‘ਨਵੀਆਂ ਕਲਮਾਂ ਨਵੀਂ ਉਡਾਣ’ ਪ੍ਰੋਜੈਕਟ ਤਹਿਤ ਦੂਸਰੀ ਇਕ ਰੋਜ਼ਾ ਅੰਤਰਰਾਸ਼ਟਰੀ ਬਾਲ ਲੇਖਕ ਕਾਨਫਰੰਸ ’ਚ ਜ਼ਿਲ੍ਹਾ ਫ਼ਿਰੋਜ਼ਪੁਰ ਦੀਆਂ 2 ਵਿਦਿਆਰਥਣਾਂ ਸਨਮਾਨਿਤ

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਬਾਲ ਸਾਹਿਤਕਾਰਾਂ ਦੀ ਦੂਸਰੀ ਇਕ ਰੋਜ਼ਾ ਅੰਤਰਰਾਸ਼ਟਰੀ ਬਾਲ ਲੇਖਕ ਕਾਨਫਰੰਸ ਕੈਬਰਜ਼ ਇੰਟਰਨੈਸ਼ਨਲ ਸਕੂਲ ਫਗਵਾੜਾ ਵਿਖੇ ਸਫਲਤਾ ਪੂਰਵਕ ਸੰਪੰਨ ਹੋ ਗਈ। ਇਸ ਸਮਾਗਮ ਵਿਚ ਜ਼ਿਲ੍ਹਾ ਪੱਧਰ ’ਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਮੁਨੀਲਾ ਅਰੋੜਾ, ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਸੁਨੀਤਾ ਰਾਣੀ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਡਾ. ਸਤਿੰਦਰ ਸਿੰਘ ਨੈਸ਼ਨਲ ਐਵਾਰਡੀ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਕੋਮਲ ਅਰੋੜਾ ਦੀ ਅਗਵਾਈ ਹੇਠ ਜ਼ਿਲ੍ਹਾ ਫ਼ਿਰੋਜ਼ਪੁਰ ਦੀਆਂ 2 ਵਿਦਿਆਰਥਣਾਂ ਜੈਸਮੀਨ ਕੌਰ ਜਮਾਤ ਅੱਠਵੀਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੁਕਨਾ ਬੇਗੂ ਨੇ ਆਪਣੀ ਲਿਖੀ ਕਵਿਤਾ ‘ਪ੍ਰਮਾਤਮਾ ਦੀ ਕੁਦਰਤ’ ਅਤੇ ਪ੍ਰਭਜੀਤ ਕੌਰ ਸਰਕਾਰੀ ਮਿਡਲ ਸਕੂਲ ਪਟੇਲ ਨਗਰ ਜਮਾਤ ਛੇਵੀਂ ਵੱਲੋਂ ਵੀ ਆਪਣੀ ਲਿਖੀ ਕਵਿਤਾ ‘ਮਾਂ ਤੇ ਕੁਦਰਤ’ ਸ਼ਿਰਕਤ ਕਰਦੇ ਹੋਏ ਆਪਣੀਆਂ ਕਵਿਤਾਵਾਂ ਸੁਣਾ ਕੇ ਹਾਜ਼ਰ ਸ਼ਖ਼ਸੀਅਤਾਂ ਨੂੰ ਪ੍ਰਭਾਵਿਤ ਕੀਤਾ। ਇਨ੍ਹਾਂ ਬੱਚਿਆਂ ਦੇ ਗਾਈਡ ਅਧਿਆਪਕ ਸੁਦੇਸ਼ ਰਾਣੀ ਤੇ ਦਵਿੰਦਰ ਕੌਰ ਸਨ। ਇਨ੍ਹਾਂ ਬੱਚਿਆਂ ਦੀ ਤਿਆਰੀ ਲਈ ਹਰਫੂਲ ਸਿੰਘ ਪ੍ਰਿੰਸੀਪਲ ਰੁਕਨਾ ਬੇਗੂ ਤੇ ਸੁਮਨਦੀਪ ਬੀਪੀਈਓ, ਫ਼ਿਰੋਜ਼ਪੁਰ-1 ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਫ਼ਿਰੋਜ਼ਪੁਰ ਟੀਮ ਦੇ ਪ੍ਰਧਾਨ ਡਾ. ਅਮਰ ਜੋਤੀ ਮਾਂਗਟ ‘ਜੋਤ’ ਨੇ ਦੱਸਿਆ ਕਿ ਬੀਤੀ 3 ਮਈ ਨੂੰ ‘ਨਵੀਆਂ ਕਲਮਾਂ ਨਵੀਂ ਉਡਾਣ’ ਤਹਿਤ ਬਾਲ ਸਾਹਿਤਕਾਰਾਂ ਦੀ ਦੂਸਰੀ ਇਕ ਰੋਜ਼ਾ ਅੰਤਰਰਾਸ਼ਟਰੀ ਬਾਲ ਲੇਖਕ ਕਾਨਫਰੰਸ ਕੈਬਰਜ਼ ਇੰਟਰਨੈਸ਼ਨਲ ਸਕੂਲ ਫਗਵਾੜਾ ਵਿਖੇ ਪ੍ਰੋਜੈਕਟ ਦੇ ਸੰਸਥਾਪਕ ਸੁੱਖੀ ਬਾਠ ਪੰਜਾਬ ਭਵਨ ਸਰੀ ਕੈਨੇਡਾ, ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ, ਡਾ. ਪਰਵਿੰਦਰ ਸਿੰਘ ਪ੍ਰਧਾਨ ਵਰਲਡ ਬੁੱਧੀਸਟ ਫੈਡਰੇਸ਼ਨ ਵਿਸ਼ਵ ਸ਼ਾਂਤੀ ਸੰਸਥਾ, ਸੰਯੁਕਤ ਰਾਸ਼ਟਰ ਦੇ ਰਾਜਦੂਤ ਤੇ ਡਾ. ਐੱਸਪੀ. ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਮੁੱਖ ਮਹਿਮਾਨ ਤੇ ਪ੍ਰੋ. ਗੁਰਭਜਨ ਸਿੰਘ ਗਿੱਲ ਚੇਅਰਮੈਨ ਲੋਕ ਵਿਰਾਸਤ ਅਕੈਡਮੀ, ਜਸਵੰਤ ਸਿੰਘ ਖਹਿਰਾ ਸਕੱਤਰ ਅਕਾਲ ਕਾਲਜ ਕੌਂਸਲ ਗੁਰਸਾਗਰ ਮਸਤੂਆਣਾ ਸਾਹਿਬ ਆਦਿ ਵੱਲੋਂ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਸ਼ਿਰਕਤ ਕਰਕੇ ਹਾਜ਼ਰ ਬਾਲ ਲੇਖਕਾਂ ਦੀ ਹੌਂਸਲਾ ਅਫ਼ਜਾਈ ਕੀਤੀ ਗਈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਫ਼ਿਰੋਜ਼ਪੁਰ ਦੀਆਂ 2 ਵਿਦਿਆਰਥਣਾਂ ਵੱਲੋਂ ਇਸ ਇਕ ਰੋਜ਼ਾ ਕਾਨਫਰੰਸ ਵਿਚ ਭਾਗ ਲੈ ਕੇ ਆਪਣੀਆਂ ਲਿਖੀਆਂ ਕਵਿਤਾਵਾਂ ਸੁਣਾਈਆਂ ਤੇ ਵੱਖ-ਵੱਖ ਸਕੂਲਾਂ ਦੇ 10 ਵਿਦਿਅਰਥੀਆਂ ਵੱਲੋਂ ਸ਼ਿਰਕਤ ਕੀਤੀ ਗਈ। ਉਨ੍ਹਾਂ ਕਿਹਾ ਕਿ ਬਾਲ ਲੇਖਕਾਂ ਦੀਆਂ ਲਿਖਤਾਂ ਨੂੰ ਉਤਸ਼ਾਹਿਤ ਕਰਨ ਲਈ ਸੁੱਖੀ ਬਾਠ ਹਮੇਸ਼ਾ ਯਤਨਸ਼ੀਲ ਰਹੇ ਹਨ ਅਤੇ ਉਨ੍ਹਾਂ ਵੱਲੋਂ ਕੀਤਾ ਜਾ ਰਿਹਾ ਇਹ ਉਪਰਾਲਾ ਮੀਲ ਪੱਥਰ ਸਾਬਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਬਾਲ ਕਾਨਫਰੰਸਾਂ ਭਵਿੱਖ ਵਿਚ ਵੀ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਤਾਂ ਜੋ ਵਿਦਿਆਰਥੀਆਂ ਵਿਚ ਮੁੱਢ ਤੋਂ ਹੀ ਸਾਹਿਤ ਪ੍ਰਤੀ ਰੁਚੀ ਪੈਦਾ ਕੀਤੀ ਜਾ ਸਕੇ। ਦੱਸਣਯੋਗ ਹੈ ਕਿ ‘ਨਵੀਆਂ ਕਲਮਾਂ ਨਵੀਂ ਉਡਾਣ’ ਪ੍ਰੋਜੈਕਟ ਤਹਿਤ ਪਹਿਲਾਂ ਵੀ 71 ਬਾਲ ਲੇਖਕਾਂ ਦੀਆਂ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਅਤੇ ਅੱਜ ਦੀ ਦੂਸਰੀ ਬਾਲ ਲੇਖਕ ਕਾਨਫਰੰਸ ਵਿਚ 19 ਪੁਸਤਕਾਂ ਦੀ ਘੁੰਡ ਚੁਕਾਈ ਕੀਤੀ ਗਈ ਹੈ। ਜਿਸ ਵਿਚ ਪਾਕਿਸਤਾਨ ਦੀਆਂ 5, ਇੰਗਲੈਡ ਤੇ ਫਰਾਂਸ ਦੇ ਲੇਖਕਾਂ ਦੀ ਇਕ-ਇਕ ਪੁਸਤਕ ਸ਼ਾਮਲ ਹੈ। ਹੁਣ ਤੱਕ ਜ਼ਿਲ੍ਹਾਂ ਫ਼ਿਰੋਜ਼ਪੁਰ ਦੇ 62 ਵਿਦਿਆਰਥੀਆਂ ਦੀਆਂ ਲਿਖੀਆਂ 99 ਕਵਿਤਾਵਾਂ ਤੇ ਲੇਖ ਦੀ ਇਕ ਪੁਸਤਕ ਲੋਕ ਅਰਪਣ ਹੋ ਚੁੱਕੀ ਹੈ ਅਤੇ ਦੂਜੀ ਪੁਸਤਕ ਦੇ ਪ੍ਰਕਾਸ਼ਨ ਲਈ ਕੰਮ ਚੱਲ ਰਿਹਾ ਹੈ। ਇਸ ਮੌਕੇ ਬਲਜੀਤ ਸਿੰਘ ਧਾਲੀਵਾਲ ਟੀਮ ਮੈਂਬਰ, ਦਵਿੰਦਰ ਕੌਰ, ਵਿਵੇਕਾਨੰਦ ਅਤੇ ਬੱਚਿਆਂ ਦੇ ਮਾਂ ਪਿਓ ਆਦਿ ਹਾਜ਼ਰ ਸਨ।