ਅਧਿਆਤਮਿਕ ਉੱਨਤੀ ਅਤੇ ਮਾਨਵ ਕਲਿਆਣ ਦਾ ਸੰਦੇਸ਼

ਭਗਵਾਨ ਸ੍ਰੀ ਕ੍ਰਿਸ਼ਨ ਦੀਆਂ ਬਾਲ ਲੀਲਾਵਾਂ ਅਤੇ ਗੋਵਰਧਨ ਪੂਜਨ
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ,
ਫਿਰੋਜ਼ਪੁਰ: ਸਥਾਨਕ ਸਨਾਤਨ ਧਰਮ ਸਭਾ ਮਹਾਂਵੀਰ ਦਲ ਮੰਦਿਰ ਵਿਚ ਚੱਲ ਰਹੀ ਸ਼੍ਰੀਮਦ ਭਾਗਵਤ ਕਥਾ ਗਿਆਨ ਯੱਗ ਵਿਚ ਅੱਜ ਮਹਾਰਾਜ ਜੀ ਨੇ ਭਗਵਾਨ ਸ੍ਰੀ ਕ੍ਰਿਸ਼ਨ ਦੀਆਂ ਬਾਲ ਲੀਲਾਵਾਂ ਦਾ ਬੜਾ ਹੀ ਦਿਲ ਨੂੰ ਛੂਹ ਲੈਣ ਵਾਲਾ ਅਤੇ ਮਾਰਗਦਰਸ਼ਕ ਵਰਣਨ ਆਪਣੀ ਮਿੱਠੀ ਆਵਾਜ਼ ਵਿਚ ਕੀਤਾ। ਉਨ੍ਹਾਂ ਨੇ ਕੰਸ ਦੇ ਅੱਤਿਆਚਾਰਾਂ ਦੀ ਚਰਚਾ ਕੀਤੀ। ਅੱਜ ਮਹਾਰਾਜ ਜੀ ਨੇ ਆਪਣੀ ਜਾਣੀ-ਪਛਾਣੀ ਪੀੜ, ਜੋ ਕਿ ਉਨ੍ਹਾਂ ਦੇ ਦਿਲ ਵਿਚ ਪੂਰੀ ਵਿਸ਼ਵ ਮਾਨਵਤਾ ਦੇ ਕਲਿਆਣ ਲਈ ਹਮੇਸ਼ਾ ਉੱਭਰਦੀ ਹੈ ਦੇ ਸੰਦਰਭ ਵਿਚ ਕਿਹਾ ਕਿ ਅੱਜ ਪੂਰੇ ਵਿਸ਼ਵ ਨੇ ਭੌਤਿਕ ਉੱਨਤੀ ਤਾਂ ਬਹੁਤ ਜ਼ਿਆਦਾ ਕਰ ਲਈ ਹੈ, ਪਰ ਅਧਿਆਤਮਿਕ ਪੱਖੋਂ ਮਨੁੱਖੀ ਅੰਦਰੂਨੀ ਉੱਨਤੀ ਉਨੀ ਮਾਤਰਾ ਵਿਚ ਨਹੀਂ ਹੋਈ ਹੈ। ਕਿਉਂਕਿ ਭੌਤਿਕ ਉੱਨਤੀ ਅਸਥਾਈ ਹੈ ਅਤੇ ਸਰੀਰ—ਸੰਸਾਰ ਆਪਣਾ ਨਹੀਂ ਹੈ, ਜੀਵਨ ਦੀ ਅਸਲ ਸੁੱਖ-ਸ਼ਾਂਤੀ ਦੇ ਨਾਲ ਹੀ ਪ੍ਰਮਾਤਮਾ ਦੀ ਕੇਵਲ ਅਤੇ ਕੇਵਲ ਅੰਦਰੂਨੀ ਅਧਿਆਤਮਿਕ ਉੱਨਤੀ ਨਾਲ ਹੀ ਸੰਭਵ ਹੈ। ਅਧਿਆਤਮਿਕ ਗਿਆਨ ਅਤੇ ਅਧਿਆਤਮਿਕ ਉੱਨਤੀ ਅਮਰ (ਅਵਿਨਾਸ਼ੀ) ਹੈ, ਜਦਕਿ ਭੌਤਿਕ ਉੱਨਤੀ ਨਾਸ਼ਵਾਨ ਹੈ। ਇਸ ਲਈ ਅਮਰ ਆਤਮਾ ਨੂੰ ਨਾਸ਼ਵਾਨ ਚੀਜ਼ਾਂ ਦੇ ਨਾਲ ਰਹਿ ਕੇ ਸੁੱਖ-ਸ਼ਾਂਤੀ ਕਿਵੇਂ ਮਿਲ ਸਕਦੀ ਹੈ? ਜੀਵਨ ਸ਼ਾਸ਼ਵਤ ਹੈ, ਅਨੰਤ ਹੈ; ਸਰੀਰ ਦੀ ਮੌਤ ਦੇ ਨਾਲ ਜੀਵਨ ਖ਼ਤਮ ਨਹੀਂ ਹੁੰਦਾ। ਇਸ ਲਈ ਪੂਰੀ ਵਿਸ਼ਵ ਮਾਨਵਤਾ ਦੇ ਕਲਿਆਣ ਲਈ ਅੰਦਰੂਨੀ ਅਧਿਆਤਮਿਕ ਉੱਨਤੀ ਜੀਵਨ ਦੀ ਸਭ ਤੋਂ ਵੱਡੀ ਲੋੜ ਹੈ ਅਤੇ ਉਸੇ ਨਾਲ ਜੀਵਨ ਦੇ ਅਸਲ ਉਦੇਸ਼ ਦੀ ਪ੍ਰਾਪਤੀ ਸੰਭਵ ਹੈ। ਮਹਾਰਾਜ ਜੀ ਨੇ ਦੱਸਿਆ ਕਿ ਭਗਵਾਨ ਦੀ ਬਾਲ ਲੀਲਾ ਦੇ ਦਰਸ਼ਨ ਕਰਨ ਲਈ ਸਾਰੇ ਦੇਵੀ-ਦੇਵਤਾ ਲਾਲਾਇਤ ਰਹਿੰਦੇ ਹਨ। ਇਸੇ ਲੜੀ ਵਿਚ ਭਗਵਾਨ ਸ਼ੰਕਰ ਅਤੇ ਸ੍ਰੀ ਕਾਕਭੁਸੁੰਡੀ ਜੀ ਨੇ ਪ੍ਰਭੂ ਦੀ ਬਾਲ ਲੀਲਾ ਦੇ ਦਰਸ਼ਨ ਕੀਤੇ। ਭਗਵਾਨ ਦਾ ਨਾਮਕਰਨ ਸੰਸਕਾਰ ਹੋਇਆ। ਭਗਵਾਨ ਦੀਆਂ ਬਾਲ ਲੀਲਾਵਾਂ ਦਾ ਵਰਣਨ ਬਹੁਤ ਹੀ ਦਿਲਚਸਪ ਅਤੇ ਬ੍ਰਹਮ ਵਿੱਦਿਆ ’ਤੇ ਆਧਾਰਿਤ ਸ਼ਬਦਾਂ ਵਿਚ ਹੋਇਆ। ਇਸੇ ਦੌਰਾਨ ਬਕਾਸੁਰ ਦਾ ਵਧ, ਤ੍ਰਿਣਾਸੁਰ ਦਾ ਉਧਾਰ, ਧੇਨੁਕਾਸੁਰ ਦਾ ਉਧਾਰ ਅਤੇ ਕਾਲੀਆ ਨਾਗ ਦਾ ਉਧਾਰ ਮਹਾਰਾਜ ਜੀ ਨੇ ਬਹੁਤ ਹੀ ਵਿਸਥਾਰਪੂਰਵਕ ਸੁਣਾਇਆ। ਉਨ੍ਹਾਂ ਨੇ ਭਗਵਾਨ ਦੀ ਮੱਖਣ ਲੀਲਾ ਦਾ ਵਿਧੀਵਤ ਵਰਣਨ ਕੀਤਾ ਅਤੇ ਸਾਰੇ ਸਰੋਤਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਭਗਵਾਨ ਨੂੰ ਭੋਗ ਲਗਾ ਕੇ ਹੀ ਭੋਜਨ-ਪ੍ਰਸਾਦ ਗ੍ਰਹਿਣ ਕਰਨਾ ਚਾਹੀਦਾ ਹੈ, ਨਹੀਂ ਤਾਂ ਬਿਨ੍ਹਾ ਭੋਗ ਲਗਾਏ ਖਾਣ ਨਾਲ ਪਾਪ ਲੱਗਦਾ ਹੈ। ਅੱਜ ਕਥਾ ਦੌਰਾਨ ਸ੍ਰੀ ਗੋਵਰਧਨ ਪੂਜਨ ਕੀਤਾ ਗਿਆ ਅਤੇ ਛੱਪਣ ਭੋਗ ਲਗਾਇਆ ਗਿਆ। ਮਹਾਰਾਜ ਜੀ ਵੱਲੋਂ ਪ੍ਰਭੂ ਦੀਆਂ ਲੀਲਾਵਾਂ ਦਾ ਵਰਣਨ ਕਰਦੇ ਸਮੇਂ ਪ੍ਰਭੂ ਦੇ ਪ੍ਰੇਮ ਵਿਚ ਅੱਖਾਂ ਨਮ ਹੋ ਗਈਆਂ ਅਤੇ ਪ੍ਰੇਮ ਦੇ ਹੰਝੂ ਵਹਿ ਤੁਰੇ, ਜਿਸ ਨਾਲ ਸਾਰੇ ਸਰੋਤਿਆਂ ਦੀਆਂ ਅੱਖਾਂ ਵੀ ਨਮ ਹੋ ਗਈਆਂ। ਅੱਜ ਦੀ ਕਥਾ ਵਿਚ ਫਿਰੋਜ਼ਪੁਰ ਦੇ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਆਪਣੇ ਸਾਥੀਆਂ ਸਮੇਤ ਪਹੁੰਚੇ ਅਤੇ ਗੋਵਰਧਨ ਪੂਜਨ ਕਰਕੇ ਕਥਾ ਸੁਣੀ ਅਤੇ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਗੀਤਾ ਪ੍ਰਚਾਰ ਕਮੇਟੀ ਦੇ ਮੈਂਬਰ ਵੀ ਹਾਜ਼ਰ ਸਨ।