ਸੀਐੱਚਸੀ ’ਚ ਗਲੂਕੋਮਾ ਬਾਰੇ ਕੀਤਾ ਜਾਗਰੂਕ
ਸੀਐੱਚਸੀ ਫਿਰੋਜ਼ਸ਼ਾਹ ਵਿਖੇ ਗਲੋਕੋਮਾ ਬਾਰੇ ਕੀਤਾ ਜਾਗਰੂਕ
Publish Date: Sat, 14 Mar 2026 04:53 PM (IST)
Updated Date: Sat, 14 Mar 2026 04:54 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਸਿਵਲ ਸਰਜਨ ਫਿਰੋਜ਼ਪੁਰ ਡਾ. ਰਾਜੀਵ ਪਰਾਸ਼ਰ ਦੇ ਹੁਕਮਾਂ ਤਹਿਤ ਸੀਐੱਚਸੀ ਫਿਰੋਜ਼ਸ਼ਾਹ ਵਿਖੇ ਗਲੂਕੋਮਾ ਜਾਗਰੂਕਤਾ ਹਫਤੇ ਤਹਿਤ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ. ਅਭੈਜੀਤ ਸਿੰਘ ਨੇ ਲੋਕਾਂ ਨੂੰ ਗਲੋਕੋਮਾ ਦੇ ਖ਼ਤਰਿਆਂ, ਲੱਛਣਾਂ ਅਤੇ ਨਿਯਮਿਤ ਅੱਖਾਂ ਦੀ ਜਾਂਚ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ। ਉਨ੍ਹਾਂ ਕਿਹਾ ਕਿ ਗਲੂਕੋਮਾ ਦੁਨੀਆ ਭਰ ਵਿਚ ਅੰਨ੍ਹੇਪਣ ਦੇ ਮੁੱਖ ਕਾਰਨਾਂ ਵਿਚੋਂ ਇਕ ਹੈ, ਪਰ ਲੱਖਾਂ ਲੋਕ ਇਸ ਤੋਂ ਅਣਜਾਣ ਹਨ ਕਿਉਂਕਿ ਇਸ ਦੇ ਸ਼ੁਰੂਆਤੀ ਲੱਛਣ ਸਪੱਸ਼ਟ ਨਹੀਂ ਹੁੰਦੇ। ਉਨ੍ਹਾਂ ਲੋਕਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਉਹ ਆਪਣੀ ਦ੍ਰਿਸ਼ਟੀ ਸਿਹਤ ਨੂੰ ਤਰਜੀਹ ਦੇਣ ਅਤੇ ਆਪਣੇ ਪਰਿਵਾਰ ਦੀ ਮੈਂਬਰਾਂ ਦੀ ਨਿਯਮਿਤ ਜਾਂਚ ਕਰਵਾਉਣ। ਇਸ ਮੌਕੇ ਹਰਦੀਪ ਸਿੰਘ ਸੰਧੂ ਬਲਾਕ ਐਕਸਟੈਂਸ਼ਨ ਐਜੂਕੇਟਰ ਨੇ ਕਿਹਾ ਕਿ ਅੱਖਾਂ ਵਿਚ ਅਸਧਾਰਨ ਦਰਦ ਜਾਂ ਦਬਾਅ, ਨਜ਼ਰ ਵਿਚ ਲਗਾਤਾਰ ਬਦਲਾਅ, ਅੱਖਾਂ ਦੇ ਆਲੇ-ਦੁਆਲੇ ਦਰਦ, ਅੱਖਾਂ ਵਿਚ ਲਾਲੀ ਜਾਂ ਦਰਦ, ਨਜ਼ਰ ਦਾ ਧੁੰਦਲਾ ਹੋਣਾ ਕਾਲੇ ਮੋਤੀਏ ਦੇ ਲੱਛਣ ਹਨ। ਉਨ੍ਹਾਂ ਕਿਹਾ ਕਿ 40 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਨੂੰ ਹਰ ਸਾਲ ਅੱਖਾਂ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਜਿਨ੍ਹਾਂ ਦੇ ਪਰਿਵਾਰ ਵਿਚ ਗਲੂਕੋਮਾ ਦਾ ਇਤਿਹਾਸ ਹੋਵੇ, ਉਨ੍ਹਾਂ ਨੂੰ 35 ਸਾਲ ਦੀ ਉਮਰ ਤੋਂ ਹੀ ਨਿਯਮਤ ਅੱਖਾਂ ਦੀ ਜਾਂਚ ਸ਼ੁਰੂ ਕਰ ਦੇਣੀ ਚਾਹੀਦੀ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਗਲੂਕੋਮਾ ਕਾਰਨ ਹੋਣ ਵਾਲਾ ਦ੍ਰਿਸ਼ਟੀ ਨੁਕਸਾਨ ਸਥਾਈ ਹੁੰਦਾ ਹੈ, ਪਰ ਨਿਯਮਤ ਜਾਂਚ ਰਾਹੀਂ ਇਸ ਨੂੰ ਰੋਕਿਆ ਜਾਂ ਕੰਟਰੋਲ ਕੀਤਾ ਜਾ ਸਕਦਾ ਹੈ।