‘ਆਪ’ ਤੇ ਕਾਂਗਰਸ ਨੇ ਭ੍ਰਿਸ਼ਟਾਚਾਰ ਫੈਲਾਇਆ: ਸ਼ਵੇਤ ਮਲਿਕ
‘ਆਪ’ ਤੇ ਕਾਂਗਰਸ ਨੇ ਪੰਜਾਬ ਵਿੱਚ ਭ੍ਰਿਸ਼ਟਾਚਾਰ ਦਾ ਪ੍ਰਦੂਸ਼ਣ ਫੈਲਾਇਆ: ਸ਼ਵੇਤ ਮਲਿਕ
Publish Date: Wed, 20 May 2026 05:56 PM (IST)
Updated Date: Wed, 20 May 2026 05:58 PM (IST)
ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਸਾਬਕਾ ਰਾਜ ਸਭਾ ਮੈਂਬਰ ਅਤੇ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਸ਼ਵੇਤ ਮਲਿਕ ਨੇ ਫ਼ਿਰੋਜ਼ਪੁਰ ਵਿਖੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਅਤੇ ਕਾਂਗਰਸ ’ਤੇ ਤਿੱਖੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਪਹਿਲਾਂ ਕਾਂਗਰਸ ਅਤੇ ਹੁਣ ‘ਆਪ’ ਸਰਕਾਰ ਦੇ ਕੁਸ਼ਾਸਨ ਤੇ ਭ੍ਰਿਸ਼ਟਾਚਾਰ ਨੇ ਪੰਜਾਬ ਦੇ ਭਵਿੱਖ ਨੂੰ ਦੀਮਕ ਵਾਂਗ ਚੱਟ ਲਿਆ ਹੈ, ਜਿਸ ਕਾਰਨ ਨੌਜਵਾਨ, ਵਪਾਰੀ ਅਤੇ ਕਿਸਾਨ ਸੂਬਾ ਛੱਡਣ ਲਈ ਮਜ਼ਬੂਰ ਹਨ। ਮਲਿਕ ਨੇ ਦੋਸ਼ ਲਾਇਆ ਕਿ ਦਿੱਲੀ ਦੇ ਨਕਾਰੇ ਹੋਏ ‘ਆਪ’ ਆਗੂ ਪੰਜਾਬ ਦੇ ਟੈਕਸਾਂ ਦੀ ਕਮਾਈ ’ਤੇ ਐਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਨੇ ਔਰਤਾਂ ਨੂੰ 1000 ਰੁਪਏ ਮਹੀਨਾ ਦੇਣ, ਕਿਸਾਨਾਂ ਦੀ ਕਰਜ਼ਾ ਮੁਆਫ਼ੀ ਅਤੇ ਨੌਜਵਾਨਾਂ ਨੂੰ ਮੁਫ਼ਤ ਲੈਪਟਾਪ ਤੇ ਰੁਜ਼ਗਾਰ ਦੇਣ ਦੇ ਝੂਠੇ ਵਾਅਦੇ ਕਰਕੇ ਜਨਤਾ ਨੂੰ ਗੁਮਰਾਹ ਕੀਤਾ ਹੈ। ਇਸ ਮੌਕੇ ਸਾਬਕਾ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਬਾਠ ਵੀ ਹਾਜ਼ਰ ਸਨ। ਮਲਿਕ ਨੇ ਦਾਅਵਾ ਕੀਤਾ ਕਿ 2027 ਦੀਆਂ ਚੋਣਾਂ ਵਿਚ ਜਨਤਾ ਦੋਵਾਂ ਪਾਰਟੀਆਂ ਨੂੰ ਸਬਕ ਸਿਖਾ ਕੇ ਭਾਜਪਾ ਦੀ ਸਰਕਾਰ ਬਣਾਏਗੀ।