ਅਬੋਹਰ ’ਚ ਭਾਜਪਾ ਉਮੀਦਵਾਰ ਦੇ ਪੁੱਤਰ ਸਮੇਤ 9 ਖ਼ਿਲਾਫ਼ ਪਰਚਾ, 2 ਗ੍ਰਿਫ਼ਤਾਰ
ਅਬੋਹਰ ਵਿੱਚ ਭਾਜਪਾ ਉਮੀਦਵਾਰ ਦੇ ਪੁੱਤਰ ਸਮੇਤ 9 ਖ਼ਿਲਾਫ਼ 307 ਦਾ ਮਾਮਲਾ ਦਰਜ, 2 ਗ੍ਰਿਫ਼ਤਾਰ
Publish Date: Sat, 23 May 2026 04:18 PM (IST)
Updated Date: Sat, 23 May 2026 04:19 PM (IST)

ਪੱਤਰ ਪ੍ਰੇਰਕ.ਪੰਜਾਬੀ ਜਾਗਰਣ, ਅਬੋਹਰ : ਨਗਰ ਨਿਗਮ ਚੋਣਾਂ ਤੋਂ ਮਹਿਜ਼ ਤਿੰਨ ਦਿਨ ਪਹਿਲਾਂ ਅਬੋਹਰ ਦੀ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਹੈ। ਥਾਣਾ ਸਿਟੀ-1 ਪੁਲਿਸ ਵੱਲੋਂ ਵਾਰਡ ਨੰਬਰ 49 ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਮਦਨ ਲਾਲ ਦੇ ਪੁੱਤਰ ਸਮੇਤ 9 ਵਿਅਕਤੀਆਂ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਤੇ ਮਾਹੌਲ ਖਰਾਬ ਕਰਨ ਦੇ ਦੋਸ਼ਾਂ ਹੇਠ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਭਾਜਪਾ ਉਮੀਦਵਾਰ ਦੇ ਪੁੱਤਰ ਸਮੇਤ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ। ਅਬੋਹਰ ਦੇ ਵਿਧਾਇਕ ਸੰਦੀਪ ਜਾਖੜ ਆਪਣੇ ਸਮਰਥਕਾਂ ਨਾਲ ਥਾਣਾ ਸਿਟੀ-1 ਪਹੁੰਚੇ। ਉਨ੍ਹਾਂ ਥਾਣਾ ਮੁਖੀ ਨਾਲ ਗੱਲਬਾਤ ਕਰਦੇ ਹੋਏ ਮਾਮਲੇ ਦੀ ਉੱਚ ਪੱਧਰੀ ਜਾਂਚ ਲਈ ਡੀਆਈਜੀ ਪੰਜਾਬ ਅਤੇ ਐੱਸਐੱਸਪੀ ਫਾਜ਼ਿਲਕਾ ਨੂੰ ਜਾਣੂ ਕਰਵਾਇਆ।ਗੱਲਬਾਤ ਦੌਰਾਨ ਵਿਧਾਇਕ ਸੰਦੀਪ ਜਾਖੜ ਨੇ ਸੱਤਾਧਾਰੀ ਧਿਰ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਚੋਣਾਂ ਦੌਰਾਨ ਇਸ ਤਰ੍ਹਾਂ ਦੀ ਧੱਕੇਸ਼ਾਹੀ ਅਤੇ ਤਾਨਾਸ਼ਾਹੀ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਆਪਣੀ ਹਾਰ ਦੇ ਡਰ ਕਾਰਨ ਬੌਖਲਾ ਗਈ ਹੈ ਅਤੇ ਵਿਰੋਧੀਆਂ ’ਤੇ ਝੂਠੇ ਕੇਸ ਦਰਜ ਕਰਵਾ ਰਹੀ ਹੈ। ਵਿਧਾਇਕ ਜਾਖੜ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਝੂਠੇ ਪਰਚੇ ਦਰਜ ਕਰਨ ਵਾਲੇ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ- ਸ਼ਿਕਾਇਤਾਂ ਕਰਨ ਵਾਲਿਆਂ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਦੇ ਸਿਰਫ਼ ਚਾਰ ਮਹੀਨੇ ਬਾਕੀ ਹਨ ਅਤੇ ਸਰਕਾਰ ਬਦਲਣ ਉਪਰੰਤ ‘ਇੱਕ-ਇੱਕ ਤੋਂ ਹਿਸਾਬ ਲਿਆ ਜਾਵੇਗਾ।’ ਉੱਧਰ, ਥਾਣਾ ਸਿਟੀ-1 ਦੇ ਇੰਚਾਰਜ ਮਨਿੰਦਰ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਹੋਏ ਝਗੜੇ ਦੌਰਾਨ ਸ਼ੁਭਮ ਕੁਮਾਰ ਪੁੱਤਰ ਵਿਜੇ ਕੁਮਾਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਸੀ, ਜਿਸ ਨੂੰ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਜ਼ਖ਼ਮੀ ਦੇ ਬਿਆਨਾਂ ਦੇ ਆਧਾਰ ’ਤੇ ਪੁਲਿਸ ਨੇ ਮੁਕੱਦਮਾ ਨੰਬਰ 154 ਦਰਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਨਾਮਜ਼ਦ ਮੁਲਜ਼ਮ ਆਕਾਸ਼ ਉਰਫ਼ ਭਾਲੂ (ਉਮੀਦਵਾਰ ਦਾ ਪੁੱਤਰ) ਅਤੇ ਪਵਨ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦਕਿ ਹੋਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਥਾਣਾ ਮੁਖੀ ਨੇ ਕਿਹਾ ਕਿ ਵਿਧਾਇਕ ਸੰਦੀਪ ਜਾਖੜ ਜਾਂਚ ਸਬੰਧੀ ਥਾਣੇ ਆਏ ਸਨ ਅਤੇ ਉਨ੍ਹਾਂ ਨੂੰ ਐਫਆਈਆਰ ਦੀ ਕਾਪੀ ਸਮੇਤ ਹੋਰ ਜ਼ਰੂਰੀ ਦਸਤਾਵੇਜ਼ ਮੁਹੱਈਆ ਕਰਵਾ ਦਿੱਤੇ ਗਏ ਹਨ।