ਜਲਾਲਾਬਾਦ ਵਿਖੇ ਚੌਕੀਦਾਰ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ
ਬੰਪਲ ਭੱਠੇਜਾ. ਪੰਜਾਬੀ
Publish Date: Sat, 04 Apr 2026 04:41 PM (IST)
Updated Date: Sat, 04 Apr 2026 04:43 PM (IST)
ਬੰਪਲ ਭੱਠੇਜਾ. ਪੰਜਾਬੀ ਜਾਗਰਣ
ਜਲਾਲਾਬਾਦ : ਜਲਾਲਾਬਾਦ ਦੇ ਡੀ.ਏ.ਵੀ. ਕਾਲਜ ਰੋਡ ’ਤੇ ਦੇਰ ਰਾਤ ਦੁਕਾਨ ਦੇ ਬਾਹਰ ਚੌਕੀਦਾਰ ’ਤੇ ਕੁਝ ਅਣਪਛਾਤੇ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲੇ ’ਚ ਚੌਕੀਦਾਰ ਨੇ ਗੰਭੀਰ ਜ਼ਖ਼ਮੀ ਹੋ ਗਿਆ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ ਅਤੇ ਇਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਾਣਕਾਰੀ ਦਿੰਦੇ ਹੋਏ ਵਪਾਰੀ ਮਿੱਠੂ ਗੁੰਬਰ ਨੇ ਦੱਸਿਆ ਕਿ ‘ਕਰਨ ਐਂਟਰਪ੍ਰਾਈਜ਼ਿਜ਼’ ਨਾਮ ਦੀ ਉਨ੍ਹਾਂ ਦੀ ਦੁਕਾਨ ਹੈ। ਰਾਤ ਵੇਲੇ ਦੁਕਾਨ ਦੇ ਬਾਹਰ ਪੱਪੂ ਨਾਮਕ ਪਹਿਰੇਦਾਰ ਡਿਊਟੀ ਕਰਦਾ ਹੈ। ਰਾਤ ਨੂੰ ਜਦੋਂ ਪੱਪੂ ਦੁਕਾਨ ਦੇ ਬਾਹਰ ਸੌਂ ਰਿਹਾ ਸੀ ਤਾਂ ਕਰੀਬ ਤਿੰਨ ਵਜੇ ਕੁਝ ਨੌਜਵਾਨ ਆਏ ਅਤੇ ਉਸ ਨੂੰ ਜਗਾਉਣ ਲੱਗੇ। ਜਦੋਂ ਉਹ ਉੱਠਿਆ ਤਾਂ ਉਨ੍ਹਾਂ ਨੇ ਉਸ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਉਨ੍ਹਾਂ ਕਿਹਾ ਕਿ ਹਮਲਾਵਰ ਚੋਰੀ ਕਰਨ ਦੀ ਨੀਅਤ ਨਾਲ ਆਏ ਸਨ। ਪੀੜਤ ਪੱਖ ਵੱਲੋਂ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ਼ ਅਤੇ ਸੁਰੱਖਿਆ ਦੀ ਮੰਗ ਕੀਤੀ ਜਾ ਰਹੀ ਹੈ। ਫਿਲਹਾਲ ਜ਼ਖ਼ਮੀ ਪਹਿਰੇਦਾਰ ਦਾ ਇਲਾਜ ਚੱਲ ਰਿਹਾ ਹੈ। ਦੂਜੇ ਪਾਸੇ ਸਿਟੀ ਥਾਣਾ ਦੇ ਐਸ.ਐਚ.ਓ. ਅੰਗਰੇਜ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲ ਗਈ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਜਲਦ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।