ਤਲਵੰਡੀ ਭਾਈ ਨਗਰ ਪੰਚਾਇਤ ਚੋਣਾਂ ’ਚ ‘ਆਪ’ ਰਹੀ ਵੱਡੀ ਪਾਰਟੀ
ਤਲਵੰਡੀ ਭਾਈ ਨਗਰ ਪੰਚਾਇਤ ਚੋਣਾਂ ’ਚ ‘ਆਪ’ ਜਿੱਤੀ
Publish Date: Fri, 29 May 2026 06:32 PM (IST)
Updated Date: Fri, 29 May 2026 06:34 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਤਲਵੰਡੀ ਭਾਈ/ਫਿਰੋਜ਼ਪੁਰ : ਤਲਵੰਡੀ ਭਾਈ ਨਗਰ ਪੰਚਾਇਤ ਦੀਆਂ ਚੋਣਾਂ ਦੇ ਨਤੀਜੇ ਪੂਰੀ ਤਰ੍ਹਾਂ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿੱਚ ਆਮ ਆਦਮੀ ਪਾਰਟੀ (ਆਪ) ਨੇ ਸਭ ਤੋਂ ਵੱਧ 5 ਸੀਟਾਂ ’ਤੇ ਜਿੱਤ ਦਰਜ ਕੀਤੀ ਹੈ। ਇਸ ਦੇ ਨਾਲ ਹੀ ਕਾਂਗਰਸ ਨੇ 3 ਸੀਟਾਂ , ਸ਼੍ਰੋਮਣੀ ਅਕਾਲੀ ਦਲ ਨੇ 2 ਸੀਟਾਂ , ਭਾਰਤੀ ਜਨਤਾ ਪਾਰਟੀ ਨੇ ਇਕ ਅਤੇ 2 ਆਜ਼ਾਦ ਉਮੀਦਵਾਰਾਂ ਨੇ ਵੀ ਵੱਖ-ਵੱਖ ਵਾਰਡਾਂ ਵਿੱਚ ਆਪਣਾ ਪਰਚਮ ਲਹਿਰਾਇਆ ਹੈ। ਇਨ੍ਹਾਂ ਚੋਣਾਂ ਦੇ ਐਲਾਨੇ ਗਏ ਅਧਿਕਾਰਤ ਨਤੀਜਿਆਂ ਅਨੁਸਾਰ, ਵਾਰਡ ਨੰਬਰ 1 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅੰਨੂ ਬਜਾਜ ਨੇ 529 ਵੋਟਾਂ ਦੇ ਵੱਡੇ ਫਰਕ ਨਾਲ ਸ਼ਾਨਦਾਰ ਜਿੱਤ ਹਾਸਲ ਕੀਤੀ। ਵਾਰਡ ਨੰਬਰ 2 ਵਿਚ ਕਾਂਗਰਸ ਪਾਰਟੀ ਦੇ ਜਗਨਾਮਇੰਦਰ ਸਿੰਘ ਘੁੰਮਣ 24 ਵੋਟਾਂ ਦੇ ਫਰਕ ਨਾਲ ਜੇਤੂ ਰਹੇ। ਵਾਰਡ ਨੰਬਰ 3 ਤੋਂ ‘ਆਪ’ ਦੀ ਪਰਮਜੀਤ ਕੌਰ ਵੜਿੰਗ ਨੇ ਸਭ ਤੋਂ ਵੱਡੀ ਜਿੱਤ ਦਰਜ ਕਰਦਿਆਂ 146 ਵੋਟਾਂ ਨਾਲ ਵਿਰੋਧੀਆਂ ਨੂੰ ਪਛਾੜਿਆ। ਵਾਰਡ ਨੰਬਰ 4 ਵਿਚ ਵੀ ਆਮ ਆਦਮੀ ਪਾਰਟੀ ਦਾ ਦਬਦਬਾ ਰਿਹਾ, ਜਿੱਥੋਂ ਕਰਨਜੋਤ ਸਿੰਘ ਗਿੱਲ ਨੇ 102 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ। ਵਾਰਡ ਨੰਬਰ 5 ਵਿੱਚ ਸਖ਼ਤ ਮੁਕਾਬਲੇ ਦੌਰਾਨ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਪੂਨਮ ਕਾਇਤ ਨੇ 10 ਵੋਟਾਂ ਦੇ ਮਾਮੂਲੀ ਫਰਕ ਨਾਲ ਜਿੱਤ ਹਾਸਲ ਕੀਤੀ। ਵਾਰਡ ਨੰਬਰ 6 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਰੁਪਿੰਦਰ ਸਿੰਘ ਮੋਨੂੰ ਜੇਤੂ ਰਹੇ, ਜਦਕਿ ਵਾਰਡ ਨੰਬਰ 7 ਤੋਂ ਕਾਂਗਰਸ ਪਾਰਟੀ ਦੀ ਮਧੂ ਵੱਤਾ ਨੇ ਸਫ਼ਲਤਾ ਪ੍ਰਾਪਤ ਕੀਤੀ। ਵਾਰਡ ਨੰਬਰ 8 ਤੋਂ ਕਾਂਗਰਸ ਦੇ ਹਰਦੀਪ ਸਿੰਘ ਹੈਪੀ ਨੇ ਸ਼ਾਨਦਾਰ ਜਿੱਤ ਦਰਜ ਕਰਕੇ ਪਾਰਟੀ ਦਾ ਖਾਤਾ ਮਜ਼ਬੂਤ ਕੀਤਾ। ਵਾਰਡ ਨੰਬਰ 9 ਤੋਂ ਆਜ਼ਾਦ ਉਮੀਦਵਾਰ ਕੁਲਵਿੰਦਰ ਕੌਰ ਨੇ ਸਿਆਸੀ ਪਾਰਟੀਆਂ ਨੂੰ ਟੱਕਰ ਦਿੰਦਿਆਂ ਜਿੱਤ ਹਾਸਲ ਕੀਤੀ। ਵਾਰਡ ਨੰਬਰ 10 ਤੋਂ ‘ਆਪ’ ਦੇ ਜਗਦੀਪ ਸਿੰਘ ਬਰਾੜ ਜੇਤੂ ਰਹੇ। ਵਾਰਡ ਨੰਬਰ 11 ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਬਜੀਤ ਕੌਰ ਨੇ ਜਿੱਤ ਪ੍ਰਾਪਤ ਕੀਤੀ। ਵਾਰਡ ਨੰਬਰ 12 ਤੋਂ ਇੱਕ ਵਾਰ ਫਿਰ ‘ਆਪ’ ਦੀ ਰੀਚਾ ਅਰੋੜਾ ਨੇ ਬਾਜ਼ੀ ਮਾਰੀ ਤੇ ਵਾਰਡ ਨੰਬਰ 13 ਤੋਂ ਆਜ਼ਾਦ ਉਮੀਦਵਾਰ ਪੂਨਮ ਰਾਣੀ ਕਾਇਤ ਨੇ ਜਿੱਤ ਦਰਜ ਕਰਕੇ ਕੌਂਸਲ ਵਿਚ ਆਪਣੀ ਜਗ੍ਹਾ ਪੱਕੀ ਕੀਤੀ। ਇਨ੍ਹਾਂ ਚੋਣ ਨਤੀਜਿਆਂ ਤੋਂ ਬਾਅਦ ਜੇਤੂ ਉਮੀਦਵਾਰਾਂ ਦੇ ਸਮਰਥਕਾਂ ਵਿਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ।