ਸਰੀਰ ਰੋਗ ਮਾੜੀ ਜੀਵਨਸ਼ੈਲੀ ਦਾ ਨਤੀਜਾ : ਡਾ. ਕਰਨਬੀਰ ਸਿੰਘ
ਵਿਸ਼ਵ ਸਿਹਤ ਦਿਵਸ ਮੌਕੇ ਲਾਏ ਗਏ ਜਾਗਰੂਕਤਾ ਸੈਮੀਨਾਰ
Publish Date: Tue, 07 Apr 2026 03:28 PM (IST)
Updated Date: Tue, 07 Apr 2026 03:29 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ, ਜ਼ੀਰਾ : ਚੰਗੀ ਸਿਹਤ ਹੀ ਖੁਸ਼ਹਾਲ ਜੀਵਨ ਦਾ ਆਧਾਰ ਹੈ। ਲੋਕਾਂ ਨੂੰ ਆਪਣੀ ਤੇ ਆਪਣੇ ਪਰਿਵਾਰ ਦੀ ਸਿਹਤ ਨੂੰ ਚੰਗੇਰਾ ਬਨਾਉਣ ਲਈ ਉਤਸ਼ਾਹਿਤ ਕਰਨ ਲਈ ਡਾ. ਨਵੀਨ ਸੇਠੀ ਸੀਨੀਅਰ ਮੈਡੀਕਲ ਅਫਸਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਲਾਕ ਕੱਸੋਆਣਾ ਵਿਚ ਵਿਸ਼ਵ ਸਿਹਤ ਦਿਵਸ ਮੌਕੇ ’ਤੇ ਜਾਗਰੂਕਤਾ ਸੈਮੀਨਾਰ ਲਗਾਏ ਗਏ। ਇਸ ਦੌਰਾਨ ਆਏ ਹੋਏ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਡਾ. ਕਰਨਬੀਰ ਸਿੰਘ ਅਤੇ ਬਲਾਕ ਐਜੂਕੇਟਰ ਵਿਕਰਮਜੀਤ ਸਿੰਘ ਨੇ ਦੱਸਿਆ ਕਿ ਅੱਜ ਦੇ ਮਸ਼ੀਨੀ ਯੁੱਗ ਵਿੱਚ ਲੋਕਾਂ ਦੀ ਜੀਵਨਸ਼ੈਲੀ ਵਿਚ ਬਹੁਤ ਤਬਦੀਲੀ ਆ ਚੁੱਕੀ ਹੈ, ਹੁਣ ਲੋਕਾਂ ਕੋਲ ਸਹੂਲਤਾਂ ਹੋਣ ਕਾਰਨ ਹੱਥੀ ਕਿਰਤ ਕਰਨ ਦਾ ਰੁਝਾਨ ਬਹੁਤ ਘੱਟ ਗਿਆ ਹੈ, ਜਿਸ ਕਾਰਨ ਲੋਕਾਂ ਨੂੰ ਬਹੁਤ ਸਾਰੀਆਂ ਬੀਮਾਰੀਆਂ ਲੱਗਣ ਲੱਗ ਗਈਆਂ ਹਨ ਜੋ ਕਿ ਸਾਡੀ ਮਾੜੀ ਜੀਵਨਸ਼ੈਲੀ ਦਾ ਨਤੀਜਾ ਹੈ। ਉਨ੍ਹਾਂ ਦੱਸਿਆ ਕਿ ਸਾਡੀ ਮਾੜੀ ਜੀਵਨਸ਼ੈਲੀ ਕਰਕੇ ਬੀ.ਪੀ, ਸ਼ੁਗਰ, ਦਿਲ ਦੀਆਂ ਬਿਮਾਰੀਆਂ ਤੇ ਹੋਰ ਅਜਿਹੇ ਬਹੁਤ ਸਾਰੇ ਰੋਗ ਹਨ, ਜੋ ਲੋਕਾਂ ਨੂੰ ਹੋ ਰਹੇ ਹਨ। ਬਿਮਾਰੀਆਂ ਤੋਂ ਬਚਣ ਲਈ ਸਾਨੂੰ ਆਪਣੀ ਰੋਜਾਨਾ ਦੀ ਜ਼ਿੰਦਗੀ ਵਿਚ ਸਰੀਰਿਕ ਕਸਰਤ, ਯੋਗਾ ਕਰਨਾ ਚਾਹੀਦਾ ਹੈ ਅਤੇ ਨਸ਼ਿਆਂ ਨੂੰ ਤਿਆਗਣਾ ਚਾਹੀਦਾ ਹੈ। ਉਨ੍ਹਾਂ ਨੇ ਲ਼ੋਕਾਂ ਨੂੰ ਸਿਹਤ ਵਿਭਾਗ ਅਤੇ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਸਬੰਧੀ ਜਾਗਰੂਕ ਕੀਤਾ। ਉਨ੍ਹਾਂ ਕਿਹਾ ਕਿ ਸਮੇਂ-ਸਮੇਂ ਤੇ ਆਪਣੀ ਸਰੀਰਿਕ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਹੈ ਤਾਂ ਕਿ ਕੋਈ ਵੀ ਬੀਮਾਰੀ ਦਾ ਜਲਦ ਪਤਾ ਲਗਾਕੇ ਉਸਦਾ ਇਲਾਜ ਕਰਵਾਇਆ ਜਾ ਸਕੇ। ਇਸ ਦੌਰਾਨ ਉਨ੍ਹਾਂ ਨੇ ਗਰਭਵਤੀ ਔਰਤਾਂ ਅਤੇ ਛੋਟੇ ਬੱਚਿਆਂ ਦੇ ਟੀਕਾਕਰਨ ਅਤੇ ਉਨ੍ਹਾਂ ਦੀ ਖੁਰਾਕ ਤੇ ਖਾਣ-ਪੀਣ ਬਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ।ਇਸ ਦੋਰਾਨ ਆਸ਼ਾ ਵਰਕਰ ਤੇ ਸਿਹਤ ਵਰਕਰ ਹਾਜ਼ਰ ਸਨ।