ਵੇਰਕਾ ਫਿਰੋਜ਼ਪੁਰ ਡੇਅਰੀ ਦਾ ਸਾਲਾਨਾ ਆਮ ਇਜਲਾਸ ਸੰਪੰਨ
ਵੇਰਕਾ ਫਿਰੋਜ਼ਪੁਰ ਡੇਅਰੀ ਦਾ ਸਾਲਾਨਾ ਆਮ ਇਜਲਾਸ ਸੰਪੰਨ
Publish Date: Sun, 03 May 2026 04:25 PM (IST)
Updated Date: Mon, 04 May 2026 04:05 AM (IST)

-ਵੇਰਕਾ ਦੇ 9 ਕਰੋੜ ਘਾਟੇ ਨੂੰ ਟਿੱਬੀ ਨੇ 1.33 ਕਰੋੜ ਦੇ ਮੁਨਾਫ਼ੇ ’ਚ ਬਦਲਿਆ -ਚੇਅਰਮੈਨ ਗੁਰਭੇਜ ਸਿੰਘ ਟਿੱਬੀ ਦੇ ਯਤਨਾਂ ਸਦਕਾ ਵਿੱਤੀ ਘਾਟੇ ’ਚੋਂ ਨਿਕਲ ਕੇ ਮੁਨਾਫ਼ੇ ਵੱਲ ਵਧੀ ਮਿਲਕ ਯੂਨੀਅਨ ਅੰਗਰੇਜ਼ ਭੁੱਲਰ, ਪੰਜਾਬੀ ਜਾਗਰਣ, ਫਿਰੋਜ਼ਪੁਰ: ਫਿਰੋਜ਼ਪੁਰ ਜ਼ਿਲ੍ਹਾ ਸਹਿਕਾਰੀ ਦੁੱਧ ਉਤਪਾਦਕ ਯੂਨੀਅਨ ਲਿਮਿਟਿਡ (ਵੇਰਕਾ ਫਿਰੋਜ਼ਪੁਰ ਡੇਅਰੀ) ਦਾ ਸਾਲਾਨਾ ਆਮ ਇਜਲਾਸ ਬੀਤੇ ਦਿਨੀਂ ਫਿਰੋਜ਼ਪੁਰ ਕਲੱਬ ਵਿਖੇ ਪੂਰੇ ਉਤਸ਼ਾਹ ਨਾਲ ਆਯੋਜਿਤ ਕੀਤਾ ਗਿਆ। ਇਸ ਮੀਟਿੰਗ ਦੀ ਪ੍ਰਧਾਨਗੀ ਚੇਅਰਮੈਨ ਗੁਰਭੇਜ ਸਿੰਘ ਟਿੱਬੀ ਵੱਲੋਂ ਕੀਤੀ ਗਈ। ਇਸ ਮੌਕੇ ਸਹਿਕਾਰਤਾ ਵਿਭਾਗ ਦੇ ਉੱਚ ਅਧਿਕਾਰੀ, ਜਿਨ੍ਹਾਂ ਵਿਚ ਸੰਯੁਕਤ ਰਜਿਸਟਰਾਰ ਅਭੀਤੇਸ਼ ਸਿੰਘ ਸੰਧੂ, ਉਪ ਰਜਿਸਟਰਾਰ ਰਾਜਪਾਲ ਅਤੇ ਵੱਖ-ਵੱਖ ਮਿਲਕ ਯੂਨੀਅਨਾਂ ਦੇ ਜਨਰਲ ਮੈਨੇਜਰ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਜਲਾਸ ਦੌਰਾਨ ਜਨਰਲ ਮੈਨੇਜਰ ਸੁਗਿਆਨ ਪ੍ਰਸਾਦ ਸਿੰਘ ਨੇ ਸਾਲਾਨਾ ਰਿਪੋਰਟ ਪੇਸ਼ ਕਰਦਿਆਂ ਦੱਸਿਆ ਕਿ ਸਾਲ 2024-25 ਦੌਰਾਨ ਮਿਲਕ ਯੂਨੀਅਨ ਨੇ 1 ਕਰੋੜ 33 ਲੱਖ ਰੁਪਏ ਦਾ ਸ਼ਾਨਦਾਰ ਮੁਨਾਫ਼ਾ ਕਮਾਇਆ ਹੈ। ਉਨ੍ਹਾਂ ਦੱਸਿਆ ਕਿ ਸਾਰੇ ਪੇਸ਼ ਕੀਤੇ ਗਏ ਅਜੰਡੇ ਮੈਂਬਰਾਂ ਵੱਲੋਂ ਸਰਬਸੰਮਤੀ ਨਾਲ ਪਾਸ ਕਰ ਦਿੱਤੇ ਗਏ ਹਨ। ਚੇਅਰਮੈਨ ਗੁਰਭੇਜ ਸਿੰਘ ਟਿੱਬੀ ਨੇ ਕਿਹਾ ਕਿ ਉਹ ਖ਼ੁਦ ਇਕ ਕਿਸਾਨ ਹੋਣ ਦੇ ਨਾਤੇ ਦੁੱਧ ਉਤਪਾਦਕਾਂ ਦੀਆਂ ਤਕਲੀਫ਼ਾਂ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਉਨ੍ਹਾਂ ਕਿਹਾ ਸਾਡੇ ਲਈ ਇਹ ਮਾਣ ਵਾਲੀ ਗੱਲ ਹੈ ਕਿ 2023 ਵਿਚ ਫਿਰੋਜ਼ਪੁਰ ਵਿਖੇ ਮਿਲਕ ਪਲਾਂਟ ਸਥਾਪਿਤ ਹੋ ਗਿਆ ਹੈ, ਜਿਸ ਨਾਲ ਦੂਜੇ ਜ਼ਿਲ੍ਹਿਆਂ ’ਤੇ ਨਿਰਭਰਤਾ ਖ਼ਤਮ ਹੋਈ ਹੈ ਅਤੇ ਇਲਾਕੇ ਦੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਹੋਏ ਹਨ। ਉਨ੍ਹਾਂ ਅੱਗੇ ਦੱਸਿਆ ਕਿ ਕੇਂਦਰ ਸਰਕਾਰ ਅਤੇ ਐੱਨਡੀਡੀਬੀ ਦੀਆਂ ਸਕੀਮਾਂ ਤਹਿਤ ਡੇਅਰੀ ਨੂੰ 228.30 ਲੱਖ ਰੁਪਏ ਦੀ ਗ੍ਰਾਂਟ ਅਤੇ 246.21 ਲੱਖ ਰੁਪਏ ਦਾ ਸੂਦ ਰਹਿਤ ਕਰਜ਼ਾ ਮਿਲਿਆ ਹੈ, ਜਿਸ ਨਾਲ ਸੰਸਥਾ ਆਰਥਿਕ ਤੌਰ ’ਤੇ ਮਜ਼ਬੂਤ ਹੋਈ ਹੈ। ਡੇਅਰੀ ਨੂੰ ਆਧੁਨਿਕ ਲੀਹਾਂ ’ਤੇ ਪਾਉਣ ਲਈ ਪਲਾਂਟ ਵਿਚ ਐੱਫਟੀਆਈਆਰ ਟੈਕਨਾਲੋਜੀ ਵਾਲੀ ਦੁੱਧ ਚੈੱਕ ਕਰਨ ਵਾਲੀ ਮਸ਼ੀਨ ਲਗਾਈ ਗਈ ਹੈ, ਜੋ ਸਿਰਫ਼ ਇਕ ਮਿੰਟ ਵਿਚ ਦੁੱਧ ਦੀ ਸ਼ੁੱਧਤਾ ਦੀ ਜਾਂਚ ਕਰਦੀ ਹੈ। ਇਸ ਤੋਂ ਇਲਾਵਾ ਫਿਰੋਜ਼ਪੁਰ ਪਲਾਂਟ ਵਿਚ ਹੀ ਦਹੀਂ, ਲੱਸੀ ਅਤੇ ਵੱਡੇ ਪੈਕਿੰਗ ਯੂਨਿਟ ਸ਼ੁਰੂ ਕੀਤੇ ਗਏ ਹਨ, ਜਿਸ ਨਾਲ ਯੂਨੀਅਨ ਦੀ ਆਮਦਨ ਵਿਚ ਭਾਰੀ ਵਾਧਾ ਹੋਇਆ ਹੈ। ਟਿੱਬੀ ਨੇ ਦੱਸਿਆ ਕਿ ਉਨ੍ਹਾਂ ਨੂੰ ਵਿਰਾਸਤ ਵਿਚ 9 ਕਰੋੜ ਰੁਪਏ ਦਾ ਘਾਟਾ ਮਿਲਿਆ ਸੀ, ਪਰ ਪਿਛਲੇ ਤਿੰਨ ਸਾਲਾਂ ਦੀ ਲਗਾਤਾਰ ਮਿਹਨਤ ਸਦਕਾ ਸਾਰਾ ਪਿਛਲਾ ਘਾਟਾ ਪੂਰਾ ਕਰ ਲਿਆ ਗਿਆ ਹੈ। ਇਸ ਵਿੱਤੀ ਸਾਲ ਦੇ ਅੰਤ ਤੱਕ ਮਿਲਕ ਯੂਨੀਅਨ ਲਗਭਗ 50 ਲੱਖ ਰੁਪਏ ਦੇ ਸ਼ੁੱਧ ਮੁਨਾਫ਼ੇ ਵਿਚ ਹੋਵੇਗੀ। ਇਸ ਮੌਕੇ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੀਆਂ ਸਹਿਕਾਰੀ ਸਭਾਵਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਅੰਤ ਵਿਚ ਸਹਿਕਾਰਤਾ ਦੇ ਬੂਟੇ ਨੂੰ ਹੋਰ ਮਜ਼ਬੂਤ ਕਰਨ ਅਤੇ ਵਿਆਹ-ਸ਼ਾਦੀਆਂ ਵਿਚ ਕੇਵਲ ਵੇਰਕਾ ਉਤਪਾਦ ਵਰਤਣ ਦਾ ਸੱਦਾ ਦਿੱਤਾ ਗਿਆ। ਇਸ ਮੌਕੇ ਵੇਰਕਾ ਫਿਰੋਜ਼ਪੁਰ ਡੇਅਰੀ ਦੇ ਅਧਿਕਾਰੀ ਹਰਿੰਦਰ ਸਿੰਘ ਮੈਨੇਜਰ ਦੁੱਧ ਪ੍ਰਾਪਤੀ, ਚਸ਼ਨਦੀਪ ਸਿੰਘ ਸਿੱਧੂ ਮੈਨੇਜਰ ਮਾਰਕਿਟਿੰਗ, ਡਾ. ਪ੍ਰਿੰਸਜੋਤ ਸਿੰਘ ਸੰਧੂ, ਗੁਰਬੀਰ ਸਿੰਘ, ਗੁਰਤੇਜ ਸਿੰਘ, ਰਮਨ ਸ਼ਰਮਾ ਸਮੇਤ ਸਮੂਹ ਸਟਾਫ ਵੀ ਮੌਜ਼ੂਦ ਰਿਹਾ।