ਮੰਡੀ ਅਰਨੀਵਾਲਾ ’ਚ ‘ਆਪ’ ਦੇ 6, ਅਕਾਲੀ ਦਲ ਦੇ 4 ਤੇ ਕਾਂਗਰਸ ਦਾ ਇੱਕ ਉਮੀਦਵਾਰ ਜਿੱਤਿਆ
ਮੰਡੀ ਅਰਨੀਵਾਲਾ ਚੋਣਾਂ ’ਚ ਆਪ ਦੇ 6,ਅਕਾਲੀ ਦਲ ਦੇ 4 ਤੇ ਕਾਂਗਰਸ ਦਾ 1 ਉਮੀਦਵਾਰ ਜਿੱਤਿਆ
Publish Date: Fri, 29 May 2026 06:12 PM (IST)
Updated Date: Fri, 29 May 2026 06:13 PM (IST)

ਨਵਜੋਤ ਸਿੰਘ.ਪੰਜਾਬੀ ਜਾਗਰਣ ਮੰਡੀ ਅਰਨੀਵਾਲਾ : ਮੰਡੀ ਅਰਨੀਵਾਲਾ ਨਗਰ ਨਿਗਮ ਚੋਣਾਂ ਦੇ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਨੇ ਬਹੁਮਤ ਹਾਸਲ ਕਰਦਿਆਂ 11 ਵਿੱਚੋਂ 6 ਵਾਰਡਾਂ ’ਤੇ ਜਿੱਤ ਦਰਜ ਕੀਤੀ ਹੈ। ਜਦਕਿ ਸ਼੍ਰੋਮਣੀ ਅਕਾਲੀ ਦਲ ਦੇ 4 ਅਤੇ ਕਾਂਗਰਸ ਦੇ 1 ਉਮੀਦਵਾਰ ਨੇ ਜਿੱਤ ਪ੍ਰਾਪਤ ਕੀਤੀ। ਨਤੀਜੇ ਆਉਣ ਤੋਂ ਬਾਅਦ ਇਲਾਕੇ ਵਿੱਚ ਆਪ ਸਮਰਥਕਾਂ ਵੱਲੋਂ ਖੁਸ਼ੀ ਮਨਾਈ ਗਈ ਅਤੇ ਜਿੱਤੂ ਉਮੀਦਵਾਰਾਂ ਨੂੰ ਵਧਾਈਆਂ ਦਿੱਤੀਆਂ ਗਈਆਂ। ਇਸ ਮੌਕੇ ਜਲਾਲਾਬਾਦ ਤੋਂ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਮੰਡੀ ਅਰਨੀਵਾਲਾ ਅਤੇ ਸੇਖ ਸੁਭਾਨ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਨੇ ਵਿਕਾਸ ਅਤੇ ਇਮਾਨਦਾਰ ਰਾਜਨੀਤੀ ’ਤੇ ਭਰੋਸਾ ਜਤਾਇਆ ਹੈ। ਉਨ੍ਹਾਂ ਕਿਹਾ ਕਿ ਜਨਤਾ ਦੀਆਂ ਉਮੀਦਾਂ ’ਤੇ ਪੂਰਾ ਉਤਰਨਾ ਹੀ ਹੁਣ ਉਨ੍ਹਾਂ ਦੀ ਪਹਿਲੀ ਜ਼ਿੰਮੇਵਾਰੀ ਹੋਵੇਗੀ। ਵਿਧਾਇਕ ਗੋਲਡੀ ਨੇ ਦੱਸਿਆ ਕਿ ਵਾਰਡ ਨੰਬਰ 2 ਤੋਂ ਸੰਦੀਪ ਕੁਮਾਰ, ਵਾਰਡ ਨੰਬਰ 3 ਤੋਂ ਕੇਵਲ ਕ੍ਰਿਸ਼ਨ ਕੰਬੋਜ, ਵਾਰਡ ਨੰਬਰ 8 ਤੋਂ ਹਰਭਜਨ ਦਾਸ, ਵਾਰਡ ਨੰਬਰ 9 ਤੋਂ ਮੋਨੂੰ ਕੱਕੜ, ਵਾਰਡ ਨੰਬਰ 10 ਤੋਂ ਸ਼ਿਵ ਕੁਮਾਰ ਅਤੇ ਵਾਰਡ ਨੰਬਰ 11 ਤੋਂ ਕੁਲਵੰਤ ਕੌਰ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਵਜੋਂ ਜਿੱਤ ਦਰਜ ਕੀਤੀ ਹੈ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ 4 ਅਤੇ ਕਾਂਗਰਸ ਦੇ 1 ਉਮੀਦਵਾਰ ਨੇ ਵੀ ਚੋਣ ਮੈਦਾਨ ਵਿੱਚ ਕਾਮਯਾਬੀ ਹਾਸਲ ਕੀਤੀ। ਉਨ੍ਹਾਂ ਕਿਹਾ ਕਿ ਅਰਨੀਵਾਲਾ ਦੇ ਲੋਕਾਂ ਨੇ ਜਿਸ ਵਿਸ਼ਵਾਸ ਨਾਲ ਇਹ ਫੈਸਲਾ ਦਿੱਤਾ ਹੈ, ਉਸ ਨੂੰ ਕਦੇ ਟੁੱਟਣ ਨਹੀਂ ਦਿੱਤਾ ਜਾਵੇਗਾ। ਆਉਣ ਵਾਲੇ ਸਮੇਂ ਵਿੱਚ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਹੋਰ ਤੇਜ਼ੀ ਨਾਲ ਅੱਗੇ ਵਧਾਇਆ ਜਾਵੇਗਾ ਅਤੇ ਬੁਨਿਆਦੀ ਸਹੂਲਤਾਂ ਨੂੰ ਮਜ਼ਬੂਤ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਹੁਣ ਅਰਨੀਵਾਲਾ ਦਾ ਵਿਕਾਸ ਪਹਿਲਾਂ ਨਾਲੋਂ ਦੁੱਗਣੀ ਰਫਤਾਰ ਨਾਲ ਹੋਵੇਗਾ। ਵਿਧਾਇਕ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਪੰਜਾਬ ਦੇ ਸਰਵਪੱਖੀ ਵਿਕਾਸ ਲਈ ਲਗਾਤਾਰ ਯਤਨ ਕਰ ਰਹੀ ਹੈ। ਸਰਕਾਰ ਵੱਲੋਂ ਸ਼ਹਿਰਾਂ ਅਤੇ ਪਿੰਡਾਂ ਦੇ ਵਿਕਾਸ ਲਈ ਕਰੋੜਾਂ ਰੁਪਏ ਦੀ ਰਾਸ਼ੀ ਖਰਚ ਕੀਤੀ ਜਾ ਰਹੀ ਹੈ ਤਾਂ ਜੋ ਲੋਕਾਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਸਕਣ। ਉਨ੍ਹਾਂ ਨੇ ਕਿਹਾ ਕਿ ਨਗਰ ਪੰਚਾਇਤ ਅਰਨੀਵਾਲਾ ਵਿੱਚ ਵੀ ਵਿਕਾਸ ਦੇ ਨਵੇਂ ਪ੍ਰੋਜੈਕਟ ਲਿਆਂਦੇ ਜਾਣਗੇ ਅਤੇ ਲੋਕਾਂ ਦੀ ਹਰ ਸਮੱਸਿਆ ਨੂੰ ਤਰਜੀਹ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ। ਇਸ ਮੌਕੇ ਪਾਰਟੀ ਵਰਕਰਾਂ ਅਤੇ ਸਮਰਥਕਾਂ ਵਿੱਚ ਖਾਸ ਉਤਸ਼ਾਹ ਦੇਖਣ ਨੂੰ ਮਿਲਿਆ।