ਆਂਗਨਵਾੜੀ ਮੁਲਾਜ਼ਮਾਂ ਵੱਲੋਂ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਦੇ ਨਾਂ ਵਿਧਾਇਕ ਭੁੱਲਰ ਨੂੰ ਮੰਗ ਪੱਤਰ
ਆਂਗਨਵਾੜੀ ਮੁਲਾਜ਼ਮਾਂ ਵੱਲੋਂ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਦੇ ਨਾਂ ਵਿਧਾਇਕ ਭੁੱਲਰ ਨੂੰ ਮੰਗ ਪੱਤਰ
Publish Date: Fri, 22 May 2026 04:24 PM (IST)
Updated Date: Fri, 22 May 2026 04:25 PM (IST)

ਅੰਗਰੇਜ਼ ਭੁੱਲਰ, ਪੰਜਾਬੀ ਜਾਗਰਣ ਫਿਰੋਜ਼ਪੁਰ : ਆਲ ਪੰਜਾਬ ਆਂਗਨਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਹੱਕੀ ਮੰਗਾਂ ਦੇ ਹੱਲ ਲਈ ਫ਼ਿਰੋਜ਼ਪੁਰ ਸ਼ਹਿਰੀ ਹਲਕੇ ਦੇ ਵਿਧਾਇਕ ਰਣਬੀਰ ਸਿੰਘ ਭੁੱਲਰ ਰਾਹੀਂ ਮੁੱਖ ਮੰਤਰੀ ਪੰਜਾਬ ਦੇ ਨਾਂ ਇਕ ਵਿਸ਼ੇਸ਼ ਮੰਗ ਪੱਤਰ ਸੌਂਪਿਆ ਗਿਆ। ਮੰਗ ਪੱਤਰ ਸੌਂਪਣ ਸਮੇਂ ਯੂਨੀਅਨ ਪ੍ਰਧਾਨ ਸ਼ੀਲਾ ਰਾਣੀ ਨੇ ਸਰਕਾਰ ਪ੍ਰਤੀ ਰੋਸ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਚੋਣਾਂ ਵੇਲੇ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਦਾ ਮਾਣ-ਭੱਤਾ ਦੁਗਣਾ ਕਰਨ ਦਾ ਵਾਅਦਾ ਕੀਤਾ ਸੀ, ਪਰ ਸਰਕਾਰ ਦੇ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਵੀ ਇਸ ਵਿਚ ਕੋਈ ਵਾਧਾ ਨਹੀਂ ਕੀਤਾ ਗਿਆ, ਜਿਸ ਕਾਰਨ ਮੁਲਾਜ਼ਮਾਂ ਵਿਚ ਭਾਰੀ ਨਿਰਾਸ਼ਾ ਹੈ। ਯੂਨੀਅਨ ਨੇ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਬਿਨਾਂ ਸਹੂਲਤਾਂ ਦੇ ਲਏ ਜਾ ਰਹੇ ਕੰਮਾਂ ’ਤੇ ਸਖ਼ਤ ਇਤਰਾਜ਼ ਜਤਾਇਆ। ਉਨ੍ਹਾਂ ਕਿਹਾ ਕਿ ਵਰਕਰਾਂ ਕੋਲੋਂ ਬਿਨ੍ਹਾ ਸਮਾਰਟ ਫ਼ੋਨਾਂ ਦੇ ‘ਪੋਸ਼ਣ ਟਰੈਕਰ ਐਪ’ ਅਤੇ ‘ਮਾਵਾਂ ਧੀਆਂ ਸਤਿਕਾਰਯੋਗ ਯੋਜਨਾ’ ਤਹਿਤ ਜ਼ਬਰਦਸਤੀ ਨਿੱਜੀ ਫ਼ੋਨਾਂ ਤੋਂ ਕੰਮ ਲਿਆ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਮੁਲਾਜ਼ਮਾਂ ਨੂੰ ਤੁਰੰਤ ਸਰਕਾਰੀ ਸਮਾਰਟ ਫ਼ੋਨ ਦਿੱਤੇ ਜਾਣ ਅਤੇ ਸਲਾਨਾ ਮੋਬਾਇਲ ਭੱਤਾ, ਜੋ ਕਿ ਮਹਿਜ਼ 2000 ਰੁਪਏ ਹੈ, ਉਸ ਵਿਚ ਵੀ ਯੋਗ ਵਾਧਾ ਕੀਤਾ ਜਾਵੇ। ਇਸ ਤੋਂ ਇਲਾਵਾ ‘ਮਾਵਾਂ ਧੀਆਂ ਯੋਜਨਾ’ ਬਦਲੇ ਵਰਕਰ ਨੂੰ 200 ਰੁਪਏ ਅਤੇ ਹੈਲਪਰ ਨੂੰ 100 ਰੁਪਏ ਪ੍ਰਤੀ ਲਾਭਪਾਤਰੀ ਦਿੱਤੇ ਜਾਣ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀਆਂ ਮੁੱਖ ਮੰਗਾਂ ਚੋਣ ਵਾਅਦੇ ਮੁਤਾਬਿਕ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਦਾ ਮਾਣ-ਭੱਤਾ ਤੁਰੰਤ ਦੁਗਣਾ ਕੀਤਾ ਜਾਵੇ, ਐੱਨਜੀਓ ਅਧੀਨ ਚੱਲ ਰਹੇ ਤਿੰਨ ਬਲਾਕਾਂ ਬਠਿੰਡਾ, ਤਰਸਿੱਕਾ ਅਤੇ ਸਿੱਧਵਾਂ ਬੇਟ ਨੂੰ ਵਾਪਸ ਲੈਣ ਦਾ ਨੋਟੀਫਿਕੇਸ਼ਨ ਤੁਰੰਤ ਲਾਗੂ ਹੋਵੇ।3 ਤੋਂ 6 ਸਾਲ ਤੱਕ ਦੇ ਬੱਚੇ ਮੁੜ ਆਂਗਣਵਾੜੀ ਕੇਂਦਰਾਂ ਵਿੱਚ ਭੇਜੇ ਜਾਣ ਅਤੇ ਵਰਕਰਾਂ ਨੂੰ ਪ੍ਰੀ-ਨਰਸਰੀ ਟੀਚਰ ਦਾ ਪੂਰਨ ਦਰਜਾ ਦਿੱਤਾ ਜਾਵੇ। ਯੂਨੀਅਨ ਆਗੂਆਂ ਨੇ ਵਿਧਾਇਕ ਭੁੱਲਰ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਅਪੀਲ ਕੀਤੀ ਹੈ ਕਿ ਇਨ੍ਹਾਂ ਮੰਗਾਂ ਦੇ ਨਿਪਟਾਰੇ ਲਈ ਜਥੇਬੰਦੀ ਨੂੰ ਗੱਲਬਾਤ ਵਾਸਤੇ ਜਲਦ ਤੋਂ ਜਲਦ ਮੀਟਿੰਗ ਦਾ ਸਮਾਂ ਦਿੱਤਾ ਜਾਵੇ ਤਾਂ ਜੋ ਮਸਲਿਆਂ ਦਾ ਸਕਾਰਾਤਮਕ ਹੱਲ ਕੱਢਿਆ ਜਾ ਸਕੇ। ਇਸ ਮੌਕੇ ਮਨਜੀਤ ਕੌਰ ਬਲਾਕ ਪ੍ਰਧਾਨ, ਸਿਮਰਨ, ਹਰਭਜਨ ਕੌਰ, ਜਸਬੀਰ ਕੌਰ, ਰਾਣੋ, ਕੰਵਲਜੀਤ ਕੌਰ ਤੋਂ ਇਲਾਵਾ ਹੋਰ ਆਂਗਨਵਾੜੀ ਵਰਕਰਾਂ ਹਾਜ਼ਰ ਸਨ।