ਹੋਣਹਾਰ ਵਿਦਿਆਰਥੀ ਸਮਾਜ ਤੇ ਦੇਸ਼ ਦਾ ਭਵਿੱਖ : ਦੀਪਸ਼ਿਖਾ ਸ਼ਰਮਾ
ਡਿਪਟੀ ਕਮਿਸ਼ਨਰ ਵੱਲੋਂ 35 ਵਿਦਿਆਰਥੀ ਐਜੂਕੇਸ਼ਨ ਐਕਸੀਲੈਂਸ ਐਵਾਰਡ 2026 ਨਾਲ ਸਨਮਾਨਿਤ
Publish Date: Fri, 22 May 2026 04:43 PM (IST)
Updated Date: Fri, 22 May 2026 04:46 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਜ਼ਿਲ੍ਹਾ ਪ੍ਰਸ਼ਾਸਨ ਫ਼ਿਰੋਜ਼ਪੁਰ ਤੇ ਸਕੂਲ ਸਿੱਖਿਆ ਵਿਭਾਗ, ਪੰਜਾਬ ਜ਼ਿਲ੍ਹਾ ਫ਼ਿਰੋਜ਼ਪੁਰ ਵੱਲੋਂ ਅੱਠਵੀਂ, ਦੱਸਵੀਂ ਤੇ ਬਾਰਵੀਂ ਜਮਾਤ ਦੀ ਮੈਰਿਟ ਸੂਚੀ ’ਚ ਸਥਾਨ ਹਾਸਲ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਸਮਾਰੋਹ ਦੌਰਾਨ ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਵੱਲੋਂ 35 ਵਿਦਿਆਰਥੀਆਂ ਨੂੰ ‘ਐਜੂਕੇਸ਼ਨ ਐਕਸੀਲੈਂਸ ਐਵਾਰਡ-2026’ ਨਾਲ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ.) ਮੁਨੀਲਾ ਅਰੋੜਾ ਤੇ ਡਿਪਟੀ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਸਤਿੰਦਰ ਸਿੰਘ ਨੈਸ਼ਨਲ ਅਵਾਰਡੀ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਸ ਮੌਕੇ ਡਿਪਟੀ ਕਮਿਸ਼ਨਰ ਦੀਪਸ਼ਿਖਾ ਨੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਹ ਹੋਣਹਾਰ ਬੱਚੇ ਜ਼ਿਲ੍ਹੇ, ਮਾਪਿਆਂ ਤੇ ਅਧਿਆਪਕਾਂ ਦਾ ਮਾਣ ਹਨ, ਜਿਨ੍ਹਾਂ ਦੀ ਮਿਹਨਤ ਅਤੇ ਲਗਨ ਨਾਲ ਫ਼ਿਰੋਜ਼ਪੁਰ ਦਾ ਨਾਮ ਸੂਬਾ ਪੱਧਰ ’ਤੇ ਰੌਸ਼ਨ ਹੋਇਆ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਮਨੁੱਖੀ ਜੀਵਨ ਦੀ ਸਭ ਤੋਂ ਵੱਡੀ ਤਾਕਤ ਹੈ ਅਤੇ ਅਜਿਹੇ ਵਿਦਿਆਰਥੀ ਹੋਰਾਂ ਲਈ ਵੀ ਪ੍ਰੇਰਣਾ ਸਰੋਤ ਬਣਦੇ ਹਨ। ਜ਼ਿਲ੍ਹਾ ਸਿੱਖਿਆ ਅਫ਼ਸਰ ਮੁਨੀਲਾ ਅਰੋੜਾ ਨੇ ਕਿਹਾ ਕਿ ਵਿਦਿਆਰਥੀਆਂ ਦੀ ਸਫਲਤਾ ਦੇ ਪਿੱਛੇ ਅਧਿਆਪਕਾਂ ਦੀ ਮਿਹਨਤ ਅਤੇ ਮਾਪਿਆਂ ਦਾ ਸਹਿਯੋਗ ਵੀ ਬਰਾਬਰ ਮਹੱਤਵ ਰੱਖਦਾ ਹੈ। ਡਿਪਟੀ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਅਜਿਹੇ ਸਨਮਾਨ ਸਮਾਰੋਹ ਵਿਦਿਆਰਥੀਆਂ ਦੇ ਮਨੋਬਲ ਨੂੰ ਹੋਰ ਮਜ਼ਬੂਤ ਕਰਦੇ ਹਨ ਅਤੇ ਉਨ੍ਹਾਂ ਨੂੰ ਭਵਿੱਖ ਵਿਚ ਹੋਰ ਵੱਡੀਆਂ ਉਪਲਬੱਧੀਆਂ ਹਾਸਲ ਕਰਨ ਲਈ ਪ੍ਰੇਰਿਤ ਕਰਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਬੱਚੇ ਹਰ ਖੇਤਰ ਵਿਚ ਨਵੇਂ ਮਾਪਦੰਡ ਸਥਾਪਿਤ ਕਰ ਰਹੇ ਹਨ ਅਤੇ ਅੱਜ ਦੇ ਇਹ ਮੈਰਿਟ ਹੋਲਡਰ ਵਿਦਿਆਰਥੀ ਹੋਰ ਬੱਚਿਆਂ ਲਈ ਪ੍ਰੇਰਣਾ ਸਰੋਤ ਬਣਨਗੇ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਜੀਵਨ ਵਿਚ ਉੱਚੇ ਟੀਚੇ ਨਿਰਧਾਰਤ ਕਰਕੇ ਨਿਰੰਤਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਸਿੱਖਿਆ ਹੀ ਸਮਾਜਿਕ ਤਰੱਕੀ ਦਾ ਸਭ ਤੋਂ ਮਜ਼ਬੂਤ ਆਧਾਰ ਹੈ। ਇਸ ਪ੍ਰੋਗਰਾਮ ਦੇ ਵਿੱਚ ਭਾਰਤੀ ਏਅਰਟੈੱਲ ਵੱਲੋਂ ਵੀ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਸਮਾਗਮ ਦੌਰਾਨ ਦਿਨੇਸ਼ ਚੌਹਾਨ ਡੀਆਰਸੀ, ਸੁਖਚੈਨ ਸਿੰਘ ਸਟੈਨੋ, ਸੰਦੀਪ ਕੁਮਾਰ, ਇੰਦਰਪਾਲ ਸਿੰਘ, ਰਜੀਵ ਸ਼ਰਮਾ, ਵਿਸ਼ਾਲ ਗਾਂਧੀ, ਗੋਰਵ ਮੰਗਲੁ, ਦੀਪਕ ਕੁਮਾਰ, ਇਸ਼ਮੀਤ ਸਿੰਘ ਸਮੇਤ ਸਕੂਲ ਮੁਖੀਆਂ, ਅਧਿਆਪਕਾਂ, ਮਾਪਿਆਂ ਅਤੇ ਹੋਰ ਪ੍ਰਮੁੱਖ ਹਸਤੀਆਂ ਦੀ ਵੀ ਹਾਜ਼ਰੀ ਰਹੀ।