‘ਨਵੀਆਂ ਕਲਮਾਂ ਨਵੀਂ ਉਡਾਣ’ ਪ੍ਰੋਜੈਕਟ ਤਹਿਤ ਦੂਸਰੀ ਇੱਕ ਰੋਜ਼ਾ ਅੰਤਰਰਾਸ਼ਟਰੀ ਬਾਲ ਲੇਖਕ ਕਾਨਫਰੰਸ ਵਿਚ ਜ਼ਿਲ੍ਹਾ ਫ਼ਿਰੋਜ਼ਪੁਰ ਦੀਆਂ 2 ਵਿਦਿਆਰਥਣਾਂ ਸਨਮਾਨਿਤ

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਬਾਲ ਸਾਹਿਤਕਾਰਾਂ ਦੀ ਦੂਸਰੀ ਇਕ ਰੋਜ਼ਾ ਅੰਤਰਰਾਸ਼ਟਰੀ ਬਾਲ ਲੇਖਕ ਕਾਨਫਰੰਸ ਕੈਬਰਜ਼ ਇੰਟਰਨੈਸ਼ਨਲ ਸਕੂਲ ਫਗਵਾੜਾ ਵਿਖੇ ਸਫਲਤਾ ਪੂਰਵਕ ਸੰਪੰਨ ਹੋ ਗਈ। ਇਸ ਸਮਾਗਮ ਵਿਚ ਜ਼ਿਲ੍ਹਾ ਪੱਧਰ ਤੇ ਮੁਨੀਲਾ ਅਰੋੜਾ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ, ਸੁਨੀਤਾ ਰਾਣੀ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ, ਡਾ. ਸਤਿੰਦਰ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ, ਕੋਮਲ ਅਰੋੜਾ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਫ਼ਿਰੋਜ਼ਪੁਰ ਦੀਆਂ 2 ਵਿਦਿਆਰਥਣਾਂ ਜੈਸਮੀਨ ਕੌਰ ਜਮਾਤ ਅੱਠਵੀਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੁਕਨਾ ਬੇਗੂ ਨੇ ਆਪਣੀ ਲਿਖੀ ਕਵਿਤਾ ‘ਪ੍ਰਮਾਤਮਾ ਦੀ ਕੁਦਰਤ’ ਅਤੇ ਪ੍ਰਭਜੀਤ ਕੌਰ ਸਰਕਾਰੀ ਮਿਡਲ ਸਕੂਲ ਪਟੇਲ ਨਗਰ ਜਮਾਤ ਛੇਵੀਂ ਵੱਲੋਂ ਵੀ ਆਪਣੀ ਲਿਖੀ ਕਵਿਤਾ ‘ਮਾਂ ਤੇ ਕੁਦਰਤ’ ਸ਼ਿਰਕਤ ਕਰਦੇ ਹੋਏ ਆਪਣੀਆਂ ਕਵਿਤਾਵਾਂ ਸੁਣਾ ਕੇ ਹਾਜ਼ਰ ਸ਼ਖ਼ਸੀਅਤਾਂ ਨੂੰ ਪ੍ਰਭਾਵਿਤ ਕੀਤਾ। ਇਨ੍ਹਾਂ ਬੱਚਿਆਂ ਦੇ ਗਾਈਡ ਅਧਿਆਪਕ ਸੁਦੇਸ਼ ਰਾਣੀ ਤੇ ਦਵਿੰਦਰ ਕੌਰ ਸਨ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਫਿਰੋਜ਼ਪੁਰ ਟੀਮ ਦੇ ਪ੍ਰਧਾਨ ਡਾ. ਅਮਰ ਜੋਤੀ ਮਾਂਗਟ ‘ਜੋਤ’ ਨੇ ਦੱਸਿਆ ਕਿ ਬੀਤੀ 3 ਮਈ ਨੂੰ ‘ਨਵੀਆਂ ਕਲਮਾਂ ਨਵੀਂ ਉਡਾਣ’ ਤਹਿਤ ਬਾਲ ਸਾਹਿਤਕਾਰਾਂ ਦੀ ਦੂਸਰੀ ਇਕ ਰੋਜ਼ਾ ਅੰਤਰਰਾਸ਼ਟਰੀ ਬਾਲ ਲੇਖਕ ਕਾਨਫਰੰਸ ਕੈਬਰਜ਼ ਇੰਟਰਨੈਸ਼ਨਲ ਸਕੂਲ ਫਗਵਾੜਾ ਵਿਖੇ ਹੋਈ। ਇਸ ਮੌਕੇ ‘ਨਵੀਆਂ ਕਲਮਾਂ ਨਵੀਂ ਉਡਾਣ’ ਪ੍ਰੋਜੈਕਟ ਦੇ ਸੰਸਥਾਪਕ ਸੁੱਖੀ ਬਾਠ ਪੰਜਾਬ ਭਵਨ ਸਰੀ ਕੈਨੇਡਾ, ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ, ਡਾ. ਪਰਵਿੰਦਰ ਸਿੰਘ ਪ੍ਰਧਾਨ ਵਰਲਡ ਬੁੱਧੀਸਟ ਫੈਡਰੇਸ਼ਨ ਵਿਸ਼ਵ ਸ਼ਾਂਤੀ ਸੰਸਥਾ, ਸੰਯੁਕਤ ਰਾਸ਼ਟਰ ਦੇ ਰਾਜਦੂਤ ਤੇ ਡਾ. ਐੱਸਪੀ ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਸ਼ਿਰਕਤ ਕਰਕੇ ਹਾਜ਼ਰ ਬਾਲ ਲੇਖਕਾਂ ਦੀ ਹੌਂਸਲਾ ਅਫ਼ਜਾਈ ਕੀਤੀ। ਬਾਲ ਸਾਹਿਤਕਾਰਾਂ ਨੂੰ ਉਤਸ਼ਾਹਿਤ ਕਰਨ ਲਈ ਸੁੱਖੀ ਬਾਠ ਵੱਲੋਂ ਕੀਤੇ ਜਾ ਰਹੇ ਉਪਰਾਲੇ ਦੀ ਸ਼ਲਾਘਾ ਸਰਕਾਰੀ ਪ੍ਰਾਇਮਰੀ ਸਕੂਲ ਪਟੇਲ ਨਗਰ ਦੀ ਸਕੂਲ ਮੁਖੀ ਸੁਦੇਸ਼ ਰਾਣੀ ਅਤੇ ਡਾ.ਅਮਰ ਜੋਤੀ ਮਾਂਗਟ ‘ਨਵੀਆਂ ਕਲਮਾਂ ਨਵੀਂ ਉਡਾਨ’ ਦੇ ਜ਼ਿਲ੍ਹਾ ਪ੍ਰਧਾਨ ਨੇ ਕਰਦਿਆਂ ਕਿਹਾ ਕਿ ਜ਼ਿਲ੍ਹਾ ਫ਼ਿਰੋਜ਼ਪੁਰ ਦੀਆਂ 2 ਵਿਦਿਆਰਥਣਾਂ ਵੱਲੋਂ ਇਸ ਇਕ ਰੋਜ਼ਾ ਕਾਨਫਰੰਸ ਵਿਚ ਭਾਗ ਲੈ ਕੇ ਆਪਣੀਆਂ ਲਿਖੀਆਂ ਕਵਿਤਾਵਾਂ ਸੁਣਾਈਆਂ ਤੇ ਵੱਖ-ਵੱਖ ਸਕੂਲਾਂ ਦੇ 10 ਵਿਦਿਅਰਥੀਆਂ ਵੱਲੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ਬਲਜੀਤ ਸਿੰਘ ਧਾਲੀਵਾਲ ਟੀਮ ਮੈਂਬਰ, ਦਵਿੰਦਰ ਕੌਰ, ਵਿਵੇਕਾਨੰਦ, ਬੱਚਿਆਂ ਦੇ ਮਾਂ ਪਿਓ ਆਦਿ ਹਾਜ਼ਰ ਸਨ।