ਮਾਲਵਾ ਤੋਂ ਮਾਝਾ ਤੱਕ ਵਿਛੇਗਾ ਲਾਈਨਾਂ ਦਾ ਜਾਲ, ਰੇਲ ਮੰਤਰੀ ਰਵਨੀਤ ਬਿੱਟੂ ਨੇ ਸਾਂਝਾ ਕੀਤਾ 'ਨਵਾਂ ਪੰਜਾਬ' ਦਾ ਰੇਲਵੇ ਵਿਜ਼ਨ
ਕੇਂਦਰੀ ਰੇਲਵੇ ਤੇ ਫੂਡ ਪ੍ਰੋਸੈਸਿੰਗ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਦੇ ਰੇਲਵੇ ਨੈੱਟਵਰਕ ਨੂੰ ਮਜ਼ਬੂਤ ਕਰਨ ਲਈ 2025 ਦੀ ਸਮਾਂ-ਸੀਮਾ ਤਹਿਤ ਕਈ ਵੱਡੇ ਪ੍ਰਾਜੈਕਟਾਂ ਦਾ ਐਲਾਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਲਈ ਰੇਲਵੇ ਫੰਡਾਂ ’ਚ ਬੇਮਿਸਾਲ ਵਾਧਾ ਕੀਤਾ ਗਿਆ ਹੈ, ਜੋ 2009-14 ਦੇ ਮੁਕਾਬਲੇ ਹੁਣ 24 ਗੁਣਾ ਵਧ ਕੇ 5,421 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ।
Publish Date: Sun, 28 Dec 2025 09:19 PM (IST)
Updated Date: Sun, 28 Dec 2025 09:21 PM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ : ਕੇਂਦਰੀ ਰੇਲਵੇ ਤੇ ਫੂਡ ਪ੍ਰੋਸੈਸਿੰਗ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਦੇ ਰੇਲਵੇ ਨੈੱਟਵਰਕ ਨੂੰ ਮਜ਼ਬੂਤ ਕਰਨ ਲਈ 2025 ਦੀ ਸਮਾਂ-ਸੀਮਾ ਤਹਿਤ ਕਈ ਵੱਡੇ ਪ੍ਰਾਜੈਕਟਾਂ ਦਾ ਐਲਾਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਲਈ ਰੇਲਵੇ ਫੰਡਾਂ ’ਚ ਬੇਮਿਸਾਲ ਵਾਧਾ ਕੀਤਾ ਗਿਆ ਹੈ, ਜੋ 2009-14 ਦੇ ਮੁਕਾਬਲੇ ਹੁਣ 24 ਗੁਣਾ ਵਧ ਕੇ 5,421 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ।
ਪੰਜਾਬ ਦੇ ਪ੍ਰਮੁੱਖ ਰੇਲਵੇ ਪ੍ਰੋਜੈਕਟ : 443 ਕਰੋੜ ਦੀ ਲਾਗਤ ਨਾਲ 18 ਕਿਲੋਮੀਟਰ ਲੰਬੀ ਰਾਜਪੁਰਾ-ਮੋਹਾਲੀ ਲਾਈਨ ਨੂੰ ਮਨਜ਼ੂਰੀ ਦਿੱਤੀ ਗਈ ਹੈ, ਜੋ ਮਾਲਵਾ ਨੂੰ ਸਿੱਧਾ ਚੰਡੀਗੜ੍ਹ ਨਾਲ ਜੋੜੇਗੀ। ਇਸੇ ਤਰ੍ਹਾਂ ਫਿਰੋਜ਼ਪੁਰ-ਪੱਟੀ ਲਿੰਕ ਲਈ ਰੇਲਵੇ ਨੇ ਜ਼ਮੀਨ ਪ੍ਰਾਪਤੀ ਲਈ 194 ਕਰੋੜ ਜਾਰੀ ਕਰ ਦਿੱਤੇ ਹਨ ਤਾਂ ਜੋ ਮਾਝਾ-ਮਾਲਵਾ ਦੀ ਦੂਰੀ ਘਟਾਈ ਜਾ ਸਕੇ। ਲੰਮੇ ਸਮੇਂ ਤੋਂ ਲਟਕ ਰਹੇ ਕਾਦੀਆਂ-ਬਿਆਸ (40 ਕਿਲੋਮੀਟਰ) ਰੇਲ ਲਿੰਕ ਨੂੰ ‘ਡੀਫ੍ਰੀਜ਼’ ਕਰ ਕੇ ਮੁੜ ਸੁਰਜੀਤ ਕੀਤਾ ਗਿਆ ਹੈ। ਗੁਰਦਾਸਪੁਰ-ਮੁਕੇਰੀਆਂ ਰੇਲ ਲਿੰਕ, ਚੰਡੀਗੜ੍ਹ-ਲੁਧਿਆਣਾ ਟਰੈਕ ਨੂੰ ਦੁੱਗਣਾ ਕਰਨ ਤੇ ਅੰਬਾਲਾ-ਪਠਾਨਕੋਟ ਤੀਜੀ ਲਾਈਨ ਲਈ ਅੰਤਿਮ ਸਰਵੇਖਣ ਸ਼ੁਰੂ ਕਰ ਦਿੱਤੇ ਗਏ ਹਨ।
ਮਾਲਵਾ ਖੇਤਰ ਦੇ ਯਾਤਰੀਆਂ ਲਈ ਵੰਦੇ ਭਾਰਤ ਐਕਸਪ੍ਰੈੱਸ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਦਾ ਬਰਨਾਲਾ ਵਿਖੇ ਨਵਾਂ ਸਟਾਪੇਜ ਹੋਵੇਗਾ। ਇਸ ਤੋਂ ਇਲਾਵਾ ਸ਼ਹੀਦੀ ਜੋੜ-ਮੇਲ ਲਈ ਸਰਹਿੰਦ ਵਿਖੇ 12 ਰੇਲਗੱਡੀਆਂ ਦੇ ਅਸਥਾਈ ਸਟਾਪੇਜ ਦਾ ਪ੍ਰਬੰਧ ਕੀਤਾ ਗਿਆ ਹੈ।
ਸਟੇਸ਼ਨਾਂ ਦੇ ਨਵੀਨੀਕਰਨ ਤਹਿਤ ਚੰਡੀਗੜ੍ਹ ਰੇਲਵੇ ਸਟੇਸ਼ਨ ਨੂੰ 462 ਕਰੋੜ ਨਾਲ ਵਰਲਡ ਕਲਾਸ ਹੱਬ ਬਣਾਇਆ ਜਾ ਰਿਹਾ ਹੈ ਤੇ ਸੂਬੇ ਦੇ ਹੋਰ 30 ਸਟੇਸ਼ਨਾਂ ’ਤੇ ਵੀ ਵਿਕਾਸ ਕਾਰਜ ਜਾਰੀ ਹਨ। ਸੜਕੀ ਆਵਾਜਾਈ ਨੂੰ ਸੁਖਾਲਾ ਬਣਾਉਣ ਲਈ ਪੰਜਾਬ ’ਚ 51 ਥਾਵਾਂ ’ਤੇ ਓਵਰ ਬ੍ਰਿਜ ਤੇ ਅੰਡਰ ਬ੍ਰਿਜ ਦੀ ਪਛਾਣ ਕੀਤੀ ਗਈ ਹੈ, ਜਿਨ੍ਹਾਂ ’ਚੋਂ 25 ਨੂੰ ਮਨਜ਼ੂਰੀ ਮਿਲ ਚੁੱਕੀ ਹੈ। ਲੰਮੇ ਸਮੇਂ ਤੋਂ ਰੁਕੇ ਦੋਰਾਹਾ ਓਵਰ ਬ੍ਰਿਜ ਦਾ ਟੈਂਡਰ ਵੀ ਜਾਰੀ ਕਰ ਦਿੱਤਾ ਗਿਆ ਹੈ।