15 ਗ੍ਰਾਮ ਹੈਰੋਇਨ ਸਮੇਤ 5 ਗ੍ਰਿਫਤਾਰ

ਵੱਖ-ਵੱਖ ਥਾਣਿਆਂ ’ਚ ਮੁਲਜ਼ਮਾਂ ਖ਼ਿਲਾਫ਼ ਮਾਮਲੇ ਕੀਤੇ ਦਰਜ
ਨਸ਼ਾ ਸਮੱਗਲਰਾਂ ਖ਼ਿਲਾਫ਼ ਪੁਲਿਸ ਨੇ ਕੱਸਿਆ ਸ਼ਿਕੰਜਾ
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ: ਜ਼ਿਲ੍ਹਾ ਫਿਰੋਜ਼ਪੁਰ ਪੁਲਿਸ ਨੇ ਗਸ਼ਤ ਅਤੇ ਚੈਕਿੰਗ ਦੌਰਾਨ 15 ਗ੍ਰਾਮ ਹੈਰੋਇਨ ਅਤੇ ਹੈਰੋਇਨ ਦੀ ਸਮੱਗਰੀ ਸਮੇਤ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਵੱਖ ਵੱਖ ਥਾਣਿਆਂ ’ਚ ਮਾਮਲੇ ਦਰਜ ਕੀਤੇ ਹਨ। ਥਾਣਾ ਸਿਟੀ ਫਿਰੋਜ਼ਪੁਰ ਦੇ ਐੱਸਆਈ ਕੁਲਬੀਰ ਸਿੰਘ ਨੇ ਦੱਸਿਆ ਕਿ ਗਸ਼ਤ ਦੌਰਾਨ ਸ਼ੱਕ ਤਹਿਤ ਗੁਰਪ੍ਰੀਤ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਦੁਲਚੀ ਕੇ ਰੋਡ ਗੋਲਬਾਗ ਫਿਰੋਜ਼ਪੁਰ ਸ਼ਹਿਰ ਨੂੰ ਕਾਬੂ ਕਰਕੇ ਤਲਾਸ਼ੀ ਲਈ ਤਾਂ ਉਸ ਕੋਲੋਂ 5 ਗ੍ਰਾਮ ਹੈਰੋਇਨ ਬਰਾਮਦ ਹੋਈ। ਥਾਣਾ ਕੈਂਟ ਫਿਰੋਜ਼ਪੁਰ ਪੁਲਿਸ ਦੇ ਸਹਾਇਕ ਥਾਣੇਦਾਰ ਗੁਰਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਯਤੀਮਖਾਨਾ ਚੌਕ ਫਿਰੋਜ਼ਪੁਰ ਕੈਂਟ ਤੋਂ ਬੱਸ ਸਟੈਂਡ ਫਿਰੋਜ਼ਪੁਰ ਕੈਂਟ ਨੂੰ ਜਾ ਰਹੀ ਸੀ ਤਾਂ ਅੱਗੇ ਝਾੜੀਆਂ ਪਾਸ ਖੱਬੇ ਹੱਥ ਰੋਡ ਦੇ ਕੋਲ ਇਕ ਨੌਜਵਾਨ ਜਗੀਰਾ ਪੁੱਤਰ ਲਾਲ ਚੰਦ ਵਾਸੀ ਬਸਤੀ ਸ਼ੇਖਾਂ, ਫਿਰੋਜ਼ਪੁਰ ਸ਼ਹਿਰ ਖੜਾ ਹੋਇਆ ਵਿਖਾਈ ਦਿੱਤਾ, ਜਿਸ ਨੂੰ ਸ਼ੱਕ ਦੀ ਬਿਨਾਅ ’ਤੇ ਕਾਬੂ ਕਰਕੇ ਤਲਾਸ਼ੀ ਲਈ ਤਾਂ ਮੋਮੀ ਲਿਫਾਫੇ ਨੂੰ ਉਸ ਵੱਲੋਂ ਸੁੱਟੇ ਗਏ ਨੂੰ ਚੁਕਵਾ ਕੇ ਚੈੱਕ ਕੀਤਾ ਤਾ ਉਸ ਵਿਚੋਂ 4 ਗ੍ਰਾਮ ਹੈਰੋਇਨ ਬਰਾਮਦ ਹੋਈ।
ਥਾਣਾ ਸਦਰ ਫਿਰੋਜ਼ਪੁਰ ਦੇ ਐੱਸਆਈ ਮੇਜਰ ਸਿੰਘ ਨੇ ਦੱਸਿਆ ਕਿ ਗਸ਼ਤ ਦੌਰਾਨ ਸੂਚਨਾ ਮਿਲੀ ਕਿ ਮੁਲਜ਼ਮ ਬਖਸ਼ੀਸ਼ ਪੁੱਤਰ ਦਰਸ਼ਨ ਪਾਸਟਰ ਵਾਸੀ ਕੋਠੀ ਰਾਏ ਸਾਹਿਬ ਨੂੰ ਦੁਲਚੀ ਕੇ ਤੋਂ ਪੱਲਾ ਮੇਘਾ ਨੂੰ ਜਾਂਦੇ ਲਿੰਕ ਰੋਡ ਤੋਂ ਗ੍ਰਿਫਤਾਰ ਕਰਕੇ ਉਸ ਕੋਲੋਂ 5 ਗ੍ਰਾਮ ਹੈਰੋਇਨ ਬਰਾਮਦ ਕੀਤੀ। ਥਾਣਾ ਕੁੱਲਗੜ੍ਹੀ ਪੁਲਿਸ ਦੇ ਐੱਸਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਸੁਰਜੀਤ ਮੈਮੋਰੀਅਲ ਕਾਲਜ ਨੇੜੇ ਨਹਿਰ ਪਾਸ ਬਸਤੀ ਖਲੀਲ ਵਾਲੀ ਪੁੱਜੀ ਤਾਂ ਇਕ ਨੌਜਵਾਨ ਅਕਾਸ਼ਦੀਪ ਸਿੰਘ ਉਰਫ ਸਿੰਘਾ ਪੁੱਤਰ ਹਰਬੰਸ ਸਿੰਘ ਵਾਸੀ ਮਤੀਦਾਸ ਨਗਰ ਥਾਣਾ ਸਿਵਲ ਲਾਈਨ, ਜ਼ਿਲ੍ਹਾ ਬਠਿੰਡਾ ਨੂੰ ਕਾਬੂ ਕਰਕੇ ਤਲਾਸ਼ੀ ਲਈ ਤਾਂ ਉਸ ਕੋਲੋਂ 1 ਸਿਲਵਰ ਪੰਨੀ ਜਿਸ ਉਪਰ ਹੈਰੋਇਨ ਸੜੀ ਹੋਈ ਲੱਗੀ ਸੀ, ਇਕ ਲਾਈਟਰ ਅਤੇ ਇਕ 10 ਰੁਪਏ ਦਾ ਨੋਟ ਬਰਾਮਦ ਕੀਤਾ। ਥਾਣਾ ਤਲਵੰਡੀ ਭਾਈ ਪੁਲਿਸ ਦੇ ਸਹਾਇਕ ਥਾਣੇਦਾਰ ਸੁਦੇਸ਼ ਕੁਮਾਰ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਦੌਰਾਨੇ ਗਸ਼ਤ ਸੀ ਤਾਂ ਇਸ ਦੌਰਾਨ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਮੁਲਜ਼ਮ ਅਜੈ ਉਰਫ ਹੱਟੂ ਪੁੱਤਰ ਵਿਜੈ ਵਾਸੀ ਅਜੀਤ ਨਗਰ ਹੈਰੋਇਨ ਵੇਚਣ ਦਾ ਆਦੀ ਹੈ, ਜੋ ਹੁਣ ਵੀ ਨੈਸ਼ਨਲ ਹਾਈਵੇ ਤੋਂ ਟੀ ਪੁਆਇੰਟ ਕਰਮਿੱਤੀ ਰੋਡ ਸੂਆ ਪੁਲ ਨਹਿਰ ਹੈਰੋਇਨ ਵੇਚਣ ਲਈ ਗਾਹਕਾਂ ਦੀ ਉਡੀਕ ਕਰ ਰਿਹਾ ਹੈ, ਜਿਸ ’ਤੇ ਹੁਣੇ ਹੀ ਛਾਪੇਮਾਰੀ ਕੀਤੀ ਜਾਵੇ ਤਾਂ ਸਮੇਤ ਹੈਰੋਇਨ ਦੇ ਕਾਬੂ ਆ ਸਕਦਾ ਹੈ। ਪੁਲਿਸ ਨੇ ਦੱਸਿਆ ਕਿ ਉਕਤ ਦੋਸ਼ੀ ਨੂੰ ਕਾਬੂ ਕਰਕੇ ਉਸ ਕੋਲੋਂ 1 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਪੁਲਿਸ ਨੇ ਦੱਸਿਆ ਕਿ ਉਕਤ ਦੋਸ਼ੀਅਨ ਖਿਲਾਫ ਮਾਮਲੇ ਦਰਜ ਕਰ ਲਏ ਗਏ ਹਨ।