ਸਰਕਾਰੀ ਸਹੂਲਤਾਂ ਮੁਹੱਈਆ ਕਰਵਾਉਣ ’ਚ ਕੁਤਾਹੀ ਬਰਦਾਸ਼ਤ ਨਹੀਂ : ਡਾ. ਥਿੰਦ
ਬੀਸੀ ਕਮਿਸ਼ਨ ਦੇ ਚੇਅਰਮੈਨ ਡਾ. ਮਲਕੀਤ ਥਿੰਦ ਵੱਲੋਂ ਅਧਿਕਾਰੀਆਂ ਨਾਲ ਮੀਟਿੰਗ
Publish Date: Fri, 08 May 2026 04:45 PM (IST)
Updated Date: Fri, 08 May 2026 04:47 PM (IST)

ਬਗੀਚਾ ਸਿੰਘ, ਪੰਜਾਬੀ ਜਾਗਰਣ ਮਮਦੋਟ : ਪੱਛੜੀਆਂ ਸ਼੍ਰੇਣੀਆਂ ਵਿੱਚ ਆਉਦੇ ਲੋਕਾਂ ਨੂੰ ਪੰਜਾਬ ਸਰਕਾਰ ਵੱਲੋਂ ਮਿਲ ਰਹੀਆਂ ਸਹੂਲਤਾਂ ਦੇਣ ਵਿੱਚ ਕੁਤਾਹੀ ਕਰਨ ਵਾਲੇ ਅਧਿਕਾਰੀਆਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤਾਂ ਜੋ ਲਾਭਪਾਤਰੀਆਂ ਨੂੰ ਉਨ੍ਹਾਂ ਦਾ ਬਣਦਾ ਹੱਕ ਮਿਲ ਸਕੇ। ਇਸ ਮੌਕੇ ਮੋੜਾ ਸਿੰਘ ਕੜਮਾ, ਮਲਕੀਤ ਸਿੰਘ ਸਰਪੰਚ ਸਦਰਦੀਨ, ਗੁਰਮਨ ਸਿੰਘ ਸਰਪੰਚ ਟਿੱਬੀ ਖੁਰਦ, ਬਲਕਾਰ ਸਿੰਘ ਸਰਪੰਚ ਜੋਧਪੁਰ, ਰਣਜੀਤ ਸਿੰਘ ਆੜਤੀ, ਬੀਡੀਪੀਓ ਵਿਪਨ ਕੁਮਾਰ, ਐੱਸਐੱਚਓ ਹਰਿੰਦਰ ਸਿੰਘ ਚਮੇਲੀ, ਨਿਰਵੈਰ ਸਿੰਘ ਸਿੰਧੀ ਸੀਨੀਅਰ ਆਪ ਆਗੂ, ਚੇਅਰਮੈਨ ਬਲਰਾਜ ਸਿੰਘ ਸੰਧੂ, ਜਸਵਿੰਦਰ ਸਿੰਘ ਬੀਪੀਓ ਮਮਦੋਟ, ਹਰਜਿੰਦਰ ਸਿੰਧੀ, ਅਮਨ ਕੰਬੋਜ਼ ਹਾਜਰ ਸਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਾ. ਮਲਕੀਤ ਥਿੰਦ ਚੇਅਰਮੈਨ ਬੀਸੀ ਕਮਿਸ਼ਨ ਪੰਜਾਬ ਨੇ ਮਮਦੋਟ ਬੀਡੀਪੀਓ ਦਫਤਰ ਵਿਖੇ ਰੱਖੀ ਗਈ ਮੀਟਿੰਗ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਸਬੰਥਤ ਅਧਿਕਾਰੀਆਂ ਨੂੰ ਸਖਤ ਸ਼ਬਦਾ ਵਿੱਚ ਕਿਹਾ ਕਿ ਪਬਲਿਕ ਦੇ ਕਿਸੇ ਕੰਮ ਵਿੱਚ ਕੁਤਾਹੀ ਮਨਜੂਰ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬੀਸੀ ਦਾ ਆਮਦਨ ਸਰਟੀਫਿਕੇਟ ਜਾਰੀ ਕਰਨ ਸਬੰਧੀ ਬਹੁਤ ਸਾਰੇ ਅਧਿਕਾਰੀਆਂ ਨੂੰ ਕਾਨੂੰਨ ਦੀ ਜਾਣਕਾਰੀ ਨਾਂ ਹੋਣ ਕਾਰਨ ਲਾਭਪਾਤਰੀਆਂ ਨੂੰ ਉਨ੍ਹਾਂ ਦੇ ਬਣਦੇ ਹੱਕਾਂ ਦਾ ਲਾਭ ਨਹੀਂ ਮਿਲਦਾ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਕਿਹਾ ਕਿ ਇਸ ਸਬੰਧੀ ਉਨ੍ਹਾਂ ਦੇ ਦਫਤਰ ਤੋਂ ਸਰਕੂਲਰ ਦੀ ਕਾਪੀ ਲੈ ਸਕਦੇ ਹਨ ਤਾਂ ਕਿ ਯੋਗ ਲਾਭਪਾਤਰੀਆਂ ਨੂੰ ਉਹਨਾਂ ਦਾ ਬਣਦਾ ਲਾਭ ਮਿਲ ਸਕੇ। ਦਫਤਰਾਂ ਵਿਚ ਕੰਮ ਨਾਂ ਕਰਨ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਮਿਲ ਰਹੀਆਂ ਸ਼ਿਕਾਇਤਾਂ ਸਬੰਧੀ ਉਨ੍ਹਾਂ ਕਿਹਾ ਕਿ ਕੁਤਾਹੀ ਕਰਨ ਵਾਲਿਆਂ ਨੂੰ ਨੋਟਿਸ ਕੱਢੇ ਗਏ ਹਨ ਅਤੇ ਕਾਰਵਾਈ ਕੀਤੀ ਜਾ ਰਹੀ ਹੈ।