ਜ਼ਿਲ੍ਹੇ ਦੀਆਂ ਮੰਡੀਆਂ ’ਚ 772433 ਮੀਟ੍ਰਿਕ ਟਨ ਕਣਕ ਦੀ ਆਮਦ
ਜ਼ਿਲ੍ਹੇ ਦੀਆਂ ਮੰਡੀਆਂ ਵਿਚ ਬੀਤੀ ਸ਼ਾਮ ਤੱਕ 772433 ਮੀਟ੍ਰਿਕ ਟਨ ਕਣਕ ਦੀ ਹੋਈ ਆਮਦ: ਡੀਸੀ
Publish Date: Fri, 01 May 2026 05:04 PM (IST)
Updated Date: Fri, 01 May 2026 05:05 PM (IST)

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਫ਼ਿਰੋਜ਼ਪੁਰ ਜ਼ਿਲ੍ਹੇ ਦੀਆਂ ਅਨਾਜ ਮੰਡੀਆਂ ਵਿਚ ਕਣਕ ਦੀ ਖ਼ਰੀਦ ਦਾ ਸੀਜ਼ਨ ਪੂਰੇ ਜੋਬਨ ’ਤੇ ਹੈ। ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ, ਬੀਤੀ ਸ਼ਾਮ ਤੱਕ ਜ਼ਿਲ੍ਹੇ ਦੀਆਂ ਮੰਡੀਆਂ ਵਿਚ ਕੁੱਲ 7,72,433 ਮੀਟ੍ਰਿਕ ਟਨ ਕਣਕ ਦੀ ਆਮਦ ਹੋ ਚੁੱਕੀ ਹੈ। ਪ੍ਰਸ਼ਾਸਨ ਵੱਲੋਂ ਪੁਖ਼ਤਾ ਪ੍ਰਬੰਧਾਂ ਸਦਕਾ ਹੁਣ ਤੱਕ 7,44,604 ਮੀਟ੍ਰਿਕ ਟਨ ਫ਼ਸਲ ਦੀ ਖ਼ਰੀਦ ਮੁਕੰਮਲ ਕਰ ਲਈ ਗਈ ਹੈ। ਖ਼ਾਸ ਗੱਲ ਇਹ ਹੈ ਕਿ ਸਰਕਾਰ ਵੱਲੋਂ ਕਿਸਾਨਾਂ ਨੂੰ ਫ਼ਸਲ ਦੀ ਅਦਾਇਗੀ ਸਿੱਧੀ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਕੀਤੀ ਜਾ ਰਹੀ ਹੈ, ਜਿਸ ਤਹਿਤ ਹੁਣ ਤੱਕ 1847.82 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਜਾ ਚੁੱਕੀ ਹੈ, ਜੋ ਕਿਸਾਨਾਂ ਲਈ ਵੱਡੀ ਰਾਹਤ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੰਡੀਆਂ ਵਿਚ ਕਣਕ ਦੀ ਆਮਦ ਅਤੇ ਖ਼ਰੀਦ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਦਿਨ-ਰਾਤ ਕੰਮ ਕੀਤਾ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨੇ ਦੱਸਿਆ ਕਿ ਮੰਡੀਆਂ ਵਿਚ ਕਿਸਾਨਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਦੀ ਸਹੂਲਤ ਲਈ ਹਰ ਸੰਭਵ ਇੰਤਜ਼ਾਮ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਜਿੱਥੇ ਖ਼ਰੀਦ ਪ੍ਰਕਿਰਿਆ ਤੇਜ਼ੀ ਨਾਲ ਚੱਲ ਰਹੀ ਹੈ, ਉੱਥੇ ਹੀ ਲਿਫਟਿੰਗ ਦੇ ਕੰਮ ਨੂੰ ਵੀ ਗਤੀ ਦਿੱਤੀ ਜਾ ਰਹੀ ਹੈ। ਹੁਣ ਤੱਕ ਲਗਭਗ 3,40,892 ਮੀਟ੍ਰਿਕ ਟਨ 52 ਫੀਸਦੀ ਕਣਕ ਦੀ ਲਿਫਟਿੰਗ ਕੀਤੀ ਜਾ ਚੁੱਕੀ ਹੈ। ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਖ਼ਰੀਦ ਕੀਤੀ ਗਈ ਫ਼ਸਲ ਦੀ ਬਣਦੀ ਰਕਮ, ਜੋ ਕਿ 1847.82 ਕਰੋੜ ਰੁਪਏ ਬਣਦੀ ਹੈ, ਪਾਰਦਰਸ਼ੀ ਤਰੀਕੇ ਨਾਲ ਕਿਸਾਨਾਂ ਦੇ ਖਾਤਿਆਂ ਵਿੱਚ ਤਬਦੀਲ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਸਾਨਾਂ ਨੂੰ ਇਕ ਅਹਿਮ ਅਪੀਲ ਕਰਦਿਆਂ ਕਿਹਾ ਕਿ ਵਾਢੀ ਤੋਂ ਬਾਅਦ ਕਣਕ ਦੀ ਰਹਿੰਦ-ਖੂੰਹਦ ਜਾਂ ਨਾੜ ਨੂੰ ਅੱਗ ਬਿਲਕੁਲ ਨਾ ਲਗਾਈ ਜਾਵੇ। ਅੱਗ ਲਗਾਉਣ ਨਾਲ ਜਿੱਥੇ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ, ਉੱਥੇ ਹੀ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਘਟਦੀ ਹੈ। ਉਨ੍ਹਾਂ ਕਿਸਾਨਾਂ ਨੂੰ ਨਾੜ ਖੇਤਾਂ ਵਿੱਚ ਹੀ ਵਾਹੁਣ ਲਈ ਪ੍ਰੇਰਿਤ ਕੀਤਾ। ਇਸ ਤੋਂ ਇਲਾਵਾ ਤੂੜੀ ਬਣਾਉਣ ਸਮੇਂ ਵੀ ਸਾਵਧਾਨੀ ਵਰਤਣ ਦੀ ਹਦਾਇਤ ਕੀਤੀ ਗਈ ਤਾਂ ਜੋ ਖੇਤਾਂ ਵਿੱਚ ਲੱਗਣ ਵਾਲੀ ਅਚਨਚੇਤ ਅੱਗ ਜਾਂ ਕਿਸੇ ਵੀ ਮੰਦਭਾਗੀ ਦੁਰਘਟਨਾ ਤੋਂ ਬਚਿਆ ਜਾ ਸਕੇ।