ਨਗਰ ਕੌਂਸਲ ਫਿਰੋਜ਼ਪੁਰ ਦੇ 33 ਵਾਰਡਾਂ ਲਈ 36.73 ਲੱਖ ਵੋਟਰ ਪਾਉਣਗੇ ਵੋਟਾਂ
ਨਗਰ ਕੋਂਸਲ ਫਿਰੋਜ਼ਪੁਰ ਸ਼ਹਿਰ ਦੀਆਂ 33 ਵਾਰਡਾਂ ਲਈ 36 ਲੱਖ 73 ਹਜ਼ਾਰ ਵੋਟਰ ਪਾਉਣਗੇ ਵੋਟਾਂ
Publish Date: Mon, 11 May 2026 07:37 PM (IST)
Updated Date: Mon, 11 May 2026 07:39 PM (IST)

ਪਰਮਿੰਦਰ ਸਿੰਘ ਥਿੰਦ,ਪੰਜਾਬੀ ਜਾਗਰਣ ਫਿਰੋਜ਼ਪੁਰ : ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਸੋਮਵਾਰ ਨੂੰ ਨਗਰ ਨਿਗਮ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਦਾ ਰਸਮੀ ਐਲਾਨ ਕਰ ਦਿੱਤਾ ਹੈ। ਇਸ ਐਲਾਨ ਦੇ ਨਾਲ ਹੀ ਸੂਬੇ ਭਰ ਵਿੱਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਇਨ੍ਹਾਂ ਚੋਣਾਂ ਲਈ ਵੋਟਿੰਗ 26 ਮਈ ਨੂੰ ਹੋਵੇਗੀ, ਜਦਕਿ 29 ਮਈ ਨੂੰ ਨਤੀਜੇ ਐਲਾਣੇ ਜਾਣਗੇ। ਇਸ ਵਾਰ ਚੋਣਾਂ ਵਿੱਚ ਫਿਰੋਜ਼ਪੁਰ ਦੇ ਕਰੀਬ 36 ਲੱਖ 73 ਹਜ਼ਾਰ ਵੋਟਰ ਨਗਰ ਕੋਂਸਲ ਫਿਰੋਜ਼ਪੁਰ ਸ਼ਹਿਰ ਦੀਆਂ 33 ਵਾਰਡਾਂ ਲਈ ਵੋਟਾਂ ਪਾਉਣਗੇ। ਚੋਣ ਕਮਿਸ਼ਨ ਵੱਲੋਂ ਜਾਰੀ ਸ਼ਡਿਊਲ ਮੁਤਾਬਿਕ, ਉਮੀਦਵਾਰ ਆਪਣੀ ਨਾਮਜ਼ਦਗੀ ਪੱਤਰ 13 ਮਈ ਤੋਂ 16 ਮਈ ਤੱਕ ਦਾਖਲ ਕਰ ਸਕਣਗੇ। ਨਾਮਜ਼ਦਗੀ ਪੱਤਰਾਂ ਦੀ ਪੜਤਾਲ 18 ਮਈ ਨੂੰ ਕੀਤੀ ਜਾਵੇਗੀ ਅਤੇ ਉਮੀਦਵਾਰ ਆਪਣੇ ਨਾਮ 19 ਮਈ ਤੱਕ ਵਾਪਸ ਲੈ ਸਕਦੇ ਹਨ। ਇਸ ਤੋਂ ਬਾਅਦ ਚੋਣ ਮੈਦਾਨ ਵਿੱਚ ਨਿੱਤਰੇ ਅਸਲ ਉਮੀਦਵਾਰਾਂ ਦੀ ਤਸਵੀਰ ਸਾਫ਼ ਹੋ ਜਾਵੇਗੀ। 26 ਮਈ ਨੂੰ ਸਵੇਰੇ ਵੋਟਿੰਗ ਪ੍ਰਕਿਰਿਆ ਸ਼ੁਰੂ ਹੋਵੇਗੀ ਅਤੇ 29 ਮਈ ਨੂੰ ਵੋਟਾਂ ਦੀ ਗਿਣਤੀ ਤੋਂ ਬਾਅਦ ਜੇਤੂਆਂ ਦਾ ਐਲਾਨ ਹੋਵੇਗਾ। ਚੋਣ ਕਮਿਸ਼ਨ ਨੇ ਉਮੀਦਵਾਰਾਂ ਦੇ ਖ਼ਰਚਿਆਂ ’ਤੇ ਸਖ਼ਤ ਨਿਗਰਾਨੀ ਰੱਖਣ ਦਾ ਫੈਸਲਾ ਕੀਤਾ ਹੈ। ਨਗਰ ਨਿਗਮ ਦੇ ਉਮੀਦਵਾਰਾਂ ਲਈ ਖ਼ਰਚੇ ਦੀ ਹੱਦ 4 ਲੱਖ ਰੁਪਏ ਤੈਅ ਕੀਤੀ ਗਈ ਹੈ, ਜਿਸ ਵਿਚ ਚਾਹ-ਪਾਣੀ, ਕੁਰਸੀਆਂ ਅਤੇ ਪ੍ਰਚਾਰ ਦਾ ਹੋਰ ਸਾਰਾ ਖ਼ਰਚਾ ਸ਼ਾਮਲ ਹੈ। ਦੂਜੇ ਪਾਸੇ, ਨਗਰ ਪੰਚਾਇਤ ਦੇ ਉਮੀਦਵਾਰ ਵੱਧ ਤੋਂ ਵੱਧ 1 ਲੱਖ ਰੁਪਏ ਖ਼ਰਚ ਕਰ ਸਕਣਗੇ। ਜੇਕਰ ਕੋਈ ਉਮੀਦਵਾਰ ਇਸ ਸੀਮਾ ਤੋਂ ਵੱਧ ਖ਼ਰਚਾ ਕਰਦਾ ਪਾਇਆ ਗਿਆ, ਤਾਂ ਚੋਣ ਕਮਿਸ਼ਨ ਵੱਲੋਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜ਼ਿਲ੍ਹਾ ਫ਼ਿਰੋਜ਼ਪੁਰ: ਵਾਰਡਾਂ ਦੀ ਵੰਡ ਤੇ ਰਾਖਵਾਂਕਰਨ ਜੇਕਰ ਗੱਲ ਜ਼ਿਲ੍ਹਾ ਫ਼ਿਰੋਜ਼ਪੁਰ ਦੀ ਕਰੀਏ ਤਾਂ ਇੱਥੋਂ ਦੇ 33 ਵਾਰਡਾਂ ਵਿੱਚ ਚੋਣਾਂ ਹੋਣ ਜਾ ਰਹੀਆਂ ਹਨ। ਜ਼ਿਕਰਯੋਗ ਹੈ ਕਿ ਪਿਛਲੀਆਂ ਚੋਣਾਂ ਵਿੱਚ ਇਨ੍ਹਾਂ ਸਾਰੀਆਂ ਵਾਰਡਾਂ ਤੇ ਕਾਂਗਰਸ ਦਾ ਕਬਜ਼ਾ ਸੀ ਅਤੇ ਪ੍ਰਧਾਨ ਵੀ ਕਾਂਗਰਸ ਪਾਰਟੀ ਦਾ ਹੀ ਬਣਿਆ ਸੀ। ਇਸ ਵਾਰ ਚੋਣ ਕਮਿਸ਼ਨ ਨੇ ਵਾਰਡਾਂ ਦੀ ਕੈਟਾਗਰੀ ਮੁਤਾਬਕ ਨਵੀਂ ਸੂਚੀ ਜਾਰੀ ਕੀਤੀ ਹੈ। ਵਾਰਡਾਂ ਦੀ ਨਵੀਂ ਸੂਚੀ ਐੱਸ.ਸੀ ਕੈਟਾਗਰੀ ਦੇ ਵਾਰਡ ਨੰਬਰ 14, 20, 22, 29 ਅਤੇ 33 (ਕੁੱਲ 5 ਵਾਰਡ) ਰਾਖਵੇਂ ਕੀਤੇ ਗਏ ਹਨ। ਐਸ ਸੀ ਔਰਤਾਂ ਲਈ 3, 5 ,15, 21 ਵਾਰਡ ਰਾਖਵੇਂ ਹਨ। ਬੀ.ਸੀ ਕੈਟਾਗਰੀ: 32 ਨੰਬਰ ਵਾਰਡ ਰੱਖਿਆ ਗਿਆ ਹੈ। ਜਨਰਲ ਕੈਟਾਗਰੀ ਦੇ ਵਾਰਡ ਨੰਬਰ 2, 4, 6, 8, 10, 12, 16, 18, 24, 26 ਤੇ 28 (ਕੁੱਲ 11 ਵਾਰਡ) ’ਚ ਜਨਰਲ ਉਮੀਦਵਾਰ ਚੋਣ ਲੜਨਗੇ। ਜਨਰਲ ਮਹਿਲਾ ਦੇ ਵਾਰਡ ਨੰਬਰ 1, 7, 13, 17, 19, 32, 27, 30 ਤੇ 31 ਮਹਿਲਾਵਾਂ ਲਈ ਰਾਖਵੇਂ ਹਨ।