ਮੁੱਖ ਮੰਤਰੀ ਦਾ ਵਿਰੋਧ ਕਰਨ 'ਤੇ ਆਸ਼ਾ ਵਰਕਰਾਂ ਨੂੰ ਥਾਣੇ 'ਚ ਡੱਕਿਆ
ਮੁੱਖ ਮੰਤਰੀ ਦਾ ਵਿਰੋਧ ਕਰਨ 'ਤੇ ਆਸ਼ਾ ਵਰਕਰਾਂ ਨੂੰ ਥਾਣੇ 'ਚ ਡੱਕਿਆ
Publish Date: Mon, 23 Mar 2026 05:20 PM (IST)
Updated Date: Mon, 23 Mar 2026 05:22 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲਾਲਾਬਾਦ : ਮੁੱਖ ਮੰਤਰੀ ਦੀ ਆਮਦ ਮੌਕੇ ਪ੍ਰਦਰਸ਼ਨ ਕਰਨ ਵਾਲੀਆਂ 200 ਦੇ ਕਰੀਬ ਆਸ਼ਾ ਵਰਕਰਾਂ ਨੂੰ ਥਾਣਾ ਸਦਰ ਜਲਾਲਾਬਾਦ 'ਚ ਡੱਕਿਆ ਗਿਆ ਹੈ। ਥਾਣਾ ਸਦਰ ਜਲਾਲਾਬਾਦ ਵਿਖੇ ਨਜ਼ਰਵੰਦ ਕੀਤੀਆਂ ਗਈਆਂ ਆਸ਼ਾ ਵਰਕਰਾਂ ਨੇ ਆਪਣਾ ਸੰਘਰਸ਼ ਦਾ ਮੈਦਾਨ ਥਾਣਾ ਸਦਰ ਜਲਾਲਾਬਾਦ ਨੂੰ ਹੀ ਬਣਾ ਲਿਆ ਹੈ ਅਤੇ ਉਸ ਦੀ ਗੈਲਰੀ ਵਿੱਚ ਬੈਠ ਕੇ ਉਹ ਪਿਛਲੇ ਤਿੰਨ ਘੰਟਿਆਂ ਤੋਂ ਲਗਾਤਾਰ ਪ੍ਰਦਰਸ਼ਨ ਕਰਦੀਆਂ। ਆਲ ਇੰਡੀਆ ਆਸ਼ਾ ਵਰਕਰਜ਼ ਐਂਡ ਫੈਸੀਲੇਟਰਜ਼ ਯੂਨੀਅਨ ਦੀ ਜ਼ਿਲ੍ਹਾ ਫਾਜ਼ਿਲਕਾ ਦੇ ਪ੍ਰਧਾਨ ਦੁਰਗਾ ਦੇਵੀ ਅਤੇ ਸਕੱਤਰ ਨੀਲਮ ਰਾਣੀ ਨੇ ਦੱਸਿਆ ਕਿ ਉਹ ਪਿਛਲੇ ਕਈ ਦਿਨਾਂ ਤੋਂ ਜ਼ਿਲ੍ਹਾ ਪੱਧਰ ਤੇ ਪ੍ਰਦਰਸ਼ਨ ਕਰ ਰਹੀਆਂ ਹਨ। ਮੁੱਖ ਮੰਤਰੀ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਨੇ ਜਲਾਲਾਬਾਦ ਵਿਖੇ ਵਿਕਾਸ ਕਾਰਜਾਂ ਦਾ ਨੀਹ ਪੱਥਰ ਰੱਖਣ ਲਈ ਆਉਣਾ ਸੀ। ਇਸ ਦਰਮਿਆਨ ਹੀ ਉਨਾਂ ਦੀ ਯੂਨੀਅਨ ਵੱਲੋਂ ਮੁੱਖ ਮੰਤਰੀ ਨਾਲ ਮੀਟਿੰਗ ਕਰਨ ਦੀ ਮੰਗ ਕੀਤੀ ਗਈ ਸੀ। ਉਹਨਾਂ ਦੋਸ਼ ਲਾਉਂਦੇ ਆ ਕਿਹਾ ਕਿ ਉਹਨਾਂ ਦੀ ਮੰਗ ਤਾਂ ਕੀ ਰੱਖਣੀ ਸੀ ਉਲਟਾ ਉਹਨਾਂ ਦੀਆਂ 200 ਆਸ਼ਾ ਵਰਕਰਾਂ ਨੂੰ ਗ੍ਰਿਫਤਾਰ ਕਰਕੇ ਥਾਣਾ ਸਦਰ ਜਲਾਲਾਬਾਦ ਵਿਖੇ ਕਰੀਬ ਢਾਈ ਵਜੇ ਨਜ਼ਰਬੰਦ ਕਰ ਦਿੱਤਾ ਗਿਆ। ਇਸ ਦੀ ਭਿਣਕ ਪੈਂਦਿਆਂ ਹੀ ਆਸ਼ਾ ਵਰਕਰਾਂ ਦੀ ਅਮਾਇਤ ਤੇ ਕੁਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਸਾਥੀ ਸੁਰਿੰਦਰ ਢੰਡੀਆਂ, ਕੰਨਸਟਰਕਸ਼ਨ ਵਰਕਰਜ਼ ਐਂਡ ਲੇਬਰ ਯੂਨੀਅਨ ਏਟਕ ਸੂਬਾ ਡਿਪਟੀ ਜਨਰਲ ਸਕੱਤਰ ਐਡਵੋਕੇਟ ਪਰਮਜੀਤ ਢਾਬਾਂ, ਜ਼ਿਲ੍ਹਾ ਸਕੱਤਰ ਸੋਨਾ ਧੁੰਨਕੀਆਂ, ਆਲ ਇੰਡੀਆ ਆਂਗਨਵਾੜੀ ਵਰਕਰ/ ਹੈਲਪਰ ਯੂਨੀਅਨ ਏਟਕ ਦੀ ਸੂਬਾ ਪ੍ਰਧਾਨ ਸਰੋਜ ਰਾਣੀ ਛੱਪੜੀ ਵਾਲਾ, ਸਕੱਤਰ ਸੁਨੀਲ ਕੌਰ ਬੇਦੀ, ਪੰਜਾਬ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਅਸ਼ੋਕ ਕੰਬੋਜ, ਪੰਜਾਬ ਇਸਤਰੀ ਸਭਾ ਵੱਲੋਂ ਸੁਮਿਤਰਾ ਫਾਜ਼ਿਲਕਾ ਅਤੇ ਹਰਜੀਤ ਕੌਰ ਢੰਡੀਆਂ, ਗੁਰਦਿਆਲ ਢਾਬਾਂ, ਰਮਨ ਧਰਮੂ ਵਾਲਾ ਅਤੇ ਸਟਾਲਿਨ ਲਮੋਚੜ ਤੁਰੰਤ ਪਹੁੰਚ ਗਏ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੀ ਯੂਨੀਅਨ ਦੀ ਸੂਬਾ ਪ੍ਰਧਾਨ ਅਮਰਜੀਤ ਕੌਰ ਰਨ ਸਿੰਘ ਵਾਲਾ ਨੇ ਕਿਹਾ ਕਿ ਧਰਨਿਆਂ ਚੋਂ ਨਿਕਲੀ ਸਰਕਾਰ ਨੂੰ ਅੱਜ ਸਭ ਤੋਂ ਵੱਧ ਹੱਕ ਮੰਗਣ ਵਾਲੇ ਲੋਕਾਂ ਤੋਂ ਲੱਗ ਰਿਹਾ ਹੈ। ਰਾਤ 12 ਵਜੇ ਤੋਂ ਬਾਅਦ ਗ੍ਰਿਫ਼ਤਾਰ ਸਮੂਹ ਆਸ਼ਾ ਵਰਕਰਾਂ ਨੂੰ ਰਿਹਾਅ ਕਰ ਦਿੱਤਾ ਗਿਆ।