ਆਂਗਨਵਾੜੀ ਮੁਲਾਜ਼ਮਾਂ ਨੇ ਮੰਗਾਂ ਸਬੰਧੀ ਪ੍ਰਸ਼ਾਸਨ ਨੂੰ ਸੌਂਪਿਆ ਮੰਗ ਪੱਤਰ
ਆਂਗਨਵਾੜੀ ਮੁਲਾਜ਼ਮਾਂ ਵੱਲੋਂ ਮੰਗਾਂ ਸਬੰਧੀ ਪ੍ਰਸ਼ਾਸਨ ਨੂੰ ਮੰਗ ਪੱਤਰ
Publish Date: Sun, 22 Mar 2026 06:05 PM (IST)
Updated Date: Sun, 22 Mar 2026 06:07 PM (IST)

ਬਗੀਚਾ ਸਿੰਘ, ਪੰਜਾਬੀ ਜਾਗਰਣ ਮਮਦੋਟ : ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਵੱਲੋਂ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਅਤੇ ਮੁਸ਼ਕਲਾਂ ਦੇ ਹੱਲ ਲਈ ਪ੍ਰਸ਼ਾਸਨਿਕ ਅਧਿਕਾਰੀ ਨੂੰ ਇਕ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜਸਪਾਲ ਕੌਰ ਦੀ ਅਗਵਾਈ ਵਿਚ ਇਕੱਠੇ ਹੋਏ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਵਿਰੁੱਧ ਆਪਣਾ ਰੋਸ ਜ਼ਾਹਿਰ ਕਰਦਿਆਂ ਜਲਦ ਮੀਟਿੰਗ ਦਾ ਸਮਾਂ ਦੇਣ ਦੀ ਮੰਗ ਕੀਤੀ। ਯੂਨੀਅਨ ਆਗੂਆਂ ਜਸਪਾਲ ਕੌਰ, ਕਾਂਤਾ ਰਾਣੀ ਜਨਰਲ ਸਕੱਤਰ ਅਤੇ ਰਜਵੰਤ ਕੌਰ ਨੇ ਦੱਸਿਆ ਕਿ ਜਦੋਂ ਤੋਂ ਸੂਬੇ ਵਿਚ ਮੌਜ਼ੂਦਾ ਸਰਕਾਰ ਆਈ ਹੈ, ਕਈ ਵਾਰ ਉੱਚ ਪੱਧਰੀ ਮੀਟਿੰਗਾਂ ਹੋ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ 12 ਅਪ੍ਰੈਲ 2025 ਅਤੇ 13 ਨਵੰਬਰ 2025 ਨੂੰ ਹੋਈਆਂ ਬੈਠਕਾਂ ਤੋਂ ਇਲਾਵਾ ਮੁੱਖ ਮੰਤਰੀ ਨਾਲ ਵੀ ਵੀਡੀਓ ਕਾਨਫਰੰਸਿੰਗ ਰਾਹੀਂ ਗੱਲਬਾਤ ਹੋਈ ਸੀ, ਪਰ ਅਫ਼ਸੋਸ ਕਿ ਮਸਲਿਆਂ ਦਾ ਕੋਈ ਠੋਸ ਹੱਲ ਨਹੀਂ ਨਿਕਲਿਆ। ਇਸ ਕਾਰਨ ਪੰਜਾਬ ਦੀਆਂ 54 ਹਜ਼ਾਰ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਵਿਚ ਸਰਕਾਰ ਪ੍ਰਤੀ ਤਿੱਖਾ ਰੋਸ ਪਾਇਆ ਜਾ ਰਿਹਾ ਹੈ। ਯੂਨੀਅਨ ਨੇ ਮੰਗ ਪੱਤਰ ਰਾਹੀਂ ਆਪਣੀਆਂ ਮੰਗਾਂ ਜਿਵੇਂ ਕਿ ਗੁਜਰਾਤ ਹਾਈਕੋਰਟ ਦੇ ਫੈਸਲੇ ਅਨੁਸਾਰ ਵਰਕਰਾਂ ਨੂੰ ਗ੍ਰੇਡ-3 ਅਤੇ ਹੈਲਪਰਾਂ ਨੂੰ ਗ੍ਰੇਡ-4 ਦਾ ਦਰਜਾ ਦਿੱਤਾ ਜਾਵੇ। ਜਦੋਂ ਤੱਕ ਇਹ ਲਾਗੂ ਨਹੀਂ ਹੁੰਦਾ, ਉਦੋਂ ਤੱਕ ਚੋਣ ਮੈਨੀਫੈਸਟੋ ਅਨੁਸਾਰ ਮਾਨਭੱਤਾ ਦੁੱਗਣਾ ਕੀਤਾ ਜਾਵੇ। ਰਾਸ਼ਟਰੀ ਸਿੱਖਿਆ ਨੀਤੀ 2020 ਤਹਿਤ 3 ਤੋਂ 6 ਸਾਲ ਦੇ ਬੱਚੇ ਆਂਗਣਵਾੜੀ ਕੇਂਦਰਾਂ ਵਿਚ ਹੀ ਰੱਖੇ ਜਾਣ ਅਤੇ ਕਰਨਾਟਕ ਦੀ ਤਰਜ਼ ਤੇ ਨਰਸਰੀ/ਐੱਲਕੇਜੀ ਦੀ ਸਿੱਖਿਆ ਇੱਥੇ ਹੀ ਯਕੀਨੀ ਬਣਾਈ ਜਾਵੇ। ਹੈਲਪਰਾਂ ਦੀ ਪਦ-ਉਨਤੀ ਲਈ ਗ੍ਰੈਜੂਏਸ਼ਨ ਦੀ ਸ਼ਰਤ ਹਟਾ ਕੇ ਪੁਰਾਣੇ ਤਜਰਬੇ ਅਤੇ ਬੇਸਿਕ ਸਿੱਖਿਆ ਨੂੰ ਆਧਾਰ ਬਣਾਇਆ ਜਾਵੇ। ਨਵੀਂ ਭਰਤੀ ਵਿਚ ਇੰਟਰਵਿਊ ਦੇ 5 ਅੰਕਾਂ ਦੀ ਸ਼ਰਤ ਨੂੰ ਗੈਰ-ਸੰਵਿਧਾਨਕ ਦੱਸਦਿਆਂ ਇਸ ਨੂੰ ਖ਼ਤਮ ਕਰਕੇ ਸਿਰਫ਼ ਮੈਰਿਟ ਦੇ ਆਧਾਰ ’ਤੇ ਭਰਤੀ ਕਰਨ ਦੀ ਮੰਗ ਕੀਤੀ ਗਈ। 2011 ਤੋਂ ਬਾਅਦ ਖੁੱਲ੍ਹੇ ਕੇਂਦਰਾਂ ਵਿਚ ਗੈਸ ਸਿਲੰਡਰ ਅਤੇ ਬਰਤਨ ਮੁਹੱਈਆ ਕਰਵਾਏ ਜਾਣ। ਇਸ ਮੌਕੇ ਕਰਮਜੀਤ ਕੌਰ ਸੋਢੇਵਾਲਾ, ਕੰਚਨ ਗੁਲਾਮ ਹੁਸੈਨ, ਸਿਮਰਨਜੀਤ ਕੌਰ ਰੱਖੜੀ ਅਤੇ ਅਮਨਦੀਪ ਕੌਰ ਖਾਈ ਸਮੇਤ ਵੱਡੀ ਗਿਣਤੀ ਵਿਚ ਵਰਕਰ ਹਾਜ਼ਰ ਸਨ। ਯੂਨੀਅਨ ਨੇ ਚਿਤਾਵਨੀ ਦਿੱਤੀ ਕਿ ਜੇਕਰ ਜਲਦੀ ਮਸਲਿਆਂ ਦਾ ਹੱਲ ਨਾ ਹੋਇਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।