ ਕੁਮਾਰ ਬੀਪੀਈਓ ਫਾਜ਼ਿਲਕਾ-2, ਸੁਨੀਲ ਕੁਮਾਰ ਬੀਪੀਈਓ ਫਾਜ਼ਿਲਕਾ-2 ਅਤੇ ਸਰਕਾਰੀ ਪ੍ਰਾਇਮਰੀ ਸਕੂਲ ਗੁਲਾਬ ਭੈਣੀ ਦੇ ਈਟੀਟੀ ਅਧਿਆਪਕ ਸੁਰਿੰਦਰ ਕੰਬੋਜ ਦਾ ਇਸ ਨੇਕ ਕਾਰਜ ਵਿੱਚ ਸਹਿਯੋਗ ਲਈ ਵਿਸ਼ੇਸ਼ ਧੰਨਵਾਦ ਕੀਤਾ। ਉਨ੍ਹਾਂ ਨੇ ਲੁਧਿਆਣਾ ਜ਼ਿਲ੍ਹੇ ਦੇ ਸਮੂਹ ਅਧਿਆਪਕਾਂ ਦਾ ਵੀ ਆਭਾਰ ਜਤਾਇਆ, ਜਿਨ੍ਹਾਂ ਨੇ ਮਾਇਕ ਸਹਾਇਤਾ ਦੇ ਕੇ ਇਸ ਕਾਰਜ ਨੂੰ ਸਫਲ ਬਣਾਇਆ।