ਨਗਰ ਕੌਂਸਲ ਚੋਣਾਂ ਦੌਰਾਨ ਫਾਜ਼ਿਲਕਾ ਦੇ ਵਾਰਡਾਂ ਵਿੱਚ ਸਰਗਰਮੀਆਂ ਤੇਜ਼

ਕਾਮਰਾ/ਜਸੂਜਾ.ਪੰਜਾਬੀ ਜਾਗਰਣ
ਫਾਜ਼ਿਲਕਾ : ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਫਾਜ਼ਿਲਕਾ ਦੇ ਵੱਖ-ਵੱਖ ਵਾਰਡਾਂ ਵਿੱਚ ਚੋਣ ਪ੍ਰਚਾਰ ਪੂਰੀ ਤਰ੍ਹਾਂ ਭਖ ਚੁੱਕਾ ਹੈ। ਰਾਜਨੀਤਿਕ ਪਾਰਟੀਆਂ ਅਤੇ ਅਜ਼ਾਦ ਉਮੀਦਵਾਰਾਂ ਵੱਲੋਂ ਘਰ-ਘਰ ਜਾ ਕੇ ਲੋਕਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਅਤੇ ਆਪਣੇ ਹੱਕ ਵਿੱਚ ਸਮਰਥਨ ਮੰਗਿਆ ਜਾ ਰਿਹਾ ਹੈ। ਸ਼ਹਿਰ ਦੇ ਕਈ ਵਾਰਡਾਂ ਵਿੱਚ ਸਵੇਰ ਤੋਂ ਸ਼ਾਮ ਤੱਕ ਚੋਣੀ ਸਰਗਰਮੀਆਂ ਦੇਖਣ ਨੂੰ ਮਿਲ ਰਹੀਆਂ ਹਨ, ਜਿਸ ਕਾਰਨ ਚੋਣੀ ਮਾਹੌਲ ਕਾਫ਼ੀ ਗਰਮਾਇਆ ਹੋਇਆ ਹੈ।
ਖੁਸ਼ਬੂ ਸਾਵਨਸੁਖਾ ਸਵਾਨਾ ਨੇ ‘ਆਪ’ ਉਮੀਦਵਾਰਾਂ ਲਈ ਕੀਤਾ ਚੋਣ ਪ੍ਰਚਾਰ
ਖੇਤਰੀ ਵਿਧਾਇਕ ਨਰਿੰਦਰ ਸਵਨਾ ਦੀ ਪਤਨੀ ਖੁਸ਼ਬੂ ਸਾਵਨਸੁਖਾ ਸਵਨਾ ਨੇ ਵਾਰਡ ਨੰਬਰ 2 ਦੀ ‘ਆਪ’ ਉਮੀਦਵਾਰ ਰਾਜਵੰਤ ਕੌਰ ਅਤੇ ਵਾਰਡ ਨੰਬਰ 15 ਦੀ ਉਮੀਦਵਾਰ ਡਾ. ਨੀਸ਼ੂ ਡੋਗਰਾ ਲਈ ਘਰ-ਘਰ ਜਾ ਕੇ ਚੋਣ ਪ੍ਰਚਾਰ ਕੀਤਾ। ਉਨ੍ਹਾਂ ਲੋਕਾਂ ਨੂੰ ‘ਆਪ’ ਉਮੀਦਵਾਰਾਂ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਸ਼ਹਿਰ ਦੇ ਵਿਕਾਸ ਲਈ ਵਚਨਬੱਧ ਹੈ। ਖੁਸ਼ਬੂ ਸਾਵਨਸੁਖਾ ਨੇ ਕਿਹਾ ਕਿ ਵੱਧ ਤੋਂ ਵੱਧ ‘ਆਪ’ ਉਮੀਦਵਾਰਾਂ ਦੀ ਜਿੱਤ ਨਾਲ ਨਗਰ ਕੌਂਸਲ ਵਿੱਚ ਪਾਰਟੀ ਦਾ ਬੋਰਡ ਬਣੇਗਾ ਅਤੇ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਹੋਰ ਗਤੀ ਮਿਲੇਗੀ।
ਅਜ਼ਾਦ ਉਮੀਦਵਾਰ ਰਿੰਕੂ ਕੰਬੋਜ ਵੱਲੋਂ ਚੋਣ ਪ੍ਰਚਾਰ ਤੇਜ਼
ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਵਾਰਡ ਨੰਬਰ 23 ਚੱਕਰ ਵਾਲੇ ਝੁਗੇ ਵਿੱਚ ਅਜ਼ਾਦ ਉਮੀਦਵਾਰ ਰਿੰਕੂ ਕੰਬੋਜ ਵੱਲੋਂ ਡੋਰ-ਟੂ-ਡੋਰ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਗਿਆ ਹੈ। ਟੀਮ ਪੂਜਾ ਲੂਥਰਾ ਸਚਦੇਵਾ ਦੇ ਮੈਂਬਰਾਂ ਨੇ ਵੀ ਘਰ-ਘਰ ਜਾ ਕੇ ਲੋਕਾਂ ਨਾਲ ਸੰਪਰਕ ਕਰਦਿਆਂ ਰਿੰਕੂ ਕੰਬੋਜ ਦੇ ਹੱਕ ਵਿੱਚ ਸਮਰਥਨ ਮੰਗਿਆ। ਚੋਣ ਪ੍ਰਚਾਰ ਦੌਰਾਨ ਰਿੰਕੂ ਕੰਬੋਜ ਨੇ ਵਾਰਡ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਜੇਕਰ ਉਨ੍ਹਾਂ ਨੂੰ ਸੇਵਾ ਦਾ ਮੌਕਾ ਮਿਲਦਾ ਹੈ ਤਾਂ ਗਲੀਆਂ-ਨਾਲੀਆਂ ਦੀ ਸਫਾਈ, ਸਟਰੀਟ ਲਾਈਟਾਂ, ਪੀਣ ਵਾਲੇ ਪਾਣੀ ਅਤੇ ਨਿਕਾਸੀ ਪ੍ਰਬੰਧ ਵਰਗੀਆਂ ਮੁੱਢਲੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ’ਤੇ ਹੱਲ ਕੀਤਾ ਜਾਵੇਗਾ। ਟੀਮ ਦੀ ਅਗਵਾਈ ਕਰ ਰਹੀ ਪੂਜਾ ਲੂਥਰਾ ਨੇ ਕਿਹਾ ਕਿ ਲੋਕਾਂ ਵੱਲੋਂ ਚੋਣ ਪ੍ਰਚਾਰ ਦੌਰਾਨ ਵਧੀਆ ਹੁੰਗਾਰਾ ਮਿਲ ਰਿਹਾ ਹੈ ਅਤੇ ਵਾਰਡ ਦੇ ਲੋਕ ਵਿਕਾਸਮੁੱਖ ਤੇ ਇਮਾਨਦਾਰ ਨੁਮਾਇੰਦਗੀ ਚਾਹੁੰਦੇ ਹਨ।
ਵਾਰਡ ਨੰਬਰ 4 ’ਚ ਰੰਜਮ ਕਾਮਰਾ ਨੇ ਮੰਗੀ ਹਮਾਇਤ
ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਵਾਰਡ ਨੰਬਰ 4 ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਚੋਣ ਪ੍ਰਚਾਰ ਨੂੰ ਹੋਰ ਤੇਜ਼ ਕਰ ਦਿੱਤਾ ਗਿਆ ਹੈ। ਇਸ ਤਹਿਤ ਭਾਜਪਾ ਆਲ ਸੈਲ ਇੰਚਾਰਜ ਰੰਜਮ ਕਾਮਰਾ ਨੇ ਪਾਰਟੀ ਉਮੀਦਵਾਰ ਦੇ ਹੱਕ ਵਿੱਚ ਘਰ-ਘਰ ਜਾ ਕੇ ਲੋਕਾਂ ਨਾਲ ਸੰਪਰਕ ਕੀਤਾ ਅਤੇ ਸਮਰਥਨ ਦੀ ਅਪੀਲ ਕੀਤੀ। ਚੋਣ ਪ੍ਰਚਾਰ ਦੌਰਾਨ ਰੰਜਮ ਕਾਮਰਾ ਨੇ ਵਾਰਡ ਵਾਸੀਆਂ ਨਾਲ ਮੁਲਾਕਾਤ ਕਰਦਿਆਂ ਕਿਹਾ ਕਿ ਭਾਜਪਾ ਹਮੇਸ਼ਾ ਵਿਕਾਸ ਅਤੇ ਲੋਕ ਸੇਵਾ ਦੀ ਰਾਜਨੀਤੀ ਕਰਦੀ ਆਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪਾਰਟੀ ਉਮੀਦਵਾਰ ਦੀ ਜਿੱਤ ਨਾਲ ਵਾਰਡ ਦੇ ਵਿਕਾਸ ਕਾਰਜਾਂ ਨੂੰ ਨਵੀਂ ਰਫ਼ਤਾਰ ਮਿਲੇਗੀ ਅਤੇ ਲੋਕਾਂ ਦੀਆਂ ਮੁੱਢਲੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ’ਤੇ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਾਜਪਾ ਦੀ ਨੀਤੀ ਹਮੇਸ਼ਾ ਪਾਰਦਰਸ਼ੀ ਅਤੇ ਲੋਕਹਿਤੈਸ਼ੀ ਰਹੀ ਹੈ ਅਤੇ ਪਾਰਟੀ ਹਰ ਵਰਗ ਦੇ ਲੋਕਾਂ ਨੂੰ ਨਾਲ ਲੈ ਕੇ ਚੱਲਣ ਵਿੱਚ ਵਿਸ਼ਵਾਸ ਰੱਖਦੀ ਹੈ। ਇਸ ਦੌਰਾਨ ਉਨ੍ਹਾਂ ਨੇ ਲੋਕਾਂ ਨੂੰ ਭਾਜਪਾ ਉਮੀਦਵਾਰ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦੀ ਅਪੀਲ ਕੀਤੀ।