ਪਿੰਡ ਨੂਰਪੁਰ ਦੇ ਕਈ ਪਰਿਵਾਰਾਂ ਨੇ ਕਾਂਗਰਸ ਦਾ ‘ਹੱਥ’ ਫੜਿਆ
ਪਿੰਡ ਨੂਰਪੁਰ ਤੋਂ ਆਮ ਆਦਮੀ ਪਾਰਟੀ ਨੂੰ ਝਟਕਾ, ਦਰਜਨਾਂ ਪਰਿਵਾਰਾਂ ਨੇ ਕਾਂਗਰਸ ਪਾਰਟੀ ਦਾ ਪੱਲਾ ਫੜਿਆ
Publish Date: Wed, 25 Mar 2026 05:11 PM (IST)
Updated Date: Wed, 25 Mar 2026 05:14 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਵਿਧਾਨ ਸਭਾ ਹਲਕਾ ਜ਼ੀਰਾ ਦੇ ਅਧੀਨ ਆਉਂਦੇ ਪਿੰਡ ਨੂਰਪੁਰ ਵਿਚ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਝਟਕਾ ਲੱਗਾ ਜਦੋਂ ਦਰਜਨਾਂ ਪਰਿਵਾਰ ਆਮ ਆਦਮੀ ਪਾਰਟੀ ਦੀਆਂ ਗਲਤ ਨੀਤੀਆਂ ਤੋਂ ਤੰਗ ਆ ਕੇ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ। ਇਸ ਮੌਕੇ ’ਤੇ ਜ਼ਿਲ੍ਹਾ ਕਾਂਗਰਸ ਕਮੇਟੀ ਫਿਰੋਜ਼ਪੁਰ ਦੇ ਪ੍ਰਧਾਨ ਤੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਕਾਂਗਰਸ ਪਾਰਟੀ ’ਚ ਸ਼ਾਮਲ ਹੋਣ ਵਾਲੇ ਪਰਿਵਾਰਾਂ ਨੂੰ ਸਨਮਾਨਿਤ ਕਰਦਿਆਂ ਜੀ ਆਇਆਂ ਨੂੰ ਆਖਿਆ। ਇਸ ਮੌਕੇ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਕਿ ਬਦਲਾਅ ਦੇ ਝੂਠੇ ਸਬਜ਼ਬਾਗ ਵਿਖਾ ਕੇ ਪੰਜਾਬ ਦੀ ਸੱਤਾ ’ਤੇ ਕਾਬਜ਼ ਹੋਈ ਆਮ ਆਦਮੀ ਪਾਰਟੀ ਨੇ ਪੰਜਾਬ ਨਾਲ ਲਗਾਤਾਰ ਧ੍ਰੋਹ ਕਮਾਇਆ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੇ ਹਾਰੇ ਤੇ ਨਕਾਰੇ ਲੀਡਰ ਪੰਜਾਬ ਦੇ ਖਜ਼ਾਨੇ ਨੂੰ ਲੁੱਟ ਰਹੇ ਹਨ ਪ੍ਰੰਤੂ ਮੁੱਖ ਮੰਤਰੀ ਭਗਵੰਤ ਮਾਨ ਚੁੱਪ ਚਾਪ ਵੇਖ ਕੇ ਤਮਾਸ਼ਾ ਵੇਖ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਇਸ ਸਮੇਂ ਨਸ਼ਿਆਂ, ਕਤਲੋਗਾਰਤ, ਫਿਰੌਤੀਆਂ, ਗੈਂਗਸਟਰਵਾਦ ਦਾ ਬੋਲਬਾਲਾ ਹੈ ਅਤੇ ਪੰਜਾਬ ਦਾ ਕੋਈ ਵੀ ਵਰਗ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ। ਪੰਜਾਬ ਦਾ ਦੁਕਾਨਦਾਰ, ਵਪਾਰੀ, ਕਾਰੋਬਾਰੀ, ਮੁਲਾਜ਼ਮ ਆਦਿ ਹਰੇਕ ਵਰਗ ਆਮ ਆਦਮੀ ਪਾਰਟੀ ਦੀਆਂ ਮਾਰੂ ਨੀਤੀਆਂ ਕਰਕੇ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਹੈ। ਜਿਸ ਦਾ ਜਵਾਬ ਪੰਜਾਬ ਦੇ ਲੋਕ ਅਗਾਮੀ ਚੋਣਾਂ ਵਿਚ ਆਮ ਆਦਮੀ ਪਾਰਟੀ ਨੂੰ ਕਰਾਰੀ ਹਾਰ ਦਾ ਮੂੰਹ ਵਿਖਾ ਕੇ ਦੇਣਗੇ। ਉਨ੍ਹਾਂ ਨੇ ਕਿਹਾ ਕਿ ਲੋਕ ਜਾਣ ਚੁੱਕੇ ਹਨ ਕਿ ਪੰਜਾਬ ਦਾ ਸਰਵਪੱਖੀ ਵਿਕਾਸ ਕਾਂਗਰਸ ਪਾਰਟੀ ਹੀ ਕਰਵਾ ਸਕਦੀ ਹੈ ਇਸ ਲਈ ਆਉਣ ਵਾਲੇ ਸਮੇਂ ਵਿਚ ਵੱਡੀ ਗਿਣਤੀ ਵਿਚ ਵੱਖ ਵੱਖ ਵਿਰੋਧੀ ਪਾਰਟੀਆਂ ਦੇ ਲੋਕ ਕਾਂਗਰਸ ਪਾਰਟੀ ’ਚ ਸ਼ਾਮਲ ਹੋ ਕੇ ਕਾਂਗਰਸ ਪਾਰਟੀ ਦੀ ਮਜ਼ਬੂਤ ਸਰਕਾਰ ਬਣਾਉਣਗੇ। ਇਸ ਮੌਕੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਾਂਗਰਸ ’ਚ ਸ਼ਾਮਲ ਹੋਣ ਵਾਲੇ ਵਿਜੇ, ਅਜੈ, ਅਲੀਸ਼ਾ, ਮਨੀ, ਦਰਸ਼ਨ ਸਿੰਘ, ਲਾਜ਼ਰ, ਅੰਗਰੇਜ, ਰੂਪਾ, ਸੁੱਖਾ, ਸੋਨਾ, ਪਤਰਸ, ਜੋਗਿੰਦਰ ਸਿੰਘ, ਗੁਰਪ੍ਰੀਤ ਸਿੰਘ, ਬੂਟਾ, ਫਰਿਆਦ, ਕੁਲਦੀਪ ਸਿੰਘ, ਥੋਮਸ, ਰਾਹੁਲ, ਮੰਗਾ, ਜੱਗਾ ਆਦਿ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਵਿੰਦਰ ਸਿੰਘ ਸਰਪੰਚ, ਗੁਲਾਬ ਸਿੰਘ ਸਰਪੰਚ, ਸਾਬਾ ਮੈਂਬਰ, ਬਲਜੀਤ ਸਿੰਘ ਬੱਬਾ ਬੋੜਾਂਵਾਲੀ, ਬਖਸ਼ੀਸ਼ ਸਿੰਘ ਨੰਬਰਦਾਰ, ਬਖਸ਼ੀਸ਼ ਸਿੰਘ ਮਸਤੇਵਾਲਾ, ਨਿਸ਼ਾਨ ਸਿੰਘ ਛੀਂਹਾਂ ਪਾੜੀ ਆਦਿ ਹਾਜ਼ਰ ਸਨ।