ਫ਼ਿਰੋਜ਼ਪੁਰ ਕੇਂਦਰੀ ਜੇਲ੍ਹ ’ਚ ਤਲਾਸ਼ੀ ਦੌਰਾਨ 9 ਮੋਬਾਇਲ ਫ਼ੋਨ ਬਰਾਮਦ
ਫ਼ਿਰੋਜ਼ਪੁਰ ਕੇਂਦਰੀ ਜੇਲ੍ਹ ’ਚ ਤਲਾਸ਼ੀ ਦੌਰਾਨ 9 ਮੋਬਾਇਲ ਫ਼ੋਨ ਬਰਾਮਦ
Publish Date: Fri, 29 May 2026 03:54 PM (IST)
Updated Date: Fri, 29 May 2026 03:56 PM (IST)

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਫ਼ਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਵਿੱਚੋਂ ਮੋਬਾਇਲ ਮਿਲਣ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਬੀਤੇ ਦਿਨ ਜੇਲ੍ਹ ਪ੍ਰਸ਼ਾਸਨ ਵੱਲੋਂ ਚਲਾਈ ਗਈ ਵਿਸ਼ੇਸ਼ ਤਲਾਸ਼ੀ ਮੁਹਿੰਮ ਦੌਰਾਨ ਵੱਖ-ਵੱਖ ਬੈਰਕਾਂ ਵਿੱਚੋਂ 9 ਮੋਬਾਇਲ ਫ਼ੋਨ ਬਰਾਮਦ ਕੀਤੇ ਗਏ ਹਨ। ਇਸ ਮਾਮਲੇ ਵਿਚ ਥਾਣਾ ਸਿਟੀ ਫ਼ਿਰੋਜ਼ਪੁਰ ਦੀ ਪੁਲਿਸ ਨੇ 9 ਹਵਾਲਾਤੀਆਂ ਦੇ ਖ਼ਿਲਾਫ਼ 52-ਏ ਪਰੀਸੰਨਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਫ਼ਿਰੋਜ਼ਪੁਰ ਦੇ ਸਬ-ਇੰਸਪੈਕਟਰ ਸੁਖਦੇਵ ਸਿੰਘ ਨੇ ਦੱਸਿਆ ਕਿ ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਦੇ ਸਹਾਇਕ ਸੁਪਰਡੈਂਟ ਵੱਲੋਂ ਵੱਖ-ਵੱਖ ਅਧਿਕਾਰਤ ਪੱਤਰਾਂ ਰਾਹੀਂ ਪੁਲਿਸ ਨੂੰ ਇਸ ਬਰਾਮਦਗੀ ਬਾਰੇ ਲਿਖਤੀ ਸੂਚਨਾ ਭੇਜੀ ਗਈ ਸੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜੇਲ੍ਹ ਅਧਕਾਰੀ ਨੇ ਦੱਸਿਆ ਕਿ ਬੀਤੇ ਦਿਨ ਟੈਂਕਾਂ ਵਾਲੀ, ਗਲੀ ਆਵਾ ਬਸਤੀ ਦੇ ਰਹਿਣ ਵਾਲੇ ਹਵਾਲਾਤੀ ਰਾਹੁਲ ਪੁੱਤਰ ਸ਼ਾਮ ਲਾਲ ਕੋਲੋਂ ਇਕ ਮੋਬਾਇਲ ਮਿਲਿਆ। ਕਿਲਚੇ ਪਿੰਡ ਦੇ ਨਿਵਾਸੀ ਹਵਾਲਾਤੀ ਨਰੇਸ਼ ਉਰਫ਼ ਬੱਗੀ ਪੁੱਤਰ ਸੁਰਜੀਤ ਸਿੰਘ ਕੋਲੋਂ ਇਕ ਫ਼ੋਨ ਬਰਾਮਦ ਕੀਤਾ ਗਿਆ। ਥਾਣਾ ਮਖੂ ਦੇ ਅਧੀਨ ਪੈਂਦੇ ਪਿੰਡ ਮੰਦਿਰ ਸ਼ੇਰਾਂ ਦੇ ਹਵਾਲਾਤੀ ਮਨਜੀਤ ਸਿੰਘ ਪੁੱਤਰ ਗੁਰਮੁੱਖ ਸਿੰਘ ਕੋਲੋਂ ਇਕ ਮੋਬਾਇਲ ਬਰਾਮਦ ਹੋਇਆ। ਹਵਾਲਾਤੀ ਭਾਰਤ ਉਰਫ਼ ਗੇਂਡਾ ਪੁੱਤਰ ਬੱਬਲੂ ਉਰਫ਼ ਪ੍ਰਕਾਸ਼ ਵਾਸੀ ਪ੍ਰਤਾਪ ਨਗਰ ਦੀ ਚੁੰਗੀ ਨੰਬਰ 8, ਭੱਠੇ ਵਾਲੀ ਗਲੀ ਕੋਲੋਂ ਇਕ ਫ਼ੋਨ ਮਿਲਿਆ ਹੈ। ਹਵਾਲਾਤੀ ਪਵਨ ਉਰਫ਼ ਰੋਹਿਤ ਉਰਫ਼ ਮੂਲੀ ਪੁੱਤਰ ਮਹੇਸ਼ ਕੁਮਾਰ ਉਰਫ਼ ਮੈਸ਼ੀ ਵਾਸੀ ਇੰਦਰਾ ਕਾਲੌਨੀ ਫ਼ਿਰੋਜ਼ਪੁਰ ਵਾਰਡ ਨੰਬਰ 1 ਦੇ ਕੋਲੋਂ ਵੀ ਇਕ ਮੋਬਾਇਲ ਬਰਾਮਦ ਕੀਤਾ ਗਿਆ। ਇਸੇ ਤਰ੍ਹਾਂ ਜੇਲ੍ਹ ਅਧਿਕਾਰੀਆਂ ਨੇ ਦੱਸਿਆ ਕਿ ਤਲਾਸ਼ੀ ਦੌਰਾਨ ਕੈਦੀ ਜਪਾਨ ਸਿੰਘ ਪੁੱਤਰ ਨਿਸ਼ਾਨ ਸਿੰਘ ਵਾਸੀ ਰੁਕਨਾ ਬੇਗੂ, ਹਵਾਲਾਤੀ ਜਗਜੀਤ ਸਿੰਘ ਉਰਫ਼ ਜੱਗਾ ਪੁੱਤਰ ਦਲਵਿੰਦਰ ਸਿੰਘ ਵਾਸੀ ਬੰਗੇਵਾਲਾ, ਹਵਾਲਾਤੀ ਸਾਹਿਲ ਉਰਫ਼ ਕਾਲਾ ਪੁੱਤਰ ਰਾਜ ਕੁਮਾਰ ਵਾਸੀ ਲਾਲ ਕੁਆਰਟਰ, ਨੇੜੇ ਰਾਧਾ ਸ਼ਾਮ ਮੰਦਿਰ, ਪਟਿਆਲਾ ਅਤੇ ਹਵਾਲਾਤੀ ਰਮਨ ਸਿੰਘ ਪੁੱਤਰ ਰਮੇਸ਼ ਸਿੰਘ ਵਾਸੀ ਹਬੀਬ ਕੇ ਕੋਲੋਂ ਵੀ ਇਕ-ਇਕ ਮੋਬਾਇਲ ਫ਼ੋਨ ਬਰਾਮਦ ਹੋਇਆ ਹੈ। ਪੁਲਿਸ ਵਿਭਾਗ ਨੇ ਦੱਸਿਆ ਕਿ ਇਨ੍ਹਾਂ ਸਾਰੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਹੁਣ ਇਸ ਗੱਲ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਕਿ ਜੇਲ੍ਹ ਦੀ ਸਖ਼ਤ ਸੁਰੱਖਿਆ ਦੇ ਬਾਵਜੂਦ ਇਹ ਮੋਬਾਇਲ ਫ਼ੋਨ ਅੰਦਰ ਕਿਸ ਤਰ੍ਹਾਂ ਪਹੁੰਚੇ ਅਤੇ ਇਨ੍ਹਾਂ ਦੀ ਵਰਤੋਂ ਕਿਹੜੀਆਂ ਗਤੀਵਿਧੀਆਂ ਲਈ ਕੀਤੀ ਜਾ ਰਹੀ ਸੀ।