ਸੋਗ ਵਾਲੇ ਘਰ ਦਾ ਡਿੱਗਿਆ ਬਨੇਰਾ, 15 ਲੋਕ ਜ਼ਖ਼ਮੀ
ਫ਼ਿਰੋਜ਼ਪੁਰ ’ਚ ਦੁਖੀ ਪਰਿਵਾਰ ’ਤੇ ਟੁੱਟਿਆ ਮੁਸੀਬਤਾਂ ਦਾ ਪਹਾੜ
Publish Date: Fri, 15 May 2026 06:32 PM (IST)
Updated Date: Fri, 15 May 2026 06:33 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਫ਼ਿਰੋਜ਼ਪੁਰ ਦੇ ਦੁਲਚੀਕੇ ਰੋਡ ਸਥਿਤ ਸੋਕੜ ਨਹਿਰ ਕੋਲ ਇਕ ਘਰ ’ਚ ਹੋਈ ਮੌਤ ਦਾ ਅਫਸੋਸ ਕਰਨ ਲਈ ਇਕੱਠੇ ਹੋਏ ਲੋਕਾਂ ’ਤੇ ਤੇਜ਼ ਹਨੇਰੀ ਕਾਰਨ ਘਰ ਦਾ ਬਨੇਰਾ ਤੇ ਗਰਿੱਲ ਇੱਟਾਂ ਡਿਗਣ ਕਾਰਨ 10 ਤੋਂ 15 ਲੋਕ ਗੰਭੀਰ ਜ਼ਖ਼ਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਇਲਾਕੇ ਵਿਚ ਰਹਿਣ ਵਾਲੇ ਇਕ ਪਰਿਵਾਰ ’ਚ ਵਿਅਕਤੀ ਦੀ ਬਿਮਾਰੀ ਕਾਰਨ ਮੌਤ ਹੋ ਗਈ ਸੀ, ਜਿਨ੍ਹਾਂ ਦੀ ਮ੍ਰਿਤਕ ਦੇਹ ਨੂੰ ਘਰ ਲਿਆਂਦਾ ਗਿਆ ਸੀ ਤੇ ਅੱਜ ਉਨ੍ਹਾਂ ਦਾ ਸਸਕਾਰ ਕਰਨ ਤੋਂ ਬਾਅਦ ਘਰ ਵਿਚ ਰਿਸ਼ਤੇਦਾਰ ਅਤੇ ਗੁਆਂਢੀ ਅਫ਼ਸੋਸ ਪ੍ਰਗਟ ਕਰਨ ਲਈ ਇਕੱਠੇ ਹੋਏ ਸਨ। ਇਸ ਦੌਰਾਨ ਆਈ ਹਨੇਰੀ ਦਾ ਵੇਗ ਇੰਨਾ ਜ਼ਿਆਦਾ ਸੀ ਕਿ ਮਕਾਨ ਦਾ ਬਨੇਰਾ ਤੇ ਗਰਿੱਲ ਹੇਠਾਂ ਬੈਠੇ ਲੋਕਾਂ ’ਤੇ ਆ ਡਿੱਗੀ। ਹਾਦਸੇ ’ਚ 10 ਤੋਂ 15 ਲੋਕਾਂ ਦੇ ਸਿਰ, ਪੇਟ ਅਤੇ ਲੱਤਾਂ-ਬਾਹਾਂ ’ਤੇ ਗੰਭੀਰ ਸੱਟਾਂ ਵੱਜੀਆਂ। ਜ਼ਖ਼ਮੀਆਂ ਨੂੰ ਤੁਰੰਤ ਇਲਾਜ ਲਈ ਨਜ਼ਦੀਕੀ ਨਿੱਜੀ ਹਸਪਤਾਲ ਬੰਗੜ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ। ਚਸ਼ਮਦੀਦਾਂ ਅਤੇ ਸਥਾਨਕ ਨਿਵਾਸੀਆਂ ਜਿਵੇਂ ਰਾਜ ਕੁਮਾਰ ਅਤੇ ਰਵੀ ਕੁਮਾਰ ਨੇ ਦੱਸਿਆ ਕਿ ਹਨੇਰੀ ਇੰਨੀ ਜ਼ਬਰਦਸਤ ਸੀ ਕਿ ਕਿਸੇ ਨੂੰ ਸੰਭਲਣ ਦਾ ਮੌਕਾ ਹੀ ਨਹੀਂ ਮਿਲਿਆ। ਘਟਨਾ ਦੀ ਸੂਚਨਾ ਮਿਲਦੇ ਹੀ ਫ਼ਿਰੋਜ਼ਪੁਰ ਦੇ ਐੱਸਐੱਸਪੀ ਭੁਪਿੰਦਰ ਸਿੰਘ ਸਿੱਧੂ ਪੁਲਿਸ ਫੋਰਸ ਸਮੇਤ ਮੌਕੇ ’ਤੇ ਪਹੁੰਚੇ। ਉਨ੍ਹਾਂ ਨੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਪੀੜ੍ਹਤਾਂ ਨੂੰ ਹਰ ਸੰਭਵ ਮੱਦਦ ਦਾ ਭਰੋਸਾ ਦਿੱਤਾ। ਹਸਪਤਾਲ ਦੇ ਡਾਕਟਰਾਂ ਮੁਤਾਬਿਕ ਜ਼ਖ਼ਮੀਆਂ ਵਿੱਚੋਂ ਤਿੰਨ-ਚਾਰ ਲੋਕਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਕੁਝ ਦੇ ਹੱਡੀਆਂ ਦੇ ਫਰੈਕਚਰ ਹੋਏ ਹਨ, ਜਿਸ ਕਾਰਨ ਉਹ ਫਿਲਹਾਲ ਬੋਲਣ ਦੀ ਹਾਲਤ ਵਿਚ ਨਹੀਂ ਹਨ।