ਮਾਵਾਂ ਤੇ ਬੱਚਿਆਂ ਨੇ ਰੈਂਪ ਵਾਕ ’ਤੇ ਬਿਖੇਰੇ ਖ਼ੁਸ਼ੀ ਦੇ ਰੰਗ
ਆਰਐੱਸਡੀ ਰਾਜ ਰਤਨ ਪਬਲਿਕ ਸਕੂਲ ਵਿਖੇ ‘ਮਦਰਜ਼ ਡੇ’ ਮੌਕੇ ਮਮਤਾ ਦਾ ਅਨੋਖਾ ਸੰਗਮ
Publish Date: Sat, 09 May 2026 03:39 PM (IST)
Updated Date: Sat, 09 May 2026 03:41 PM (IST)

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਆਰਐੱਸਡੀ ਰਾਜ ਰਤਨ ਪਬਲਿਕ ਸਕੂਲ ਵਿਖੇ ਮਾਂ ਦਿਵਸ ਬਹੁਤ ਹੀ ਉਤਸ਼ਾਹ, ਪਿਆਰ ਅਤੇ ਯਾਦਗਾਰੀ ਪਲਾਂ ਨਾਲ ਮਨਾਇਆ ਗਿਆ। ਪ੍ਰੋਗਰਾਮ ਦਾ ਮੁੱਖ ਆਕਰਸ਼ਣ ‘ਮਦਰ-ਕਿਡਜ਼ ਰੈਂਪ ਵਾਕ’ ਰਿਹਾ, ਜਿਸ ਵਿਚ ਮਾਵਾਂ ਨੇ ਆਪਣੇ ਨੰਨ੍ਹੇ-ਮੁੰਨ੍ਹੇ ਬੱਚਿਆਂ ਦੇ ਹੱਥਾਂ ਵਿਚ ਹੱਥ ਪਾ ਕੇ ਪੂਰੇ ਆਤਮ-ਵਿਸ਼ਵਾਸ ਨਾਲ ਰੈਂਪ ’ਤੇ ਵਾਕ ਕੀਤੀ। ਮਾਂ ਅਤੇ ਬੱਚਿਆਂ ਦੀ ਇਸ ਪਿਆਰੀ ਜੋੜੀ ਨੇ ਹਾਜ਼ਰੀਨ ਦਾ ਮਨ ਮੋਹ ਲਿਆ। ਇਸ ਦੇ ਨਾਲ ਹੀ ਮਾਵਾਂ ਅਤੇ ਬੱਚਿਆਂ ਲਈ ਕਈ ਮਨੋਰੰਜਕ ਖੇਡਾਂ ਅਤੇ ਦਿਲਚਸਪ ਗਤੀਵਿਧੀਆਂ ਵੀ ਕਰਵਾਈਆਂ ਗਈਆਂ। ਇਹਨਾਂ ਖੇਡਾਂ ਵਿਚ ਮਾਵਾਂ ਨੇ ਬਹੁਤ ਹੀ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਆਪਣੇ ਬਚਪਨ ਦੀਆਂ ਯਾਦਾਂ ਤਾਜ਼ਾ ਕੀਤੀਆਂ। ਸਕੂਲ ਪ੍ਰਬੰਧਕਾਂ ਵੱਲੋਂ ਕੀਤੇ ਗਏ ਇਨ੍ਹਾਂ ਪ੍ਰਬੰਧਾਂ ਨੇ ਹਰ ਮਾਂ ਦੇ ਚਿਹਰੇ ’ਤੇ ਮੁਸਕਾਨ ਲਿਆ ਦਿੱਤੀ। ਸਮਾਗਮ ਦੇ ਅੰਤ ਵਿਚ ਸਕੂਲ ਦੀ ਪ੍ਰਿੰਸੀਪਲ ਡਾ. ਪ੍ਰਵੀਨ ਔਲ ਨੇ ਵੱਖ-ਵੱਖ ਮੁਕਾਬਲਿਆਂ ਵਿਚ ਜੇਤੂ ਰਹੀਆਂ ਮਾਂਵਾਂ ਅਤੇ ਬੱਚਿਆਂ ਨੂੰ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਮਾਂ ਤੋਂ ਬਿਨ੍ਹਾ ਜੀਵਨ ਅਧੂਰਾ ਹੈ ਅਤੇ ਅਜਿਹੇ ਸਮਾਗਮ ਮਾਂ-ਬੱਚੇ ਦੇ ਰਿਸ਼ਤੇ ਨੂੰ ਹੋਰ ਵੀ ਮਜ਼ਬੂਤ ਕਰਦੇ ਹਨ। ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਐੱਸਸੀ ਸਾਂਵਲਕਾ, ਸਕੱਤਰ ਰਜਨੀਸ਼ ਸਾਂਵਲਕਾ, ਡਾਇਰੈਕਟਰ ਐੱਸਪੀ ਆਨੰਦ ਅਤੇ ਪ੍ਰਿੰਸੀਪਲ ਡਾ. ਪ੍ਰਵੀਨ ਔਲ ਨੇ ਸਮੂਹ ਮਾਵਾਂ ਨੂੰ ‘ਮਦਰਜ਼ ਡੇ’ ਦੀ ਵਧਾਈ ਦਿੱਤੀ। ਸਕੂਲ ਪਰਿਵਾਰ ਨੇ ਉਨ੍ਹਾਂ ਸਾਰੀਆਂ ਮਾਵਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ, ਜਿਨ੍ਹਾਂ ਦੀ ਮੌਜ਼ੂਦਗੀ ਨੇ ਇਸ ਸਮਾਗਮ ਨੂੰ ਯਾਦਗਾਰੀ ਅਤੇ ਸਫ਼ਲ ਬਣਾਇਆ। ।