ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਕੀਤਾ ਰੋਸ ਮੁਜ਼ਾਹਰਾ
ਆਲ ਪੰਜਾਬ ਆਂਗਨਵਾੜੀ ਮੁਲਾਜ਼ਮ ਯੂਨੀਅਨ ਬਲਾਕ ਵੱਲੋਂ ਹਲਕਾ ਦਿਹਾਤੀ ਵਿਧਾਇਕ ਦੇ ਦਫਤਰ ਅੱਗੇ ਕੀਤਾ ਰੋਸ ਪ੍ਰਦਰਸ਼ਨ
Publish Date: Sun, 03 May 2026 06:51 PM (IST)
Updated Date: Mon, 04 May 2026 04:12 AM (IST)

ਵਿਧਾਇਕ ਨੂੰ ਆਪਣੀਆਂ ਮੰਗਾਂ ਸਬੰਧੀ ਸੌਂਪਿਆ ਮੰਗ-ਪੱਤਰ ਆਂਗਣਵਾੜੀ ਵਰਕਰਾਂ ਨੂੰ ਟੀਚਰ ਦਾ ਦਰਜਾ ਦਿੱਤਾ ਜਾਵੇ ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ : ਆਲ ਪੰਜਾਬ ਆਂਗਨਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਗਿਆ ਹੈ। ਇਸੇ ਕੜੀ ਤਹਿਤ ਅੱਜ ਹਲਕਾ ਫਿਰੋਜ਼ਪੁਰ ਦਿਹਾਤੀ ਦੇ ਵਿਧਾਇਕ ਦੇ ਦਫ਼ਤਰ ਸਾਹਮਣੇ ਵਿਸ਼ਾਲ ਰੋਸ ਮੁਜ਼ਾਹਰਾ ਕੀਤਾ ਗਿਆ। ਇਹ ਰੋਸ ਧਰਨਾ ਬਲਾਕ ਪ੍ਰਧਾਨ ਪ੍ਰਕਾਸ਼ ਕੌਰ ਅਤੇ ਜ਼ਿਲ੍ਹਾ ਪ੍ਰਧਾਨ ਸ਼ੀਲਾ ਰਾਣੀ ਦੀ ਯੋਗ ਅਗਵਾਈ ਹੇਠ ਦਿੱਤਾ ਗਿਆ, ਜਿਸ ’ਚ ਵੱਡੀ ਗਿਣਤੀ ਵਿਚ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਆਂਗਣਵਾੜੀ ਵਰਕਰਾਂ ਨੇ ਹਲਕਾ ਦਿਹਾਤੀ ਵਿਧਾਇਕ ਰਜ਼ਨੀਸ਼ ਦਹੀਆਂ ਨੂੰ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਵੀ ਦਿੱਤਾ। ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਆਗੂਆਂ ਨੇ ਕਿਹਾ ਕਿ ਮੌਜ਼ੂਦਾ ਸਰਕਾਰ ਨੇ ਚੋਣਾਂ ਵੇਲੇ ਆਂਗਨਵਾੜੀ ਮੁਲਾਜ਼ਮਾਂ ਨਾਲ ਵੱਡੇ ਵਾਅਦੇ ਕੀਤੇ ਸਨ, ਜੋ ਹਾਲੇ ਤੱਕ ਵਫ਼ਾ ਨਹੀਂ ਹੋਏ। ਉਨ੍ਹਾਂ ਆਖਿਆ ਕਿ ਉਨ੍ਹਾਂ ਦੀਆਂ ਮੁੱਖ ਮੰਗਾਂ ਜਿਵੇਂ ਕਿ ਵਰਕਰਾਂ ਅਤੇ ਹੈਲਪਰਾਂ ਦਾ ਮਾਣ-ਭੱਤਾ ਤੁਰੰਤ ਦੁੱਗਣਾ ਕੀਤਾ ਜਾਵੇ, ਆਂਗਨਵਾੜੀ ਵਰਕਰਾਂ ਨੂੰ ‘ਪ੍ਰੀ-ਨਰਸਰੀ ਟੀਚਰ’ ਦਾ ਦਰਜਾ ਦਿੱਤਾ ਜਾਵੇ ਅਤੇ ਪ੍ਰਾਇਮਰੀ ਸਕੂਲਾਂ ਵਿਚ ਭੇਜੇ ਗਏ ਛੋਟੇ ਬੱਚਿਆਂ ਨੂੰ ਮੁੜ ਆਂਗਣਵਾੜੀ ਕੇਂਦਰਾਂ ਵਿਚ ਲਿਆਂਦਾ ਜਾਵੇ, ਜਨਗਣਨਾ, ਆਰਥਿਕ ਸਰਵੇ ਅਤੇ ਡਰੱਗ ਸਰਵੇ ਵਰਗੇ ਗ਼ੈਰ-ਵਿਦਿਅਕ ਕੰਮ ਲੈਣੇ ਬੰਦ ਕੀਤੇ ਜਾਣ, ‘ਮਾਵਾਂ-ਧੀਆਂ ਸਤਿਕਾਰਯੋਗ ਯੋਜਨਾ’ ਤਹਿਤ ਕੰਮ ਕਰਨ ਬਦਲੇ ਵਰਕਰ ਨੂੰ 200 ਰੁਪਏ ਅਤੇ ਹੈਲਪਰ ਨੂੰ 100 ਰੁਪਏ ਪ੍ਰਤੀ ਦਿਨ ਦਿੱਤੇ ਜਾਣ, ਮੁਲਾਜ਼ਮਾਂ ਨੂੰ ਤੁਰੰਤ ਨਵੇਂ ਸਮਾਰਟ ਫ਼ੋਨ ਮੁਹੱਈਆ ਕਰਵਾਏ ਜਾਣ ਅਤੇ ਕੇਂਦਰਾਂ ਵਿਚ ਰਾਸ਼ਨ ਦੀ ਸਪਲਾਈ ਸਿਰਫ਼ ਸਰਕਾਰੀ ਅਦਾਰਿਆਂ ਰਾਹੀਂ ਯਕੀਨੀ ਬਣਾਈ ਜਾਵੇ। ਆਗੂਆਂ ਨੇ ਪੁਰਜ਼ੋਰ ਮੰਗ ਕੀਤੀ ਕਿ ਐੱਨਜੀਓ ਅਧੀਨ ਚੱਲ ਰਹੇ ਬਲਾਕਾਂ ਬਾਰੇ ਜਾਰੀ ਹੋ ਚੁੱਕੇ ਨੋਟੀਫਿਕੇਸ਼ਨਾਂ ਨੂੰ ਤੁਰੰਤ ਲਾਗੂ ਕੀਤਾ ਜਾਵੇ। ਉਨ੍ਹਾਂ ਰੋਸ ਪ੍ਰਗਟਾਇਆ ਕਿ ਸਰਕਾਰ ਉਨ੍ਹਾਂ ਦੀਆਂ ਮੰਗਾਂ ਵੱਲ ਅੱਖਾਂ ਮੀਟ ਕੇ ਬੈਠੀ ਹੈ। ਮੁਜ਼ਾਹਰਾਕਾਰੀਆਂ ਨੇ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਜੇਕਰ ਜਲਦੀ ਹੀ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਭੁਪਿੰਦਰ ਕੌਰ ਝੋਕ ਨੋਧ ਸਿੰਘ, ਮਨਜੀਤ ਕੌਰ ਪੀਰ ਕੇ ਖਾਨਗੜ੍ਹ, ਪਰਮਜੀਤ ਕੌਰ ਭੂਰੇ ਖੁਰਦ, ਪਵਨਦੀਪ ਕੌਰ, ਬਲਵਿੰਦਰ ਕੌਰ, ਪਰਮਜੀਤ ਕੌਰ ਜੱਲੋਕੇ, ਮਨਜੀਤ ਕੌਰ ਮਮਦੋਟ ਉਤਾੜ, ਨਵਨੀਤ ਕੌਰ ਮਮਦੋਟ ਉਤਾੜ, ਵੀਰਪਾਲ ਕੌਰ ਜੰਗ, ਗੁਰਪ੍ਰੀਤ ਕੌਰ ਜੰਗ, ਰਾਜ ਰਾਣੀ, ਰਸ਼ਪਿੰਦਰ ਕੌਰ, ਸੰਤੋਸ਼ ਰਾਣੀ, ਅੱਛਰਾ ਬਾਈ, ਪਰਮਜੀਤ ਕੌਰ, ਰਜਵੰਤ ਕੌਰ, ਪਰਮਜੀਤ ਕੌਰ ਸਰਕਲ ਪ੍ਰਧਾਨ, ਮੋਹਿੰਦਰ ਕੌਰ ਤੋਂ ਇਲਾਵਾ ਹੋਰ ਆਂਗਣਵਾੜੀ ਵਰਕਰਾਂ ਹਾਜ਼ਰ ਸਨ।