ਚੋਣਾਂ ਤੋਂ ਬਾਅਦ ਮਿਲੇਗਾ ‘ਰੱਬ ਦੇ ਵਜ਼ੀਰਾਂ’ ਨੂੰ ਸਰਕਾਰੀ ਘਰ
ਚੋਣਾਂ ਤੋਂ ਬਾਅਦ ਕੁੱਤਿਆਂ ਨੂੰ ਮਿਲੇਗਾ ਸਰਕਾਰੀ ਘਰ
Publish Date: Tue, 19 May 2026 07:32 PM (IST)
Updated Date: Tue, 19 May 2026 07:33 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ : ਅਵਾਰਾ ਕੁੱਤਿਆਂ ਨੂੰ ਪੁਰਾਣੇ ਬਜ਼ੁਰਗ ਜਿਥੇ ‘ਰੱਬ ਦਾ ਵਜ਼ੀਰ’ ਆਖ ਕੇ ਬੁਲਾਇਆ ਕਰਦੇ ਸਨ ਤਾਂ ਅਧੁਨਿਕ ਲੋਕ ਅਵਾਰਾ ਕੁੱਤਿਆਂ ਨੂੰ ‘ਮੌਤ ਦੇ ਫਰਿਸ਼ਤੇ’ ਜਿਹੇ ਨਾਵਾਂ ਨਾਲ ਸੰਬੋਧਨ ਕਰਦੇ ਹਨ । ਅਵਾਰਾ ਕੁੱਤਿਆਂ ਦੇ ਹੱਕ ’ਚ ਅਤੇ ਵਿਰੋਧ ’ਚ ਉਠਦੀਆਂ ਅਵਾਜ਼ਾਂ ਨੇ ਜਿਥੇ ਉਨ੍ਹਾਂ ਦੇ ਮਸਲਾ ਦੇਸ਼ ਦੀ ਸਰਵ ਉੱਚ ਅਦਾਲਤ ਤੱਕ ਪਹੁੰਚਾਇਆ ਤਾਂ ਆਵਾਰਾ ਕੁੱਤਿਆਂ ਦੇ ਵਧਦੇ ਖ਼ਤਰੇ ਨੂੰ ਵੇਖਦਿਆਂ ਸੁਪ੍ਰੀਮ ਕੋਰਟ ਵੱਲੋਂ ਇਸ ਸਬੰਧੀ ਸਖਤ ਟਿੱਪਣੀਆ ਕੀਤੀਆਂ ਗਈਆਂ ਹਨ। ਅਦਾਲਤ ਦੀਆਂ ਟਿੱਪਣੀਆਂ ਤੋਂ ਬਾਅਦ ਨਗਰ ਕੌਂਸਲ ਫਿਰੋਜ਼ਪੁਰ ਹੁਣ ਹਰਕਤ ਵਿੱਚ ਆਇਆ ਦਿਖਾਈ ਦੇ ਰਿਹਾ ਹੈ। ਸ਼ਹਿਰ ਵਿੱਚ ਲੰਮੇ ਸਮੇਂ ਤੋਂ ਲਟਕ ਰਹੇ ਕੁੱਤਿਆਂ ਦੇ ਸ਼ੈਲਟਰ ਹੋਮ ਅਤੇ ਨਸਬੰਦੀ ਪ੍ਰੋਜੈਕਟ ਨੂੰ ਲੈ ਕੇ ਕੌਂਸਲ ਵੱਲੋਂ ਚੌਥੀ ਵਾਰ ਟੈਂਡਰ ਜਾਰੀ ਕੀਤਾ ਗਿਆ ਹੈ। ਅਧਿਕਾਰੀਆਂ ਦਾ ਦਾਅਵਾ ਹੈ ਕਿ ਲੋਕਲ ਬਾਡੀ ਚੋਣਾਂ ਤੋਂ ਬਾਅਦ ਇਸ ਪ੍ਰੋਜੈਕਟ ’ਤੇ ਜ਼ਮੀਨੀ ਕੰਮ ਸ਼ੁਰੂ ਹੋ ਸਕਦਾ ਹੈ। ਨਗਰ ਕੌਂਸਲ ਫਿਰੋਜ਼ਪੁਰ ਸ਼ਹਿਰ ਦੇ ਕਾਰਜ ਸਾਧਕ ਅਫਸਰ ਪੂਨਮ ਭਟਨਾਗਰ ਤੇ ਸੈਨੇਟਰੀ ਸੁਪਰਵਾਈਜ਼ਰ ਡਾਕਟਰ ਸੁਖਪਾਲ ਸਿੰਘ ਮੁਤਾਬਕ ਪਹਿਲੀਆਂ ਤਿੰਨ ਕੋਸ਼ਿਸ਼ਾਂ ਅਸਫਲ ਰਹੀਆਂ ਸਨ। ਦੋ ਵਾਰ ਤਾਂ ਕਿਸੇ ਵੀ ਏਜੰਸੀ ਜਾਂ ਫਰਮ ਨੇ ਟੈਂਡਰ ਭਰਨ ਵਿੱਚ ਦਿਲਚਸਪੀ ਨਹੀਂ ਦਿਖਾਈ, ਜਦਕਿ ਤੀਜੀ ਵਾਰ ਇਕ ਪਾਰਟੀ ਵੱਲੋਂ ਟੈਂਡਰ ਭਰਿਆ ਗਿਆ ਪਰ ਉਹ ਨਿਯਮਾਂ ਅਤੇ ਤਕਨੀਕੀ ਸ਼ਰਤਾਂ ਕਾਰਣ ਪੂਰਾ ਨਹੀਂ ਉਤਰਿਆ। ਇਸ ਕਾਰਨ ਟੈਂਡਰ ਰੱਦ ਕਰਨਾ ਪਿਆ। ਹੁਣ ਚੌਥੀ ਵਾਰ ਨਵੀਆਂ ਸ਼ਰਤਾਂ ਅਤੇ ਪ੍ਰਕਿਰਿਆ ਨਾਲ ਟੈਂਡਰ ਜਾਰੀ ਕੀਤਾ ਗਿਆ ਹੈ।ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹਿਰ ਦੇ ਢਹਿ-ਢੇਰੀ ਹੋ ਚੁੱਕੇ ਵੈਟਰਨਰੀ ਹਸਪਤਾਲ ਦੇ ਆਸ-ਪਾਸ ਇਹ ਅਪਰੇਸ਼ਨਲ ਸੈਟਅੱਪ ਤਿਆਰ ਕਰਨ ਦੀ ਯੋਜਨਾ ਹੈ। ਇੱਥੇ ਕੁੱਤਿਆਂ ਦੀ ਪਕੜ, ਇਲਾਜ, ਵੈਕਸੀਨੇਸ਼ਨ ਅਤੇ ਨਸਬੰਦੀ ਦੀ ਕਾਰਵਾਈ ਕੀਤੀ ਜਾਵੇਗੀ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਜੇ ਇਹ ਪ੍ਰੋਜੈਕਟ ਸਮੇਂ ਸਿਰ ਸ਼ੁਰੂ ਹੋ ਗਿਆ ਤਾਂ ਆਵਾਰਾ ਕੁੱਤਿਆਂ ਦੀ ਸਮੱਸਿਆ ਤੋਂ ਵੱਡੀ ਰਾਹਤ ਮਿਲ ਸਕਦੀ ਹੈ। ਨਗਰ ਕੌਂਸਲ ਜਗ੍ਹਾ ਮੁਹੱਈਆ ਕਰਵਾਏਗਾ, ਅਪਰੇਸ਼ਨਲ ਸੈੱਟਅਪ ਵੈਂਡਰ ਦਾ ਹੋਵੇਗਾ ਡਾ. ਸੁਖਪਾਲ ਸਿੰਘ ਅਨੁਸਾਰ ਟੈਂਡਰ ਦੀਆਂ ਸ਼ਰਤਾਂ ਅਨੁਸਾਰ ਨਗਰ ਕੌਂਸਲ ਵੱਲੋਂ ਜਗ੍ਹਾ ਮੁਹੱਈਆ ਕਰਵਾਈ ਜਾਵੇਗੀ, ਜਦਕਿ ਚੁਣਿਆ ਗਿਆ ਵੈਂਡਰ ਆਪਣਾ ਸੈਟਅੱਪ ਲਗਾ ਕੇ ਕੁੱਤਿਆਂ ਦੀ ਵੈਕਸੀਨੇਸ਼ਨ ਅਤੇ ਨਸਬੰਦੀ ਦਾ ਕੰਮ ਕਰੇਗਾ। ਇਸ ਦੇ ਨਾਲ ਹੀ ਆਵਾਰਾ ਕੁੱਤਿਆਂ ਲਈ ਅਸਥਾਈ ਸ਼ੈਲਟਰ ਹੋਮ ਦੀ ਵੀ ਵਿਵਸਥਾ ਕੀਤੀ ਜਾਵੇਗੀ। ਅਵਾਰਾ ਕੁੱਤਿਆਂ ਦੇ ਸ਼ੈਲਟਰ ਹੋਮ ਸਬੰਧੀ ਸਥਾਨਕ ਸਰਕਾਰਾਂ ਚੋਣਾਂ ਤੋਂ ਬਾਅਦ ਕਾਰਵਾਈ ਹੋਵੇਗੀ। ਉਨ੍ਹਾਂ ਦੱਸਿਆ ਅਜੇ ਸਿਰਫ ਲੁਧਿਆਣਾ ਵਿੱਚ ਹੀ ‘ਡੋਗ ਸੈਂਚੂਰੀ’ ਹੈ।