- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿੰਡ ਖੁੰਦਰ ਹਿਠਾੜ ’ਚ ਹਥਿਆਰਾਂ ਨਾਲ ਲੈਸ ਬਦਮਾਸ਼ਾਂ ਨੇ ਗਰੀਬ ਕਿਸਾਨ ਦੇ ਘਰ ਕੀਤੀ ਗੋਲੀਬਾਰੀ

ਪੰਜਾਬੀ ਜਾਗਰਣ ਮਮਦੋਟ/ਫਿਰੋਜ਼ਪੁਰ : ਮਮਦੋਟ ਦੇ ਪਿੰਡ ਖੁੰਦਰ ਹਿਠਾੜ ਵਿਖੇ ਗੁੰਡਾਗਰਦੀ ਦਾ ਇਕ ਬੇਹੱਦ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਫੋਰਚੂਨਰ ਗੱਡੀਆਂ ਵਿਚ ਆਏ ਹਥਿਆਰਬੰਦ ਬਦਮਾਸ਼ਾਂ ਨੇ ਇਕ ਗਰੀਬ ਕਿਸਾਨ ਦੇ ਘਰ ਵੜ ਕੇ ਗੋਲੀਆਂ ਚਲਾ ਦਿੱਤੀਆਂ। ਉਸ ਨੂੰ ਜਾਨੋਂ ਮਾਰਨ ਅਤੇ ਜ਼ਮੀਨ ’ਤੇ ਨਾਜਾਇਜ਼ ਕਬਜ਼ਾ ਕਰਨ ਦੀ ਧਮਕੀ ਦਿੱਤੀ। ਪਿੰਡ ਦੀ ਪੰਚਾਇਤ ਨੇ ਮੌਕੇ ’ਤੇ ਪਹੁੰਚ ਕੇ ਇਕ ਹਮਲਾਵਰ ਨੂੰ ਕਾਬੂ ਕਰ ਲਿਆ, ਜਦਕਿ ਉਸ ਦੇ ਸਾਥੀ ਫ਼ਰਾਰ ਹੋ ਗਏ। ਮੌਜ਼ੂਦਾ ਸਰਪੰਚ ਨੇ ਦੱਸਿਆ ਕਿ ਹਮਲੇ ਦਾ ਸ਼ਿਕਾਰ ਹੋਇਆ ਵਿਅਕਤੀ ਮਹਿਜ਼ ਇਕ ਕਿੱਲੇ ਦੀ ਮਾਲਕੀ ਵਾਲਾ ਗਰੀਬ ਕਿਸਾਨ ਹੈ। ਉਸ ਦੇ ਘਰ ਦੀ ਹਾਲਤ ਇੰਨੀ ਖ਼ਸਤਾ ਹੈ ਕਿ ਘਰ ਨੂੰ ਨਾ ਤਾਂ ਕੋਈ ਚੰਗਾ ਬੂਹਾ-ਬਾਰੀ ਲੱਗਾ ਹੈ ਅਤੇ ਨਾ ਹੀ ਅਜੇ ਤੱਕ ਉਹ ਬਾਥਰੂਮ ਬਣਵਾ ਸਕਿਆ ਹੈ। ਹਮਲਾਵਰ ਇਸ ਗਰੀਬ ਕਿਸਾਨ ਨੂੰ ਆਪਣੀ ਜ਼ਮੀਨ ਉਨ੍ਹਾਂ ਦੇ ਨਾਮ ਕਰਨ ਲਈ ਡਰਾ-ਧਮਕਾ ਰਹੇ ਸਨ ਅਤੇ ਨਾਜਾਇਜ਼ ਕਬਜ਼ਾ ਕਰਨ ਦੀ ਫਿਰਾਕ ਵਿਚ ਸਨ। ਜ਼ਮੀਨ ਦੀ ਨਿਸ਼ਾਨਦੇਹੀ ਪਹਿਲਾਂ ਹੀ ਕਾਨੂੰਨੀ ਤੌਰ ’ਤੇ ਬਿਲਕੁਲ ਸਹੀ ਹੋ ਚੁੱਕੀ ਸੀ, ਫਿਰ ਵੀ ਇਸ ਗਰੀਬ ਪਰਿਵਾਰ ਨੂੰ ਨਿਸ਼ਾਨਾ ਬਣਾਇਆ ਗਿਆ। ਮੌਜ਼ੂਦਾ ਸਰਪੰਚ ਨੇ ਦੱਸਿਆ ਕਿ ਰਾਤ ਨੂੰ ਵੀ ਉਕਤ ਬਦਮਾਸ਼ ਧਮਕੀਆਂ ਦਿੰਦੇ ਰਹੇ ਪਰ ਜਦੋਂ ਸਵੇਰੇ 10 ਵਜੇ ਦੇ ਕਰੀਬ ਇਹ ਬਦਮਾਸ਼ ਫੋਰਚੂਨਰ ਗੱਡੀਆਂ ਵਿਚ ਸਵਾਰ ਹੋ ਕੇ ਪੀੜ੍ਹਤ ਦੇ ਘਰ ਵੜੇ, ਤਾਂ ਪਰਿਵਾਰ ਦੀਆਂ ਔਰਤਾਂ ਨੇ ਤੁਰੰਤ ਸਰਪੰਚ ਨੂੰ ਫ਼ੋਨ ਕਰਕੇ ਗੁਹਾਰ ਲਗਾਈ। ਰੌਲਾ ਸੁਣ ਕੇ ਮੌਜ਼ੂਦਾ ਸਰਪੰਚ ਅਤੇ ਸਮੁੱਚੀ ਪੰਚਾਇਤ ਤੁਰੰਤ ਮੌਕੇ ’ਤੇ ਪਹੁੰਚ ਗਈ। ਪੰਚਾਇਤ ਨੂੰ ਆਉਂਦਿਆਂ ਵੇਖ ਦੋ ਹਮਲਾਵਰ ਆਪਣੇ ਹਥਿਆਰ ਛੱਡ ਕੇ ਮੌਕੇ ਤੋਂ ਫਰਾਰ ਹੋ ਗਏ, ਜਦਕਿ ਤੀਜੇ ਨੂੰ ਪਿੰਡ ਵਾਸੀਆਂ ਨੇ ਮੌਕੇ ’ਤੇ ਹੀ ਦਬੋਚ ਲਿਆ। ਸਰਪੰਚ ਨੇ ਦੱਸਿਆ ਕਿ ਹਮਲਾਵਰਾਂ ਕੋਲੋਂ ਇਕ ਪਿਸਤੌਲ ਵੀ ਬਰਾਮਦ ਹੋਈ ਹੈ। ਫੜਿਆ ਗਿਆ ਮੁਲਜ਼ਮ ਸ਼ਰੇਆਮ ਦਾਅਵਾ ਕਰ ਰਿਹਾ ਹੈ ਕਿ ਉਸ ਨੇ ਪਹਿਲਾਂ ਵੀ ਪੰਜ ਕਤਲ ਕੀਤੇ ਹਨ ਅਤੇ ‘ਦਿਉੜੇ’ ਨਾਮ ਦੇ ਵਿਅਕਤੀ ਨੂੰ ਵੀ ਉਨ੍ਹਾਂ ਨੇ ਹੀ ਮਾਰਿਆ ਹੈ। ਪੰਚਾਇਤ ਕੋਲ ਇਸ ਗੱਲ ਦੀ ਪੂਰੀ ਆਡੀਓ ਰਿਕਾਰਡਿੰਗ ਮੌਜ਼ੂਦ ਹੈ, ਜਿਸ ਵਿਚ ਉਹ ਕਹਿ ਰਹੇ ਹਨ ਕਿ ‘ਤਿੰਨ ਮਾਰ ਦਿੱਤੇ ਹਨ ਅਤੇ ਚੌਥਾ ਸਵੇਰੇ ਮਾਰ ਦੇਵਾਂਗੇ।’ ਇਸ ਘਟਨਾ ਤੋਂ ਬਾਅਦ ਪੰਚਾਇਤ ਨੇ ਐੱਸਐੱਸਪੀ ਫਿਰੋਜ਼ਪੁਰ, ਥਾਣਾ ਮਮਦੋਟ ਨੂੰ ਤੁਰੰਤ ਸੂਚਿਤ ਕਰ ਦਿੱਤਾ ਹੈ। ਜ਼ਖ਼ਮੀ ਵਿਅਕਤੀ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ ਹੈ। ਪੰਚਾਇਤ ਨੇ ਐੱਸਐੱਸਪੀ ਨੂੰ ਪੁਰਜ਼ੋਰ ਬੇਨਤੀ ਕੀਤੀ ਹੈ ਕਿ ਇਨ੍ਹਾਂ ਕਥਿਤ ਗੈਂਗਸਟਰਾਂ ਦਾ ਅਪਰਾਧਿਕ ਰਿਕਾਰਡ ਚੈੱਕ ਕੀਤਾ ਜਾਵੇ ਅਤੇ ਇਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।