ਸੁਨਿਆਰੇ ਦੀ ਦੁਕਾਨ ’ਤੇ ਹਮਲਾ, ਦੁਕਾਨਦਾਰ ਜ਼ਖਮੀ
ਸੁਨਿਆਰੇ ਦੀ ਦੁਕਾਨ ’ਤੇ ਹਮਲਾ, ਦੁਕਾਨਦਾਰ ਜ਼ਖਮੀ
Publish Date: Thu, 07 May 2026 04:45 PM (IST)
Updated Date: Fri, 08 May 2026 04:06 AM (IST)

ਰਮਨ ਕੁਮਾਰ, ਪੰਜਾਬੀ ਜਾਗਰਣ,ਫਾਜ਼ਿਲਕਾ :ਫਾਜ਼ਿਲਕਾ ਦੀ ਘਾਸ ਮੰਡੀ ਵਿਚ ਇਕ ਸੁਨਿਆਰੇ ਦੀ ਦੁਕਾਨ ‘ਤੇ ਕੁਝ ਵਿਅਕਤੀਆਂ ਵੱਲੋਂ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਵਿਚ ਦੁਕਾਨਦਾਰ ਸ਼ਾਮ ਸੁੰਦਰ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਸੂਚਨਾ ਮਿਲਣ ’ਤੇ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਦੁਕਾਨਦਾਰ ਸ਼ਾਮ ਸੁੰਦਰ ਨੇ ਦੱਸਿਆ ਕਿ ਘਾਸ ਮੰਡੀ ਵਿੱਚ ਉਸਦੀ ‘ਰਾਮ ਐਂਡ ਸੰਨਜ਼’ ਨਾਮ ਨਾਲ ਦੁਕਾਨ ਹੈ। ਬੁੱਧਵਾਰ ਨੂੰ ਕੁਝ ਲੋਕ ਦੁਕਾਨ ’ਤੇ ਆਏ ਅਤੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਆਪਣੇ ਗਹਿਣੇ ਉਸ ਕੋਲ ਜਮ੍ਹਾਂ ਕਰਵਾਏ ਸਨ ਅਤੇ ਇਸ ਸਬੰਧੀ 20 ਹਜ਼ਾਰ ਰੁਪਏ ਵੀ ਅਦਾ ਕੀਤੇ ਸਨ। ਉਸਨੇ ਦੱਸਿਆ ਕਿ ਉਸ ਨੇ ਰਿਕਾਰਡ ਦੀ ਜਾਂਚ ਕਰਨ ਲਈ ਕਿਹਾ, ਪਰ ਜਾਂਚ ਦੌਰਾਨ ਅਜਿਹਾ ਕੋਈ ਵੇਰਵਾ ਸਾਹਮਣੇ ਨਹੀਂ ਆਇਆ। ਇਹ ਦੱਸਣ ‘ਤੇ ਉਕਤ ਵਿਅਕਤੀ ਗੁੱਸੇ ਵਿੱਚ ਆ ਗਏ ਅਤੇ ਦੁਕਾਨ ਵਿੱਚ ਦਾਖਲ ਹੋ ਕੇ ਉਸ ਨਾਲ ਕੁੱਟਮਾਰ ਕੀਤੀ ਤੇ ਭੰਨਤੋੜ ਕਰ ਦਿੱਤੀ। ਹੰਗਾਮਾ ਸੁਣ ਕੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ। ਘਟਨਾ ਦੀ ਜਾਣਕਾਰੀ ਮਿਲਣ ‘ਤੇ ਸੁਨਿਆਰੇ ਯੂਨੀਅਨ ਦੇ ਮੈਂਬਰ ਵੀ ਮੌਕੇ ’ਤੇ ਪਹੁੰਚੇ। ਐਸੋਸੀਏਸ਼ਨ ਦੇ ਪ੍ਰਧਾਨ ਰਜਿੰਦਰ ਵਰਮਾ ਨੇ ਦੱਸਿਆ ਕਿ ਜਦੋਂ ਉਹ ਮਾਮਲਾ ਸ਼ਾਂਤ ਕਰਵਾਉਣ ਲਈ ਪਹੁੰਚੇ ਤਾਂ ਮੁਲਜ਼ਮਾਂ ਨੇ ਉਨ੍ਹਾਂ ਨਾਲ ਵੀ ਹੱਥੋਪਾਈ ਕੀਤੀ। ਉਨ੍ਹਾਂ ਨੇ ਘਟਨਾ ਨੂੰ ਸ਼ਰੇਆਮ ਗੁੰਡਾਗਰਦੀ ਕਰਾਰ ਦਿੰਦਿਆਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਏਐੱਸਆਈ ਪੂਰਨ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਹਮਲਾਵਰ ਦੁਕਾਨਦਾਰ ਨਾਲ ਕੁੱਟਮਾਰ ਕਰਨ ਤੋਂ ਬਾਅਦ ਆਪਣੀ ਕਾਰ ਛੱਡ ਕੇ ਫਰਾਰ ਹੋ ਗਏ। ਪੁਲਿਸ ਨੇ ਕਾਰ ਕਬਜ਼ੇ ਵਿੱਚ ਲੈ ਲਈ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ। ਥਾਣਾ ਸਿਟੀ ਫਾਜ਼ਿਲਕਾ ਪੁਲਿਸ ਨੇ ਕੁੱਟਮਾਰ ਦੇ ਦੋਸ਼ ਹੇਠ ਤਿੰਨ ਤੋਂ ਚਾਰ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਮਨਜੀਤ ਸਿੰਘ ਨੇ ਦੱਸਿਆ ਕਿ ਰਜਿੰਦਰ ਮੋਹਨ ਪੁੱਤਰ ਲਟਕਣ ਰਾਮ ਦੀ ਸ਼ਿਕਾਇਤ ‘ਤੇ ਖਰੈਤ ਲਾਲ ਖਰਬਾਟ ਵਾਸੀ ਅਬੋਹਰ ਰੋਡ ਫਾਜ਼ਿਲਕਾ ਅਤੇ ਉਸਦੇ ਸਾਥੀਆਂ ਖ਼ਿਲਾਫ਼ ਪੁਰਾਣੀ ਰੰਜਿਸ਼ ਦੇ ਚਲਦੇ ਕੁੱਟਮਾਰ ਕਰਨ ਦੇ ਦੋਸ਼ ਤਹਿਤ ਪਰਚਾ ਦਰਜ ਕੀਤਾ ਗਿਆ ਹੈ।