ਚੌਕੀਦਾਰ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ
ਚੌਕੀਦਾਰ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ
Publish Date: Sun, 05 Apr 2026 04:03 PM (IST)
Updated Date: Sun, 05 Apr 2026 04:04 PM (IST)

ਬੰਪਲ ਭੱਠੇਜਾ. ਪੰਜਾਬੀ ਜਾਗਰਣ ਜਲਾਲਾਬਾਦ : ਜਲਾਲਾਬਾਦ ਦੇ ਡੀ.ਏ.ਵੀ. ਕਾਲਜ ਰੋਡ ’ਤੇ ਦੇਰ ਰਾਤ ਦੁਕਾਨ ਦੇ ਬਾਹਰ ਪਹਿਰੇਦਾਰੀ ਕਰ ਰਹੇ ਚੌਕੀਦਾਰ ’ਤੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ। ਚੌਕੀਦਾਰ ਨੇ ਜਿਵੇਂ-ਤਿਵੇਂ ਮੌਕੇ ਤੋਂ ਭੱਜ ਕੇ ਆਪਣੀ ਜਾਨ ਬਚਾਈ, ਪਰ ਤੇਜ਼ਧਾਰ ਹਥਿਆਰ ਲੱਗਣ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ ਅਤੇ ਇਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਘਟਨਾ ਤੋਂ ਬਾਅਦ ਇਕੱਠੇ ਹੋਏ ਦੁਕਾਨਦਾਰਾਂ ਨੇ ਸੁਰੱਖਿਆ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਹਨ ਅਤੇ ਪੁਲਿਸ ਪ੍ਰਸ਼ਾਸਨ ਤੋਂ ਸੁਰੱਖਿਆ ਦੀ ਮੰਗ ਕੀਤੀ ਹੈ। ਦੁਕਾਨ ਦੀ ਰਾਖੀ ਲਈ ਰੱਖਿਆ ਸੀ ਪਹਿਰੇਦਾਰ ਜਾਣਕਾਰੀ ਦਿੰਦੇ ਹੋਏ ਵਪਾਰੀ ਮਿੱਠੂ ਗੁੰਬਰ ਨੇ ਦੱਸਿਆ ਕਿ ਡੀ.ਏ.ਵੀ. ਕਾਲਜ ਰੋਡ ’ਤੇ ‘ਕਰਨ ਐਂਟਰਪ੍ਰਾਈਜ਼ਿਜ਼’ ਨਾਮ ਦੀ ਉਨ੍ਹਾਂ ਦੀ ਦੁਕਾਨ ਹੈ। ਰਾਤ ਵੇਲੇ ਦੁਕਾਨ ਦੇ ਬਾਹਰ ਪੱਪੂ ਨਾਮਕ ਪਹਿਰੇਦਾਰ ਡਿਊਟੀ ਕਰਦਾ ਹੈ। ਰਾਤ ਨੂੰ ਜਦੋਂ ਪੱਪੂ ਦੁਕਾਨ ਦੇ ਬਾਹਰ ਸੌ ਰਿਹਾ ਸੀ, ਤਾਂ ਕਰੀਬ ਤਿੰਨ ਵਜੇ ਕੁਝ ਨੌਜਵਾਨ ਆਏ ਅਤੇ ਉਸ ਨੂੰ ਜਗਾਉਣ ਲੱਗੇ। ਜਦੋਂ ਉਹ ਉੱਠਿਆ ਤਾਂ ਉਨ੍ਹਾਂ ਨੇ ਉਸ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਉਨ੍ਹਾਂ ਕਿਹਾ ਕਿ ਹਮਲਾਵਰ ਚੋਰੀ ਕਰਨ ਦੀ ਨੀਅਤ ਨਾਲ ਆਏ ਸਨ। ਇਲਾਕੇ ਵਿੱਚ ਚੋਰੀ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ, ਜਿਸ ਕਾਰਨ ਲੋਕ ਪਹਿਰੇਦਾਰ ਰੱਖਣ ਲਈ ਮਜਬੂਰ ਹਨ। ਹੁਣ ਪਹਿਰੇਦਾਰਾਂ ਤੇ ਹਮਲੇ ਕਰਕੇ ਡਰ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ ਤਾਂ ਜੋ ਦੁਕਾਨਾਂ ਦੇ ਬਾਹਰ ਕੋਈ ਪਹਿਰੇਦਾਰ ਨਾ ਲੱਗੇ ਅਤੇ ਅਪਰਾਧੀ ਅਸਾਨੀ ਨਾਲ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਸਕਣ। ਪੀੜਤ ਪੱਖ ਵੱਲੋਂ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ਼ ਅਤੇ ਸੁਰੱਖਿਆ ਦੀ ਮੰਗ ਕੀਤੀ ਜਾ ਰਹੀ ਹੈ। ਫਿਲਹਾਲ ਜ਼ਖ਼ਮੀ ਪਹਿਰੇਦਾਰ ਦਾ ਇਲਾਜ ਚੱਲ ਰਿਹਾ ਹੈ। ਦੂਜੇ ਪਾਸੇ ਸਿਟੀ ਥਾਣਾ ਦੇ ਐਸ.ਐਚ.ਓ. ਅੰਗਰੇਜ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲ ਗਈ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਜਲਦ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।