ਫ਼ਿਰੋਜ਼ਪੁਰ ਰੇਲਵੇ ਮੰਡਲ ਨੇ ਸੇਵਾਮੁਕਤ ਹੋਏ 45 ਕਰਮਚਾਰੀ ਸਨਮਾਨੇ
ਫ਼ਿਰੋਜ਼ਪੁਰ ਰੇਲਵੇ ਮੰਡਲ ਵਿਚ ਸੇਵਾਮੁਕਤ ਹੋਏ 45 ਰੇਲ ਕਰਮਚਾਰੀਆਂ ਦਾ ਕੀਤਾ ਸਨਮਾਨ
Publish Date: Mon, 18 May 2026 04:25 PM (IST)
Updated Date: Mon, 18 May 2026 04:27 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਉੱਤਰ ਰੇਲਵੇ ਦੇ ਫ਼ਿਰੋਜ਼ਪੁਰ ਮੰਡਲ ਵਿਚ ਅਪ੍ਰੈਲ 2026 ਦੌਰਾਨ ਆਪਣੀ ਸ਼ਾਨਦਾਰ ਸੇਵਾ ਪੂਰੀ ਕਰਕੇ ਸੇਵਾਮੁਕਤ ਹੋਏ ਕੁੱਲ 45 ਰੇਲ ਕਰਮਚਾਰੀਆਂ ਲਈ ਇਕ ਵਿਸ਼ੇਸ਼ ਵਿਦਾਇਗੀ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਵੱਲੋਂ ਸਾਰੇ ਸੇਵਾਮੁਕਤ ਮੁਲਾਜ਼ਮਾਂ ਨੂੰ 17.96 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਦੇ ਸਮਾਪਤੀ ਬੈਨਿਫ਼ਿਟ ਦੇ ਚੈੱਕ ਅਤੇ ਦਸਤਾਵੇਜ਼ ਸੌਂਪੇ ਗਏ। ਰੇਲਵੇ ਪ੍ਰਸ਼ਾਸਨ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਸੇਵਾਮੁਕਤੀ ਤੋਂ ਬਾਅਦ ਮੁਲਾਜ਼ਮਾਂ ਨੂੰ ਛੇ ਤਰ੍ਹਾਂ ਦੇ ਵਿੱਤੀ ਭੁਗਤਾਨ ਕੀਤੇ ਜਾਂਦੇ ਹਨ। ਇਨ੍ਹਾਂ ਵਿਚ ਮੁੱਖ ਤੌਰ ’ਤੇ ਪੈਨਸ਼ਨ ਪੇਮੈਂਟ ਆਰਡਰ, ਗ੍ਰੈਚੁਟੀ, ਕਮਿਊਟੇਸ਼ਨ, ਲੀਵ ਇਨਕੈਸ਼ਮੈਂਟ, ਗਰੁੱਪ ਇੰਸ਼ੋਰੈਂਸ ਸਕੀਮ ਅਤੇ ਪ੍ਰੋਵੀਡੈਂਟ ਫੰਡ ਸ਼ਾਮਲ ਹਨ। ਇਸ ਵਿਦਾਇਗੀ ਸਮਾਰੋਹ ਦੌਰਾਨ ਸੇਵਾਮੁਕਤ ਹੋਏ ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਨੇ ਉਨ੍ਹਾਂ ਵੱਲੋਂ ਰੇਲਵੇ ਵਿਭਾਗ ਨੂੰ ਦਿੱਤੀਆਂ ਗਈਆਂ ਲੰਮੀਆਂ ਅਤੇ ਬੇਮਿਸਾਲ ਸੇਵਾਵਾਂ ਲਈ ਦਿਲੋਂ ਧੰਨਵਾਦ ਪ੍ਰਗਟ ਕੀਤਾ। ਉਨ੍ਹਾਂ ਇਹ ਵੀ ਸਲਾਹ ਦਿੱਤੀ ਕਿ ਸਰੀਰਕ ਅਤੇ ਮਾਨਸਿਕ ਤੌਰ ’ਤੇ ਤੰਦਰੁਸਤ ਰਹਿਣ ਲਈ ਹਰ ਕੋਈ ਆਪਣੀ ਰੁਚੀ ਮੁਤਾਬਿਕ ਖ਼ੁਦ ਨੂੰ ਕਿਸੇ ਨਾ ਕਿਸੇ ਰਚਨਾਤਮਕ ਕੰਮ ਵਿਚ ਰੁੱਝਿਆ ਜ਼ਰੂਰ ਰੱਖੇ। ਇਸ ਮੌਕੇ ਸੀਨੀਅਰ ਮੰਡਲ ਪ੍ਰਸੋਨਲ ਅਫ਼ਸਰ ਸਾਕਸ਼ੀ ਸਿੰਘ ਨੇ ਸਾਰੇ ਸੇਵਾਮੁਕਤ ਕਰਮਚਾਰੀਆਂ ਨੂੰ ਅੱਜ-ਕੱਲ੍ਹ ਵੱਧ ਰਹੇ ਸਾਈਬਰ ਅਪਰਾਧਾਂ ਪ੍ਰਤੀ ਸੁਚੇਤ ਕੀਤਾ। ਉਨ੍ਹਾਂ ਵਿਸ਼ੇਸ਼ ਅਪੀਲ ਕਰਦਿਆਂ ਕਿਹਾ ਕਿ ਅੱਜ-ਕੱਲ੍ਹ ਬੈਂਕ ਖਾਤਿਆਂ ਅਤੇ ਫੰਡਾਂ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਧੋਖਾਧੜੀਆਂ ਹੋ ਰਹੀਆਂ ਹਨ, ਇਸ ਲਈ ਕੋਈ ਵੀ ਮੁਲਾਜ਼ਮ ਆਪਣੀ ਸੇਵਾਮੁਕਤੀ ਨਾਲ ਸਬੰਧਤ ਜ਼ਰੂਰੀ ਦਸਤਾਵੇਜ਼, ਬੈਂਕ ਖ਼ਾਤੇ ਦੀ ਜਾਣਕਾਰੀ ਜਾਂ ਓਟੀਪੀ ਕਿਸੇ ਵੀ ਅਣਜਾਣ ਵਿਅਕਤੀ ਨਾਲ ਸਾਂਝਾ ਨਾ ਕਰੇ। ਉਨ੍ਹਾਂ ਭਰੋਸਾ ਦਿੱਤਾ ਕਿ ਰੇਲਵੇ ਦੀ ਪ੍ਰਸੋਨਲ ਬ੍ਰਾਂਚ ਕਿਸੇ ਵੀ ਤਰ੍ਹਾਂ ਦੀ ਮਦਦ ਜਾਂ ਮਾਰਗਦਰਸ਼ਨ ਲਈ ਹਮੇਸ਼ਾ ਤਿਆਰ ਹੈ। ਇਸ ਪ੍ਰਭਾਵਸ਼ਾਲੀ ਸਮਾਰੋਹ ਵਿਚ ਮੁੱਖ ਮੈਡੀਕਲ ਸੁਪਰਡੈਂਟ ਡਾ. ਰੰਜਨਾ ਸਹਿਗਲ, ਸੀਨੀਅਰ ਮੰਡਲ ਇੰਜੀਨੀਅਰ (ਤਾਲਮੇਲ) ਸੁਮਿਤ ਖੁੱਲਰ, ਸੀਨੀਅਰ ਮੰਡਲ ਵਿੱਤ ਪ੍ਰਬੰਧਕ ਰਾਹੁਲ ਦੇਵ ਸਮੇਤ ਰੇਲਵੇ ਦੇ ਕਈ ਹੋਰ ਉੱਚ ਅਧਿਕਾਰੀ ਅਤੇ ਕਰਮਚਾਰੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।