ਜ਼ਿਲ੍ਹਾ ਫ਼ਿਰੋਜ਼ਪੁਰ ਵਿਚ ਮਰਦਮਸ਼ੁਮਾਰੀ 2027 ਲਈ ਦੂਸਰੇ ਬੈਚ ਦੀ 3 ਰੋਜ਼ਾ ਟਰੇਨਿੰਗ ਮੁਕੰਮਲ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ: ਭਾਰਤ ਦੀ ਮਰਦਮਸ਼ੁਮਾਰੀ 2027 ਨੂੰ ਸੁਚਾਰੂ, ਸਹੀ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਅਮਲ ਵਿਚ ਲਿਆਉਣ ਲਈ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਨਗਰ ਕੌਂਸਲ/ਨਗਰ ਪੰਚਾਇਤ ਦਫ਼ਤਰ ਜ਼ੀਰਾ, ਮਖੂ, ਮੱਲਾਂਵਾਲਾ, ਮਮਦੋਟ ਅਤੇ ਮੁੱਦਕੀ, ਕੰਟੋਨਮੈਂਟ ਬੋਰਡ ਫ਼ਿਰੋਜ਼ਪੁਰ, ਤਹਿਸੀਲ ਦਫ਼ਤਰ ਫ਼ਿਰੋਜ਼ਪੁਰ ਵਿਖੇ ਦੂਸਰੇ ਬੈਚ ਦੀ ਮਕਾਨਸੂਚੀਕਰਣ ਅਤੇ ਮਕਾਨਾਂ ਦੀ ਗਿਣਤੀ ਸਬੰਧੀ 3 ਰੋਜ਼ਾ ਟਰੇਨਿੰਗ ਮੁਕੰਮਲ ਹੋਈ। ਇਸ ਟਰੇਨਿੰਗ ਦਾ ਮੁੱਖ ਉਦੇਸ਼ ਮਰਦਮਸ਼ੁਮਾਰੀ ਦੇ ਪਹਿਲੇ ਪੜਾਅ ਨੂੰ ਪੂਰੀ ਤਰ੍ਹਾਂ ਵਿਗਿਆਨਕ ਅਤੇ ਡਿਜੀਟਲ ਢੰਗ ਨਾਲ ਪੂਰਾ ਕਰਨਾ ਹੈ, ਤਾਂ ਜੋ ਅਗਲੇ ਪੜਾਅ ਦੀ ਯੋਜਨਾ ਸਹੀ ਅਧਾਰ ’ਤੇ ਬਣ ਸਕੇ। ਇਸ ਟਰੇਨਿੰਗ ਵਿਚ ਮਰਦਮਸ਼ੁਮਾਰੀ ਨਾਲ ਜੁੜੇ ਹਰੇਕ ਪੱਖ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਰਤਿਕ ਕੋਆਰਡੀਨੇਟਰ ਅਤੇ ਤਰਸੇਮ ਲਾਲ ਸਹਾਇਕ ਰਿਸਰਚ ਅਫ਼ਸਰ ਨੇ ਦੱਸਿਆ ਕਿ ਇਸ ਟਰੇਨਿੰਗ ਵਿੱਚ ਵੱਖ-ਵੱਖ ਵਿਭਾਗਾਂ ਤੋਂ ਭਾਗ ਲੈਣ ਵਾਲੇ ਗਿਣਤੀਕਾਰਾਂ ਦੀਆਂ ਮੁਸ਼ਕਿਲਾਂ ਦੇ ਹੱਲ ਅਤੇ ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰ ਦਿੱਤੇ ਗਏ। ਟਰੇਨਰਾਂ ਵੱਲੋਂ ਮਕਾਨਸੂਚੀਕਰਣ ਦੇ ਤਰੀਕਿਆਂ, ਮਕਾਨਾਂ ਦੀ ਸਹੀ ਪਛਾਣ, ਪਰਿਵਾਰਕ ਇਕਾਈਆਂ ਦੀ ਗਿਣਤੀ, ਡਾਟਾ ਇਕੱਠਾ ਕਰਨ ਦੀ ਵਿਧੀ ਅਤੇ ਰਿਕਾਰਡ ਭਰਨ ਦੀ ਪ੍ਰਕਿਰਿਆ ਬਾਰੇ ਸਪਸ਼ਟ ਅਤੇ ਆਸਾਨ ਢੰਗ ਨਾਲ ਸਮਝਾਇਆ ਗਿਆ। ਉਨ੍ਹਾਂ ਕਿਹਾ ਕਿ ਮਕਾਨਸੂਚੀਕਰਣ ਮਰਦਮਸ਼ੁਮਾਰੀ ਦਾ ਸਭ ਤੋਂ ਮਹੱਤਵਪੂਰਨ ਪੜਾਅ ਹੁੰਦਾ ਹੈ, ਜਿਸ ਦੇ ਆਧਾਰ ’ਤੇ ਆਗਾਮੀ ਕਾਰਵਾਈ ਨਿਰਭਰ ਕਰਦੀ ਹੈ। ਇਸ ਲਈ ਹਰ ਕਰਮਚਾਰੀ ਵੱਲੋਂ ਪੂਰੀ ਇਮਾਨਦਾਰੀ, ਜ਼ਿੰਮੇਵਾਰੀ ਅਤੇ ਚੌਕਸੀ ਨਾਲ ਆਪਣੀ ਡਿਊਟੀ ਨਿਭਾਉਣਾ ਬਹੁਤ ਜ਼ਰੂਰੀ ਹੈ। ਨਗਰ ਕੌਂਸਲ ਫ਼ਿਰੋਜ਼ਪੁਰ ਵਿਖੇ ਅਭਿਸ਼ੇਕ ਮਿਊਂਸੀਪਲ ਇੰਸਪੈਕਟਰ ਅਤੇ ਨੋਡਲ ਅਫਸਰ ਜਨਗਣਨਾ, ਫੀਲਡ ਟਰੇਨਰ ਰੁਪਿੰਦਰ ਕਪੂਰ, ਸਰਬਜੀਤ ਸਿੰਘ ਭਾਵੜਾ, ਅਜੇ ਕੁਮਾਰ ਅਤੇ ਰਿਤਿਕ ਨੇ ਦੱਸਿਆ ਕਿ ਟਰੇਨਿੰਗ ਦੌਰਾਨ ਮੈਦਾਨੀ ਪੱਧਰ ’ਤੇ ਆ ਸਕਣ ਵਾਲੀਆਂ ਸੰਭਾਵਿਤ ਸਮੱਸਿਆਵਾਂ ਜਿਵੇਂ ਕਿ ਡਾਟਾ ਇਕੱਠਾ ਕਰਨ ਵਿਚ ਆਉਣ ਵਾਲੀਆਂ ਰੁਕਾਵਟਾਂ, ਲੋਕਾਂ ਨਾਲ ਸੰਚਾਰ ਦੀਆਂ ਚੁਣੌਤੀਆਂ ਅਤੇ ਤਕਨੀਕੀ ਦਿੱਕਤਾਂ ਬਾਰੇ ਵੀ ਚਰਚਾ ਕੀਤੀ ਗਈ ਅਤੇ ਉਨ੍ਹਾਂ ਦੇ ਹੱਲ ਵੀ ਸਾਂਝੇ ਕੀਤੇ ਗਏ। ਇਸ ਤੋਂ ਇਲਾਵਾ ਨਵੇਂ ਡਿਜ਼ੀਟਲ ਸਾਧਨਾਂ ਦੀ ਵਰਤੋਂ ਰਾਹੀਂ ਡਾਟਾ ਇਕੱਠਾ ਕਰਨ ਦੀ ਪ੍ਰਕਿਰਿਆ ਨੂੰ ਹੋਰ ਵੀ ਆਸਾਨ, ਤੇਜ਼ ਅਤੇ ਪਾਰਦਰਸ਼ੀ ਬਣਾਉਣ ’ਤੇ ਖਾਸ ਧਿਆਨ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਮਰਦਮਸ਼ੁਮਾਰੀ ਦੇ ਸਹੀ ਅਤੇ ਭਰੋਸੇਯੋਗ ਅੰਕੜੇ ਹੀ ਸਰਕਾਰ ਦੀਆਂ ਭਵਿੱਖੀ ਨੀਤੀਆਂ, ਯੋਜਨਾਵਾਂ ਅਤੇ ਵਿਕਾਸ ਕਾਰਜਾਂ ਲਈ ਮਜ਼ਬੂਤ ਅਧਾਰ ਸਾਬਤ ਹੁੰਦੇ ਹਨ। ਅੰਤ ਵਿਚ ਟਰੇਨਿੰਗ ਵਿੱਚ ਸ਼ਾਮਲ ਕਰਮਚਾਰੀਆਂ ਨੂੰ ਟੀਮ ਵਰਕ ਦੇ ਨਾਲ ਇਸ ਮਹੱਤਵਪੂਰਨ ਕੰਮ ਨੂੰ ਸਫਲ ਬਣਾਉਣ ਵਿੱਚ ਯੋਗਦਾਨ ਪਾਉਣ ਲਈ ਕਿਹਾ ਗਿਆ, ਤਾਂ ਜੋ ਮਰਦਮਸ਼ੁਮਾਰੀ 2027 ਬਿਨ੍ਹਾ ਕਿਸੇ ਰੁਕਾਵਟ ਦੇ ਸਫਲਤਾਪੂਰਵਕ ਪੂਰੀ ਕੀਤੀ ਜਾ ਸਕੇ।