ਪੰਜਾਬ ਦੇ ਅਧਿਆਪਕ ਵਰਗ ਦਾ ਵੱਡਾ ਹਿੱਸਾ ਟੈੱਟ ਦਾ ਕਰੇਗਾ ਬਾਈਕਾਟ : ਹਾਂਡਾ
ਪੰਜਾਬ ਦੇ ਅਧਿਆਪਕ ਵਰਗ ਦਾ ਵੱਡਾ ਹਿੱਸਾ ਟੈੱਟ ਦਾ ਕਰੇਗਾ ਬਾਈਕਾਟ : ਹਰਜਿੰਦਰ ਹਾਂਡਾ
Publish Date: Tue, 17 Feb 2026 03:20 PM (IST)
Updated Date: Tue, 17 Feb 2026 03:24 PM (IST)

ਰਵੀ ਮੌਂਗਾ, ਪੰਜਾਬੀ ਜਾਗਰਣ, ਗੁਰੂਹਰਸਹਾਏ: ਸਿੱਖਿਆ ਵਿਭਾਗ ਪੰਜਾਬ ਵਿਚ ਦਹਾਕਿਆਂ ਤੋਂ ਸੇਵਾਵਾਂ ਨਿਭਾਅ ਰਹੇ ਪੰਜਾਬ ਦੇ ਅਧਿਆਪਕਾਂ ਉੱਤੇ ਜਬਰੀ ਟੈੱਟ (ਅਧਿਆਪਕ ਯੋਗਤਾ ਟੈਸਟ) ਥੋਪਣ ਦੇ ਪੰਜਾਬ ਸਰਕਾਰ ਦੇ ਫੈਸਲੇ ਉੱਤੇ ਆਪਣਾ ਤਿੱਖਾ ਪ੍ਰਤੀਕਰਮ ਦਿੰਦਿਆਂ ਹਰਜਿੰਦਰ ਹਾਂਡਾ ਚੇਅਰਮੈਨ ਅਡਵਾਇਜਰੀ ਬੋਰਡ ਆਫ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਨੇ ਪੰਜਾਬ ਦੇ ਅਧਿਆਪਕ ਵਰਗ ਨੂੰ ਇਸ ਅਧਿਆਪਕ ਯੋਗਤਾ ਟੈਸਟ ਦਾ ਪੂਰਨ ਬਾਈਕਾਟ ਕਰਨ ਅਤੇ ਸੂਬਾ ਭਰ ਵਿਚ ਅਧਿਆਪਕ ਜੱਥੇਬੰਦੀਆਂ ਦੇ ਵੱਲੋਂ ਵਿੱਢੇ ਜਾ ਰਹੇ ਸਾਂਝੇ ਸੰਘਰਸ਼ਾਂ ਵਿੱਚ ਨਿੱਤਰਨ ਦੀ ਅਪੀਲ ਕੀਤੀ ਹੈ। ਹਰਜਿੰਦਰ ਹਾਂਡਾ ਨੇ ਕਿਹਾ ਕਿ ਵੱਖ-ਵੱਖ ਸਮਿਆਂ ਵਿਚ ਜਦੋਂ ਵੀ ਪੰਜਾਬ ਦੇ ਵੱਖ-ਵੱਖ ਅਧਿਆਪਕ ਸਿੱਖਿਆ ਵਿਭਾਗ ਵਿੱਚ ਨਿਯੁਕਤ ਕੀਤੇ ਜਾਂਦੇ ਰਹੇ ਹਨ ਤਾਂ ਉਹ ਆਪੋ ਆਪਣੇ ਸਮਿਆਂ ਦੇ ਔਖੇ ਤੋਂ ਔਖੇ ਟੈਸਟ ਪਾਸ ਕਰਨ ਉਪਰੰਤ ਹੀ ਨੌਕਰੀਆਂ ਉੱਤੇ ਆਏ ਹਨ, ਪਰ ਹੁਣ ਅਧਿਆਪਕਾਂ ਨੂੰ ਵਿਭਾਗ ਵਿਚ ਆਪਣੀਆਂ ਨੌਕਰੀਆਂ ਨੂੰ ਬਰਕਰਾਰ ਰੱਖਣ ਅਤੇ ਵਿਭਾਗ ਵਿਚ ਉੱਚ ਤਰੱਕੀਆਂ ਪ੍ਰਾਪਤ ਕਰਨ ਲਈ ਟੈੱਟ ਦੀਆਂ ਬੇਲੋੜੀਆਂ ਕੰਡੀਸ਼ਨਾਂ ਲਗਾਉਣਾ ਬੜਾ ਹਾਸੋਹੀਣਾ ਅਤੇ ਜਾਣਬੁੱਝ ਕੇ ਅਧਿਆਪਕ ਵਰਗ ਨੂੰ ਤੰਗ ਪ੍ਰੇਸ਼ਾਨ ਕਰਨ ਵਾਲਾ ਫੈਸਲਾ ਹੈ। ਹਰਜਿੰਦਰ ਹਾਂਡਾ ਨੇ ਕਿਹਾ ਕਿ ਪੰਜਾਬ ਦੇ ਅਧਿਆਪਕ ਨਿਯੁਕਤੀ ਸਮੇਂ ਸਰਕਾਰ ਵੱਲੋਂ ਦਿੱਤੇ ਇਸਤਿਹਾਰ ਵਿਚ ਦਿੱਤੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਸੀ ਅਤੇ ਪੜਾਉਣ ਦੇ ਲੰਮੇ ਤਜਰਬੇ ਰੱਖਦੇ ਹਨ ਅਤੇ ਇਸ ਦੋਰਾਨ ਕਈ ਤਰਾਂ ਦੀਆਂ ਟਰੇਨਿੰਗਾਂ ਅਤੇ ਸੈਮੀਨਾਰਜ ਰਾਹੀ ਸਿਖਲਾਈ ਪ੍ਰਾਪਤ ਕਰਕੇ ਮਿਆਰੀ ਸਿੱਖਿਆਂ ਦੇ ਰਹੇ ਹਨ। ਉਨ੍ਹਾਂ ਪੰਜਾਬ ਸਰਕਾਰ ਨੂੰ ਕੋਰਟਾਂ ਦੇ ਫੈਸਲੇ ਨੂੰ ਉੱਚ ਕੋਟੀ ਦੇ ਵਕੀਲਾਂ ਰਾਹੀਂ ਡਿਫੈਂਡ ਕਰਨ ਦੀ ਅਪੀਲ ਕੀਤੀ। ਇਸ ਵਕਤ ਹੋਰਨਾਂ ਤੋਂ ਇਲਾਵਾ ਹਰਜੀਤ ਸਿੰਘ ਸਿੱਧੂ, ਚਰਨਜੀਤ ਸਿੰਘ, ਜਸਵੰਤ ਸੇਖੜਾ, ਸੰਦੀਪ ਚੌਧਰੀ, ਗੁਰਦੇਵ ਸਿੰਘ ਗੁਰੂਹਰਸਹਾਏ, ਗੁਰਦੇਵ ਸਿੰਘ ਵਾਦੀਆਂ, ਦੀਪਾ ਸਿੰਘ, ਸੁਰਜੀਤ ਸਿੰਘ, ਪ੍ਰਿਤਪਾਲ ਸੰਧਾ, ਸਤੀਸ਼ ਕੰਬੋਜ਼, ਗੁਰਭੇਜ ਸਿੰਘ ਆਦਿ ਆਗੂ ਹਾਜ਼ਰ ਸਨ।