ਡੇਰਾ ਬਿਆਸ ’ਚ ਹਜਾਰਾ ਸਿੰਘ ਵਾਲਾ ਦੇ ਨੌਜਵਾਨ ਦੀ ਇਲਾਜ ਦੌਰਾਨ ਮੌਤ
ਡੇਰਾ ਬਿਆਸ ’ਚ ਬੀਮਾਰ ਹੋਏ ਨੌਜਵਾਨ ਦੀ ਪੀਲੀਏ ਕਾਰਣ ਮੌਤ !
Publish Date: Wed, 25 Mar 2026 08:44 PM (IST)
Updated Date: Wed, 25 Mar 2026 08:47 PM (IST)

ਪਰਮਿੰਦਰ ਸਿੰਘ ਥਿੰਦ,ਪੰਜਾਬੀ ਜਾਗਰਣ, ਮਮਦੋਟ (ਫਿਰੋਜ਼ਪੁਰ) ; ਬੀਤੇ ਦਿਨੀਂ ਡੇਰਾ ਬਿਆਸ ਵਿਖੇ ਅਚਾਨਕ ਬੀਮਾਰ ਹੋਏ ਸਰਹੱਦੀ ਪਿੰਡ ਹਜਾਰਾ ਸਿੰਘ ਵਾਲਾ ਦੇ ਇਕ ਨੌਜਵਾਨ ਦੀ ਇਲਾਜ਼ ਦੌਰਾਨ ਪੀਜੀਆਈ ਵਿਖੇ ਮੌਤ ਹੋਣ ਨਾਲ ਇਲਾਕੇ ਵਿਚ ਸੋਗ ਦੇ ਨਾਲ ਨਾਲ ਦਹਿਸ਼ਤ ਦਾ ਮਾਹੌਲ ਹੈ। ਮ੍ਰਿਤਕ ਦੀ ਪਛਾਣ ਅਰਸ਼ਦੀਪ ਸਿੰਘ ਪੁੱਤਰ ਕਸ਼ਮੀਰ ਸਿੰਘ ਵਜੋਂ ਹੋਈ ਹੈ। ਮ੍ਰਿਤਕ ਦੇ ਪਰਿਵਾਰ ਵੱਲੋਂ ਇਸ ਨੂੰ ਕਾਲੇ ਪੀਲੀਏ ਨਾਲ ਹੋਈ ਮੌਤ ਦੱਸਿਆ ਜਾ ਰਿਹਾ ਹੈ ਤਾਂ ਕੁੱਝ ਸਥਾਨਕ ਲੋਕਾਂ ਵੱਲੋਂ ਇਸ ਨੂੰ ਬੀਤੇ ਦਿਨੀਂ ਪਿੰਡ ਦੇ ਬੱਚਿਆਂ ਨੂੰ ਗੰਦੇ ਪਾਣੀ ਤੋਂ ਹੋਈ ‘ਲੈਪਰੋਸਪਾਇਰੋਸਿਸ’ ਬੀਮਾਰੀ ਨਾਲ ਜੋੜਿਆ ਜਾ ਰਿਹਾ ਹੈ। ਇਸ ਸਬੰਧੀ ਸਿਹਤ ਵਿਭਾਗ ਵੱਲੋਂ ‘ਮਰੀਜ਼ ਦੇ ਰਿਕਾਰਡ ਦੀ ਪੜਤਾਲ ਮਗਰੋਂ ਹੀ ਪੁਸ਼ਟੀ’ ਹੋਣ ਦੀ ਗੱਲ ਕੀਤੀ ਜਾ ਰਹੀ ਹੈ। ਮ੍ਰਿਤਕ ਦੇ ਰਿਸ਼ਤੇਦਾਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸਰਹੱਦੀ ਕਸਬਾ ਮਮਦੋਟ ਦਾ ਅਰਸ਼ਪ੍ਰੀਤ ਸਿੰਘ ਕੁਝ ਦਿਨ ਪਹਿਲਾਂ ਡੇਰਾ ਬਿਆਸ ਗਿਆ ਸੀ। ਉਥੇ ਅਚਾਨਕ ਉਸ ਨੂੰ ਉਲਟੀਆਂ ਆਉਣ ਕਾਰਨ ਇਕ ਦੋ ਦਿਨ ਉਹ ਉਥੇ ਬੀਮਾਰ ਹੋ ਗਿਆ। ਇਸ ’ਤੇ ਜਦੋਂ ਗੰਭੀਰ ਹਾਲਤ ਵਿਚ ਉਸ ਨੂੰ ਵਾਪਸ ਲਿਆਂਦਾ ਜਾ ਰਿਹਾ ਸੀ ਤਾਂ ਰਸਤੇ ਵਿਚ ਉਹ ਬੇਹੋਸ਼ ਹੋ ਗਿਆ। ਇਸ ’ਤੇ ਰਿਸ਼ਤੇਦਾਰਾਂ ਵੱਲੋਂ ਦੱਸੇ ਜਾਣ ’ਤੇ ਅਰਸ਼ਦੀਪ ਸਿੰਘ ਦੇ ਪਿਤਾ ਮਖੂ ਕੋਲੋਂ ਜਾ ਕੇ ਉਸ ਨੂੰ ਕਾਰ ’ਤੇ ਸਿਵਲ ਹਸਪਤਾਲ ਫਿਰੋਜ਼ਪੁਰ ਲੈ ਆਏ। ਇਥੋਂ ਡਾਕਟਰਾਂ ਵੱਲੋਂ ਉਸ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਰੈਫਰ ਕਰ ਦਿੱਤਾ ਗਿਆ,ਜਿਥੋਂ ਡਾਕਟਰਾਂ ਵੱਲੋਂ ਉਸ ਨੂੰ ਏਮਜ਼ ਬਠਿੰਡਾ ਅਤੇ ਬਾਅਦ ਵਿਚ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਡਾਕਟਰਾਂ ਅਨੁਸਾਰ ਮਲਟੀਪਲ ਆਰਗਨ ਫੇਲ੍ਹ ਹੋਣ ਕਾਰਣ ਉਸ ਦੀ ਮੌਤ ਹੋ ਗਈ। ਪਿੰਡ ’ਚ ਪੀਲੀਆ ਕਾਰਨ ਹੋਈ ਸੀ ਇਕ ਬੱਚੀ ਦੀ ਮੌਤ ਬੀਤੇ ਦਿਨੀਂ ਇਕ ਰਹੱਸਮਈ ਬੀਮਾਰੀ ਕਾਰਨ ਕਰਕੇ ਪਿੰਡ ਹਜ਼ਾਰਾ ਸਿੰਘ ਵਾਲਾ ਵਿਖੇ ਇਕ ਸਕੂਲੀ ਬੱਚੀ ਦੀ ਮੌਤ ਹੋ ਗਈ ਸੀ, ਜਦਕਿ ਦਰਜਨ ਦੇ ਕਰੀਬ ਬੱਚੇ ਗੰਭੀਰ ਬੀਮਾਰ ਹੋ ਗਏ ਸਨ। ਸਿਹਤ ਵਿਭਾਗ ਵੱਲੋਂ ਕੀਤੇ ਟੈਸਟਾਂ ਦੌਰਾਨ ਬੱਚਿਆਂ ’ਚ ‘ਲੈਪਰੋਸਪਾਇਰੋਸਿਸ’ ਦੇ ਲੱਛਣ ਪਾਏ ਗਏ ਸਨ। ਉਸ ਦੌਰਾਨ ਸਿਹਤ ਵਿਭਾਗ ਦੀਆਂ ਕਈ ਟੀਮਾਂ ਕਈ ਦਿਨ ਪਿੰਡ ਵਿੱਚ ਰਹਿ ਕੇ ਇਲਾਜ਼ ਕਰਦੀਆਂ ਰਹੀਆਂ ਸਨ।