ਜ਼ਿਲ੍ਹਾ ਪੱਧਰ ‘ਤੇ ਆਸ਼ਾ ਵਰਕਰਾਂ ਤੇ ਫੈਸੀਲਿਟੇਟਰਾਂ ਨੂੰ ਕੀਤਾ ਸਨਮਾਨਿਤ
ਜ਼ਿਲ੍ਹਾ ਪੱਧਰ ‘ਤੇ ਆਸ਼ਾ ਵਰਕਰਾਂ ਅਤੇ ਫੈਸੀਲਿਟੇਟਰਾਂ ਨੂੰ ਕੀਤਾ ਗਿਆ ਸਨਮਾਨਿਤ
Publish Date: Mon, 27 Apr 2026 03:58 PM (IST)
Updated Date: Mon, 27 Apr 2026 04:01 PM (IST)

ਰਮਨ ਕੁਮਾਰ, ਪੰਜਾਬੀ ਜਾਗਰਣ ਫਾਜ਼ਿਲਕਾ : ਸਿਹਤ ਵਿਭਾਗ ਪੰਜਾਬ ਦੇ ਨਿਰਦੇਸ਼ਾਂ ਤੇ ਸਿਵਲ ਸਰਜਨ ਫਾਜ਼ਿਲਕਾ ਡਾ. ਕਵਿਤਾ ਸਿੰਘ ਦੀ ਪ੍ਰਧਾਨਗੀ ਹੇਠ ਸਿਵਲ ਸਰਜਨ ਦਫਤਰ ਵਿਖੇ ਆਸ਼ਾ ਦਿਵਸ ਮੌਕੇ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਦੌਰਾਨ ਜ਼ਿਲ੍ਹਾ ਅਤੇ ਬਲਾਕ ਪੱਧਰ ‘ਤੇ ਸ਼ਾਨਦਾਰ ਕਾਰਗੁਜ਼ਾਰੀ ਕਰਨ ਵਾਲੀਆਂ ਆਸ਼ਾ ਵਰਕਰਾਂ ਅਤੇ ਆਸ਼ਾ ਫੈਸੀਲਿਟੇਟਰਾਂ ਨੂੰ ਸਨਮਾਨਿਤ ਕੀਤਾ ਗਿਆ। ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਰਿੰਕੂ ਚਾਵਲਾ, ਮਾਸ ਮੀਡੀਆ ਵਿੰਗ ਤੋਂ ਮਨਬੀਰ ਸਿੰਘ ਤੇ ਦਿਵੇਸ਼ ਕੁਮਾਰ, ਡੀਐਮਈਓ ਪੂਜਾ, ਜ਼ਿਲ੍ਹਾ ਬੀਸੀਸੀ ਫੈਸੀਲਿਟੇਟਰ ਸੁਖਦੇਵ ਸਿੰਘ, ਸੰਦੀਪ ਕੁਮਾਰ ਨੇ ਹਾਜ਼ਰੀ ਭਰੀ। ਸਿਵਲ ਸਰਜਨ ਡਾ. ਕਵਿਤਾ ਸਿੰਘ ਨੇ ਕਿਹਾ ਕਿ ਸਿਹਤ ਸੇਵਾਵਾਂ ਵਿੱਚ ਆਸ਼ਾ ਵਰਕਰਾਂ ਅਤੇ ਫੈਸੀਲਿਟੇਟਰਾਂ ਦੀ ਭੂਮਿਕਾ ਬੇਹੱਦ ਮਹੱਤਵਪੂਰਨ ਹੈ। ਉਨ੍ਹਾਂ ਦੇ ਸਮਰਪਣ, ਮਿਹਨਤ ਅਤੇ ਲੋਕ ਸੇਵਾ ਦੇ ਜਜ਼ਬੇ ਨੂੰ ਮਾਨਤਾ ਦੇਣ ਲਈ ਆਸ਼ਾ ਦਿਵਸ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮਾਵਾਂ ਅਤੇ ਬੱਚਿਆਂ ਦੀ ਸਿਹਤ ਸੰਭਾਲ, ਟੀਕਾਕਰਨ, ਲੋਕਾਂ ਨੂੰ ਸਿਹਤ ਸੇਵਾਵਾਂ ਨਾਲ ਜੋੜਨਾ, ਬਿਮਾਰੀਆਂ ਤੋਂ ਬਚਾਅ ਲਈ ਜਾਗਰੂਕਤਾ ਫੈਲਾਉਣਾ ਅਤੇ ਹਰ ਘਰ ਤੱਕ ਸਰਕਾਰੀ ਸਿਹਤ ਸੇਵਾਵਾਂ ਪਹੁੰਚਾਉਣ ਵਿੱਚ ਆਸ਼ਾ ਕੈਡਰ ਅਹਿਮ ਯੋਗਦਾਨ ਪਾ ਰਿਹਾ ਹੈ। ਡਾ. ਕਵਿਤਾ ਸਿੰਘ ਨੇ ਦੱਸਿਆ ਕਿ ਵੱਖ-ਵੱਖ ਬਲਾਕਾਂ ਵੱਲੋਂ ਮੁੱਖ ਮੰਤਰੀ ਸਿਹਤ ਯੋਜਨਾ, ਐਚਪੀਵੀ ਟੀਕਾਕਰਨ ਅਤੇ ਹਾਈ ਰਿਸਕ ਕੇਸਾਂ ਦੇ ਫਾਲੋਅਪ ਸਬੰਧੀ ਵਧੀਆ ਕਾਰਗੁਜ਼ਾਰੀ ਕਰਨ ਵਾਲੀਆਂ ਆਸ਼ਾ ਵਰਕਰਾਂ ਦੀ ਚੋਣ ਕੀਤੀ ਗਈ, ਜਿਨ੍ਹਾਂ ਨੂੰ ਅੱਜ ਸਨਮਾਨਿਤ ਕੀਤਾ ਗਿਆ। ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਰਿੰਕੂ ਚਾਵਲਾ ਨੇ ਕਿਹਾ ਕਿ ਆਸ਼ਾ ਕੈਡਰ ਵੱਲੋਂ ਹੋਰ ਫੀਲਡ ਸਟਾਫ ਨਾਲ ਮਿਲ ਕੇ ਲੋਕਾਂ ਤੱਕ ਸਿਹਤ ਸੇਵਾਵਾਂ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਈਆਂ ਜਾ ਰਹੀਆਂ ਹਨ। ਘਰ-ਘਰ ਸਰਵੇ ਤੋਂ ਲੈ ਕੇ ਸਰਕਾਰੀ ਹਸਪਤਾਲਾਂ ਵਿੱਚ ਜਨਮ ਕਰਵਾਉਣ ਅਤੇ ਉਸ ਤੋਂ ਬਾਅਦ ਜੱਚਾ-ਬੱਚਾ ਦੀ ਸੰਭਾਲ ਵਿੱਚ ਆਸ਼ਾ ਵਰਕਰਾਂ ਦਾ ਅਹਿਮ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਆਸ਼ਾ ਵਰਕਰਾਂ ਦੀ ਲਗਨ ਅਤੇ ਸੇਵਾ ਭਾਵਨਾ ਨਾਲ ਪੰਜਾਬ ਵਿੱਚ ਮਾਵਾਂ ਅਤੇ ਬੱਚਿਆਂ ਦੀ ਮੌਤ ਦਰ ਵਿੱਚ ਕਾਫੀ ਕਮੀ ਆਈ ਹੈ, ਜੋ ਸਿਹਤ ਵਿਭਾਗ ਲਈ ਵੱਡੀ ਪ੍ਰਾਪਤੀ ਹੈ। ਸਮਾਗਮ ਦੇ ਅੰਤ ਵਿੱਚ ਵਧੀਆ ਕਾਰਗੁਜ਼ਾਰੀ ਕਰਨ ਵਾਲੀਆਂ ਆਸ਼ਾ ਵਰਕਰਾਂ ਅਤੇ ਫੈਸੀਲਿਟੇਟਰਾਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।