ਸਹੁਰਾ ਪਰਿਵਾਰ ਵੱਲੋਂ ਵਿਆਹੁਤਾ ਦੀ ਕੁੱਟਮਾਰ, ਗਰਭਪਾਤ ਕਰਵਾ੍ਹ ਦੇ ਦੋਸ਼
ਸਹੁਰਾ ਪਰਿਵਾਰ ਵੱਲੋਂ ਵਿਆਹੁਤਾ ਦੀ ਕੁੱਟਮਾਰ ਕਰਕੇ ਗਰਭਪਾਤ ਕਰਵਾਏ ਜਾਣ ਦੇ ਦੋਸ਼
Publish Date: Sun, 05 Apr 2026 05:11 PM (IST)
Updated Date: Sun, 05 Apr 2026 05:16 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਗੁਰਦਾਸ਼ਪੁਰ ਵਿਖੇ ਵਿਆਹੀ ਜ਼ੀਰਾ ਦੇ ਪਿੰਡ ਧੰਨਾ ਸ਼ਹੀਦ ਦੀ ਇਕ ਔਰਤ ਨੇ ਆਪਣੇ ਪਤੀ ਅਤੇ ਸਹੁਰਾ ਪਰਿਵਾਰ ’ਤੇ ਤੰਗ ਪ੍ਰੇਸ਼ਾਨ ਕਰਨ, ਕੁੱਟਮਾਰ ਕਰਕੇ ਦੋ ਵਾਰ ਉਸ ਦਾ ਗਰਭਪਾਤ ਕਰਵਾਏ ਜਾਣ ਦੇ ਗੰਭੀਰ ਦੋਸ਼ ਲਗਾਏ ਹਨ। ਇਸ ਸਬੰਧੀ ਸਥਾਨਕ ਸਿਵਲ ਹਸਪਤਾਲ ਵਿਖੇ ਜੇਰੇ ਇਲਾਜ਼ ਵਿਆਹੁਤਾ ਸੁਖਪ੍ਰੀਤ ਕੌਰ (25) ਪੁੱਤਰੀ ਬੂਟਾ ਸਿੰਘ ਵਾਸੀ ਪਿੰਡ ਧੰਨਾ ਸ਼ਹੀਦ (ਜ਼ੀਰਾ) ਨੇ ਦੱਸਿਆ ਕਿ ਉਸਦੇ ਪਿਤਾ ਜੋ ਕੋਆਪਰੇਟਿਵ ਸੁਸਾਇਟੀ ਵਿਚ ਨੌਕਰੀ ਕਰਦੇ ਸਨ ਨੇ 2023 ਵਿਚ ਉਸਦਾ ਵਿਆਹ ਪਿੰਡ ਕਲੇਰ ਖੁਰਦ ਜ਼ਿਲ੍ਹਾ ਗੁਰਦਾਸਪੁਰ ਵਿਖੇ ਗੁਰਲਾਲ ਸਿੰਘ ਪੁੱਤਰ ਸੁਖਦੇਵ ਰਾਜ ਜੋ ਕਿ ਪਿੰਡ ਵਿਚ ਹੀ ਸੈਲੂਨ ਦਾ ਕੰਮ ਕਰਦਾ ਸੀ ਨਾਲ 23 ਲੱਖ ਰੁਪਏ ਦੇ ਕਰੀਬ ਪੈਸਾ ਲਾ ਕੇ ਧੂਮਧਾਮ ਨਾਲ ਕੀਤਾ ਸੀ। ਸੁਖਪ੍ਰੀਤ ਕੌਰ ਨੇ ਦੱਸਿਆ ਕਿ ਵਿਆਹ ਤੋਂ ਤਿੰਨ ਮਹੀਨੇ ਬਾਅਦ ਹੀ ਉਸਦੇ ਸਹੁਰਾ ਪਰਿਵਾਰ ਨੇ ਉਸਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਸੀ। ਉਸ ਨੇ ਦੋਸ਼ ਲਗਾਇਆ ਕਿ ਵਿਆਹ ਦੇ ਚਾਰ ਮਹੀਨੇ ਬਾਅਦ ਜਦੋਂ ਉਹ ਗਰਭਵਤੀ ਹੋਈ ਤਾਂ ਉਸਦੇ ਪਤੀ, ਸੱਸ, ਸਹੁਰਾ, ਨਨਾਣ ਅਤੇ ਜੇਠ ਜੇਠਾਣੀ ਨੇ ਰਲ ਕੇ ਉਸ ਦੀ ਕੱਟਮਾਰ ਕੀਤੀ ਅਤੇ ਉਸਨੂੰ ਜਬਰਦਸਤੀ ਦਵਾਈ ਦੇ ਕੇ ਉਸਦਾ ਗਰਭਪਾਤ ਕਰਵਾ ਦਿੱਤਾ। ਉਸਨੇ ਦੋਸ਼ ਲਗਾਏ ਕਿ ਉਸਦੇ ਪਤੀ ਦੇ ਕੈਨੇਡਾ ਰਹਿੰਦੀ ਇਕ ਲੜਕੀ ਨਾਲ ਨਜਾਇਜ਼ ਸਬੰਧ ਹਨ, ਜਿਸ ਨਾਲ ਉਹ ਫੋਨ ਰਾਹੀਂ ਗੱਲਬਾਤ ਕਰਦਾ ਰਹਿੰਦਾ, ਜਿਸ ਦੀ ਵਟਸਐਪ ਚੈਟ ਦੇ ਉਸ ਕੋਲ ਸਾਰੇ ਸਬੂਤ ਵੀ ਹਨ । ਸੁਖਪ੍ਰੀਤ ਨੇ ਦੱਸਿਆ ਕਿ ਉਸਦਾ ਪਤੀ ਆਏ ਦਿਨ ਉਸ ਦੀ ਕੁੱਟਮਾਰ ਕਰਦਾ ਰਿਹਾ ਅਤੇ ਉਸ ਤੋਂ ਦਾਜ ਅਤੇ ਗੱਡੀ ਦੀ ਮੰਗ ਕਰਦਾ ਰਿਹਾ, ਸਹੁਰੇ ਘਰ ਵੱਸਣ ਲਈ ਉਸ ਨੇ ਆਪਣੇ ਪੇਕਿਆਂ ਤੋਂ 10 ਲੱਖ ਰੁਪਏ ਲਿਆ ਕੇ ਦਿੱਤੇ ਫਿਰ ਵੀ ਉਸਦਾ ਪਤੀ ਉਸ ਕੋਲੋਂ ਤਲਾਕ ਦੀ ਮੰਗ ਕਰਦਾ ਰਿਹਾ। ਸੁਖਪ੍ਰੀਤ ਨੇ ਗੰਭੀਰ ਦੋਸ਼ ਲਗਾਉਂਦਿਆਂ ਦੱਸਿਆ ਕਿ ਮਿਤੀ 2 ਅਪ੍ਰੈਲ ਨੂੰ ਉਸਦੇ ਸਹੁਰਾ ਪਰਿਵਾਰ ਨੇ ਉਸ ਉੱਤੇ ਜਾਨਲੇਵਾ ਹਮਲਾ ਕੀਤਾ, ਉਸ ਦੀਆਂ ਲੱਤਾਂ ’ਤੇ ਚਾਕੂਆਂ ਨਾਲ ਵਾਰ ਕੀਤੇ ਅਤੇ ਕੁੱਟ-ਕੁੱਟ ਕੇ ਉਸਦਾ ਦੁਬਾਰਾ ਗਰਭਪਾਤ ਕਰ ਦਿੱਤਾ। ਲੜਕੀ ਦੇ ਪਿਤਾ ਬੂਟਾ ਸਿੰਘ ਨੇ ਦੱਸਿਆ ਕਿ ਲੜਕੀ ’ਤੇ ਹਮਲਾ ਹੋਣ ਤੋਂ ਬਾਅਦ ਉਹ ਪਿੰਡ ਦੀ ਪੰਚਾਇਤ ਨੂੰ ਨਾਲ ਲੈ ਕੇ ਲੜਕੀ ਨੂੰ ਘਰ ਲੈ ਆਏ ਅਤੇ ਇਲਾਜ ਲਈ ਸਿਵਲ ਹਸਪਤਾਲ ਜ਼ੀਰਾ ਵਿਖੇ ਦਾਖਲ ਕਰਵਾਇਆ । ਇਸ ਸਬੰਧੀ ਉਨ੍ਹਾਂ ਥਾਣਾ ਸਦਰ ਜ਼ੀਰਾ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਹੈ। ਬੂਟਾ ਸਿੰਘ ਨੇ ਮੰਗ ਕੀਤੀ ਕਿ ਦੋਸ਼ੀਆਂ ’ਤੇ ਸਖਤ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾਂ ਦੀ ਲੜਕੀ ਨੂੰ ਇਨਸਾਫ ਦਵਾਇਆ ਜਾਵੇ। ਇਸ ਸਬੰਧ ਵਿਚ ਜਦੋਂ ਸੁਖਪ੍ਰੀਤ ਕੌਰ ਦੇ ਪਤੀ ਗੁਰਲਾਲ ਸਿੰਘ ਨਾਲ ਗੱਲ ਕੀਤੀ ਤਾਂ ਉਸ ਨੇ ਆਪਣੇ ਉੱਪਰ ਲਗਾਏ ਗਏ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ।