ਵਿਭਾਗੀ ਤਰੱਕੀ ਨੂੰ ਤਰਸੇ ਖੇਤੀਬਾੜੀ ਵਿਕਾਸ ਅਫ਼ਸਰ
ਵਿਭਾਗੀ ਤਰੱਕੀ ਨੂੰ ਤਰਸੇ ਖੇਤੀਬਾੜੀ ਵਿਕਾਸ ਅਫ਼ਸਰ
Publish Date: Fri, 15 May 2026 05:09 PM (IST)
Updated Date: Fri, 15 May 2026 05:12 PM (IST)

ਹੈਪੀ ਕਾਠਪਾਲ.ਪੰਜਾਬੀ ਜਾਗਰਣ ਜਲਾਲਾਬਾਦ : ਪੰਜਾਬ ਵਿੱਚ ਮੁਲਾਜ਼ਮ ਵਰਗ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਲੈ ਕੇ ਨਿਰਾਸ਼ਾ ਜ਼ਾਹਰ ਕਰ ਰਿਹਾ ਹੈ। ਖੇਤੀਬਾੜੀ ਵਿਭਾਗ ਵਿੱਚ ਵੀ ਅਜਿਹੇ ਹੀ ਹਾਲਾਤ ਬਣੇ ਹੋਏ ਹਨ। ਜਿੱਥੇ ਖੇਤੀਬਾੜੀ ਵਿਕਾਸ ਅਫ਼ਸਰ ਬਤੌਰ ਖੇਤੀਬਾੜੀ ਅਫ਼ਸਰ ਤਰੱਕੀ ਲਈ ਲੋੜੀਂਦੇ 6 ਸਾਲਾਂ ਦੀ ਥਾਂ 14 ਸਾਲ ਬੀਤ ਜਾਣ ਦੇ ਬਾਵਜੂਦ ਵਿਭਾਗੀ ਤਰੱਕੀ ਦੀ ਉਡੀਕ ਕਰ ਰਹੇ ਹਨ। ਖੇਤੀਬਾੜੀ ਅਤੇ ਬਾਗਬਾਨੀ ਵਿਕਾਸ ਅਫ਼ਸਰਾਂ ਦੀ ਸਾਂਝੀ ਐਸੋਸੀਏਸ਼ਨ ‘ਪਲਾਂਟ ਡਾਕਟਰਜ਼ ਸਰਵਿਸਜ਼ ਐਸੋਸੀਏਸ਼ਨ ਪੰਜਾਬ’ ਦੇ ਨੁਮਾਇੰਦਿਆਂ ਡਾ.ਹਰਮਨਦੀਪ ਸਿੰਘ ਘੁੰਮਣ,ਮਨਜਿੰਦਰ ਸਿੰਘ,ਸੁਖਚੈਨ ਸਿੰਘ,ਜਸਪਾਲ ਧੰਜੂ, ਵਿਕਰਾਂਤ ਅਤੇ ਸਤਵਿੰਦਰਬੀਰ ਸਿੰਘ ਨੇ ਦੱਸਿਆ ਕਿ ਵਿਭਾਗ ਵਿੱਚ ਖੇਤੀਬਾੜੀ ਅਫ਼ਸਰਾਂ ਦੀਆਂ 223 ਅਸਾਮੀਆਂ ਵਿੱਚੋਂ 95 ਅਸਾਮੀਆਂ ਖਾਲੀ ਪਈਆਂ ਹਨ। ਉਨ੍ਹਾਂ ਕਿਹਾ ਕਿ ਮਾਨਸਾ, ਬਰਨਾਲਾ ਤੇ ਪਠਾਨਕੋਟ ਜ਼ਿਲ੍ਹਿਆਂ ਵਿੱਚ ਖੇਤੀਬਾੜੀ ਅਫ਼ਸਰ ਦੀ ਇੱਕ ਵੀ ਅਸਾਮੀ ਭਰੀ ਨਹੀਂ ਹੋਈ, ਜਦਕਿ ਕਈ ਹੋਰ ਜ਼ਿਲ੍ਹਿਆਂ ਵਿੱਚ ਸਿਰਫ਼ ਇੱਕ-ਇੱਕ ਅਫ਼ਸਰ ਨਾਲ ਕੰਮ ਚਲਾਇਆ ਜਾ ਰਿਹਾ ਹੈ।ਐਸੋਸੀਏਸ਼ਨ ਦੇ ਆਗੂਆਂ ਨੇ ਦੋਸ਼ ਲਾਇਆ ਕਿ ਖੇਤੀਬਾੜੀ ਵਿਕਾਸ ਅਫ਼ਸਰਾਂ ਦੀ ਤਰੱਕੀ, ਪੇ ਪੈਰਿਟੀ ਅਤੇ ਖਾਲੀ ਅਸਾਮੀਆਂ ’ਤੇ ਭਰਤੀ ਸਬੰਧੀ ਸਰਕਾਰ ਵੱਲੋਂ ਲਗਾਤਾਰ ਟਾਲਮਟੋਲ ਕੀਤੀ ਜਾ ਰਹੀ ਹੈ, ਜਿਸ ਨਾਲ ਸਮੂਹ ਕੇਡਰ ਵਿੱਚ ਨਿਰਾਸ਼ਾ ਫੈਲ ਰਹੀ ਹੈ। ਉਨ੍ਹਾਂ ਐਲਾਨ ਕੀਤਾ ਕਿ ਐਸੋਸੀਏਸ਼ਨ ਵੱਲੋਂ 15 ਮਈ 2026 ਤੋਂ ਪੰਜਾਬ ਭਰ ਦੇ ਖੇਤੀਬਾੜੀ ਅਤੇ ਬਾਗਬਾਨੀ ਵਿਕਾਸ ਅਫ਼ਸਰ ਆਪਣੇ ਦਫ਼ਤਰਾਂ ਅਤੇ ਫੀਲਡ ਦਫ਼ਤਰਾਂ ਵਿੱਚ ਕਾਲੇ ਬਿੱਲੇ ਲਾ ਕੇ ਰੋਸ ਪ੍ਰਦਰਸ਼ਨ ਕਰਨਗੇ।ਨੁਮਾਇੰਦਿਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਅਤੇ ਮੰਗਾਂ ਮਨਵਾਉਣ ਤੱਕ ਲੜਾਈ ਜਾਰੀ ਰਹੇਗੀ।