ਵਪਾਰੀ ਵਰਗ ਦੀਆਂ ਸਮੱਸਿਆਵਾਂ ਦੇ ਨਿਪਟਾਰੇ ਲਈ ਜ਼ਿਲ੍ਹਾ ਪ੍ਰਸ਼ਾਸਨ ਯਤਨੀਸ਼ੀਲ : ਡਾ. ਅਮਨਦੀਪ ਕੌਰ
ਏਡੀਸੀ ਨੇ ਪੋਰਟਲ ਉੱਪਰ ਵਪਾਰੀ ਵਰਗ ਵੱਲੋਂ ਮਿਲੀਆਂ ਸ਼ਿਕਾਇਤਾਂ ਨੂੰ ਬਿਨ੍ਹਾਂ ਕਿਸੇ ਦੇਰੀ ਹੱਲ ਕਰਨ ਦੇ ਦਿੱਤੇ ਨਿਰਦੇਸ਼
Publish Date: Mon, 27 Apr 2026 04:01 PM (IST)
Updated Date: Mon, 27 Apr 2026 04:04 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਪੰਜਾਬ ਸਰਕਾਰ ਵੱਲੋਂ ਵਪਾਰੀ ਵਰਗ ਦੀਆਂ ਸਮੱਸਿਆਵਾਂ ਦੇ ਨਿਪਟਾਰੇ ਲਈ ਜਾਰੀ ਯਤਨਾਂ ਦੇ ਤਹਿਤ ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾਂ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਅਮਨਦੀਪ ਕੌਰ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ, ਵਪਾਰ ਕਮਿਸ਼ਨ ਦੇ ਨੁਮਾਇੰਦਿਆਂ ਨਾਲ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਵਪਾਰੀ ਵਰਗ ਨਾਲ ਸਬੰਧਿਤ ਸ਼ਿਕਾਇਤਾਂ ਅਤੇ ਮੁਸ਼ਕਲਾਂ ਨੂੰ ਪਹਿਲ ਦੇ ਅਧਾਰ ਉੱਤੇ ਹੱਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਪਾਰੀਆਂ ਦੀਆਂ ਮੁਸ਼ਕਲਾਂ ਨੂੰ ਸਮਾਂਬੱਧ ਹੱਲ ਕਰਨ ਲਈ ਪੋਰਟਲ ਬਣਾਇਆ ਗਿਆ ਹੈ ਅਤੇ ਵਪਾਰੀ ਆਪਣੀਆਂ ਸ਼ਿਕਾਇਤਾਂ ਇਸ ਪੋਰਟਲ ਉੱਪਰ ਦਰਜ਼ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਪੋਰਟਲ ਉੱਪਰ ਜ਼ਿਲ੍ਹੇ ਨਾਲ ਸਬੰਧਤ ਪ੍ਰਾਪਤ ਹੋਈਆਂ ਸ਼ਿਕਾਇਤਾਂ ਵਿਚੋਂ ਜ਼ਿਆਦਾ ਨੂੰ ਹੱਲ ਕਰ ਦਿੱਤਾ ਗਿਆ ਹੈ ਜਦਕਿ ਬਕਾਇਆ ਤਿੰਨ ਸ਼ਿਕਾਇਤਾਂ ਦੇ ਛੇਤੀ ਤੋਂ ਛੇਤੀ ਹੱਲ ਲਈ ਸਬੰਧਤ ਵਿਭਾਗਾਂ ਨੂੰ ਨਿਰਦੇਸ਼ ਦਿੱਤੇ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਪੋਰਟਲ ਉੱਪਰ ਆਈ ਹਰ ਸ਼ਿਕਾਇਤ ਦਾ ਸਮਾਂਬੱਧ ਹੱਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਰਾਜ ਪੱਧਰ ’ਤੇ ਇਸ ਪੋਰਟਲ ਉੱਪਰ ਆਈਆਂ ਸ਼ਿਕਾਇਤਾਂ ਦਾ ਰੀਵਿਊ ਵੀ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਵਧੀਕ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਬਜ਼ਾਰਾਂ ਵਿਚ ਟਰੈਫਿਕ ਦੀ ਸਮੱਸਿਆ ਨੂੰ ਹੱਲ ਕਰਨ ਲਈ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਇਸ ਦੇ ਨਾਲ ਹੀ ਬਜ਼ਾਰਾਂ ਵਿੱਚ ਪਬਲਿਕ ਟਾਇਲਟ, ਸਫ਼ਾਈ ਵਿਵਸਥਾ, ਸੀਵਰੇਜ਼, ਬੱਸਾਂ ਦਾ ਸਟਾਪ ਆਦਿ ਵੱਲ ਵੀ ਧਿਆਨ ਦੇਣ ਦੇ ਨਾਲ-ਨਾਲ ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਵੀ ਯਕੀਨੀ ਬਣਾਇਆ ਜਾਵੇ। ਮੀਟਿੰਗ ਵਿਚ ਐੱਸਡੀਐੱਮ ਫ਼ਿਰੋਜ਼ਪੁਰ ਅਭਿਸ਼ੇਕ ਸ਼ਰਮਾ, ਡੀਐੱਸਪੀ ਰਵਿੰਦਰ ਪਾਲ ਸਿੰਘ, ਤਹਿਸੀਲਦਾਰ ਫ਼ਿਰੋਜ਼ਪੁਰ ਸੁਖਵੀਰ ਕੌਰ, ਪ੍ਰਭਜੋਤ ਸਿੰਘ ਸਟੇਟ ਟੈਕਸ ਅਫ਼ਸਰ, ਕੇਵਲ ਕ੍ਰਿਸ਼ਨ ਸ਼ਰਮਾ ਐੱਸਡੀਓ ਮੰਡੀ ਬੋਰਡ, ਜੀਐੱਮ ਰੋਡਵੇਜ਼ ਅਮਿਤ ਅਰੋੜਾ, ਸੁਖਪਾਲ ਸਿੰਘ ਸੁਪਰਡੈਂਟ, ਹਰਪ੍ਰੀਤ ਸਿੰਘ ਸੋਢੀ, ਰਾਜਵੀਰ ਸ਼ਰਮਾ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।