ਦੇਹ ਵਪਾਰ ਦੇ ਅੱਡੇ ਦਾ ਪਰਦਾਫਾਸ਼, 4 ਔਰਤਾਂ ਸਮੇਤ 7 ਗ੍ਰਿਫ਼ਤਾਰ
ਭਾਜਪਾ ਦੀ ਮਹਿਲਾ ਨਗਰ ਕੌਂਸਲ ਉਮੀਦਵਾਰ ਦੇ ਘਰ ਚੱਲ ਰਿਹਾ ਸੀ ਜਿਸਮਫਿਰੋਸ਼ੀ ਦਾ ਧੰਦਾ!
Publish Date: Sat, 16 May 2026 06:57 PM (IST)
Updated Date: Sat, 16 May 2026 06:57 PM (IST)

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਸ਼ਹਿਰ ਦੇ ਇਕ ਘਰ ਵਿੱਚ ਚੱਲ ਰਹੇ ‘ਦੇਹ ਵਪਾਰ’ ਦੇ ਅੱਡੇ ਦਾ ਪਰਦਾਫਾਸ਼ ਕਰਦਿਆਂ ਪੁਲਿਸ ਨੇ ਮੌਕੇ ਤੋਂ ਮੁੱਖ ਸੰਚਾਲਕ ਔਰਤ ਸਮੇਤ ਕੁੱਲ 7 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਘਰ ਦੀ ਮਾਲਕ ਅਤੇ ਕਥਿੱਤ ਮੁੱਖ ਸੰਚਾਲਕ ਸੋਮਾ ਰਾਣੀ ਨੂੰ ਭਾਜਪਾ ਵੱਲੋਂ ਵਾਰਡ ਨੰਬਰ 22 ਤੋਂ ਨਗਰ ਕੌਂਸਲ ਚੋਣ ਲਈ ਉਮੀਦਵਾਰ ਐਲਾਨਿਆ ਹੋਇਆ ਸੀ, ਪਰ ਵਿਵਾਦ ਉੱਠਣ ਮਗਰੋਂ ਪਾਰਟੀ ਨੇ ਉਸ ਦੀ ਟਿਕਟ ਬਦਲ ਕੇ ਕਿਸੇ ਹੋਰ ਨੂੰ ਦੇ ਦਿੱਤੀ। ਵਧੇਰੇ ਜਾਣਕਾਰੀ ਦਿੰਦਿਆਂ ਥਾਣਾ ਫ਼ਿਰੋਜ਼ਪੁਰ ਸਿਟੀ ਦੇ ਸਬ-ਇੰਸਪੈਕਟਰ ਅਰਸ਼ਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਨੂੰ ਇਕ ਖ਼ਬਰੀ ਨੇ ਸੂਹ ਦਿੱਤੀ ਕਿ ਬਸਤੀ ਸੁੰਨਵਾਂ ਵਾਲੀ ਵਾਰਡ ਨੰਬਰ 32 ਫ਼ਿਰੋਜ਼ਪੁਰ ਸ਼ਹਿਰ ਦੀ ਰਹਿਣ ਵਾਲੀ ਸੋਮਾ ਪਤਨੀ ਸਰਬਜੀਤ ਨਾਮ ਦੀ ਔਰਤ ਆਪਣੇ ਘਰ ਵਿਚ ਦੇਹ ਵਪਾਰ ਦਾ ਧੰਦਾ ਚਲਾਉਂਦੀ ਹੈ। ਉਹ ਬਾਹਰੋਂ ਗੈਰ-ਮਰਦਾਂ ਅਤੇ ਔਰਤਾਂ ਨੂੰ ਆਪਣੇ ਘਰ ਬੁਲਾ ਕੇ ਗਲਤ ਕੰਮ ਕਰਵਾਉਂਦੀ ਹੈ। ਜਾਂਚ ਅਧਿਕਾਰੀ ਮੁਤਾਬਿਕ ਉਕਤ ਔਰਤ ਪੂਰੀ ਤਰ੍ਹਾਂ ਇਸ ਚਕਲੇ ਦੀ ਕਮਾਈ ’ਤੇ ਹੀ ਨਿਰਭਰ ਹੈ ਅਤੇ ਆਪਣੇ ਆਰਥਿਕ ਫਾਇਦੇ ਲਈ ਲੰਮੇ ਸਮੇਂ ਤੋਂ ਇਹ ਗੈਰ-ਕਾਨੂੰਨੀ ਧੰਦਾ ਚਲਾ ਰਹੀ ਸੀ। ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਜੇਕਰ ਤੁਰੰਤ ਉੱਥੇ ਛਾਪੇਮਾਰੀ ਕੀਤੀ ਜਾਵੇ, ਤਾਂ ਕਈ ਮਰਦ ਅਤੇ ਔਰਤਾਂ ਨੂੰ ਗਲਤ ਕੰਮ ਕਰਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਜਾ ਸਕਦਾ ਹੈ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਵੱਲੋਂ ਦੱਸੇ ਗਏ ਘਰ ’ਤੇ ਅਚਾਨਕ ਛਾਪਾ ਮਾਰਿਆ ਗਿਆ। ਇਸ ਕਾਰਵਾਈ ਦੌਰਾਨ ਪੁਲਿਸ ਨੇ ਮੌਕੇ ਤੋਂ 7 ਮੁਲਜ਼ਮਾਂ ਨੂੰ ਹਿਰਾਸਤ ਵਿਚ ਲਿਆ। ਫੜੇ ਗਏ ਵਿਅਕਤੀਆਂ ਦੀ ਪਛਾਣ ਸੋਮਾ ਪਤਨੀ ਸਰਬਜੀਤ ਸਿੰਘ ਮੁੱਖ ਮੁਲਜ਼ਮ, ਅੰਨੂ ਪਤਨੀ ਮਦਨ ਲਾਲ, ਪ੍ਰਕਾਸ਼ ਕੌਰ ਪਤਨੀ ਜਸਵੀਰ ਸਿੰਘ, ਜੋਤੀ, ਰਾਜ ਕੁਮਾਰ ਪੁੱਤਰ ਕਾਲੂ ਰਾਮ, ਗੌਰਵ ਕੁਮਾਰ ਪੁੱਤਰ ਛੋਟੇ ਰਾਮ, ਬਲਕਾਰ ਸਿੰਘ ਪੁੱਤਰ ਮੇਜਰ ਸਿੰਘ ਵਜੋਂ ਹੋਈ ਹੈ। ਐੱਸਆਈ ਅਰਸ਼ਦੀਪ ਸਿੰਘ ਨੇ ਦੱਸਿਆ ਕਿ ਸਾਰੇ ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਦਾਲਤੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।