ਫਿਰੋਜ਼ਪੁਰ ਮੰਡਲ ਦੇ 13 ਰੇਲ ਕਰਮਚਾਰੀਆਂ ਦਾ ‘ਸੁਰੱਖਿਆ ਪੁਰਸਕਾਰ’ ਨਾਲ ਸਨਮਾਨ
ਫਿਰੋਜ਼ਪੁਰ ਮੰਡਲ ਦੇ 13 ਰੇਲ ਕਰਮਚਾਰੀਆਂ ਦਾ ‘ਸੁਰੱਖਿਆ ਪੁਰਸਕਾਰ’ ਨਾਲ ਸਨਮਾਨ
Publish Date: Tue, 28 Apr 2026 05:09 PM (IST)
Updated Date: Tue, 28 Apr 2026 05:13 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਰੇਲਵੇ ਵਿਚ ਸੁਰੱਖਿਆ ਅਤੇ ਮੁਸਾਫਰਾਂ ਦੀ ਸਲਾਮਤੀ ਸਭ ਤੋਂ ਅਹਿਮ ਹੁੰਦੀ ਹੈ। ਇਸੇ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਵਾਲੇ ਫਿਰੋਜ਼ਪੁਰ ਮੰਡਲ ਦੇ 13 ਰੇਲ ਕਰਮਚਾਰੀਆਂ ਨੂੰ ਉਨ੍ਹਾਂ ਦੀ ਚੌਕਸੀ ਅਤੇ ਸਮਝਦਾਰੀ ਲਈ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ ਹੈ। ਮਾਰਚ ਅਤੇ ਅਪ੍ਰੈਲ 2026 ਦੇ ਦੌਰਾਨ ਇਨ੍ਹਾਂ ਕਰਮਚਾਰੀਆਂ ਨੇ ਆਪਣੀ ਡਿਊਟੀ ਦੌਰਾਨ ਬੇਮਿਸਾਲ ਤੱਤਪਰਤਾ ਦਿਖਾਉਂਦੇ ਹੋਏ ਸੰਭਾਵੀ ਰੇਲ ਹਾਦਸਿਆਂ ਨੂੰ ਟਾਲਣ ਅਤੇ ਸੁਰੱਖਿਅਤ ਰੇਲ ਸੰਚਾਲਨ ਨੂੰ ਯਕੀਨੀ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਰੇਲਵੇ ਪ੍ਰਸ਼ਾਸਨ ਵੱਲੋਂ ਦਿੱਤਾ ਗਿਆ ਇਹ ਸੁਰੱਖਿਆ ਪੁਰਸਕਾਰ ਨਾ ਸਿਰਫ਼ ਇਨ੍ਹਾਂ ਕਰਮਚਾਰੀਆਂ ਦੀ ਮਿਹਨਤ ਦਾ ਮੁੱਲ ਹੈ, ਸਗੋਂ ਇਹ ਬਾਕੀ ਸਟਾਫ਼ ਲਈ ਵੀ ਇਕ ਪ੍ਰੇਰਨਾ ਸਰੋਤ ਵਜੋਂ ਕੰਮ ਕਰੇਗਾ। ਫਿਰੋਜ਼ਪੁਰ ਮੰਡਲ ਵਿੱਚ ਰੇਲਵੇ ਸੁਰੱਖਿਆ ਦੇ ਮਿਆਰਾਂ ਨੂੰ ਬਰਕਰਾਰ ਰੱਖਣ ਲਈ ਵੱਖ-ਵੱਖ ਵਿਭਾਗਾਂ ਦੇ 11 ਕਰਮਚਾਰੀਆਂ ਜਿਨ੍ਹਾਂ ਵਿਚ ਟੈਕਨੀਸ਼ੀਅਨ, ਪੁਆਇੰਟਸਮੈਨ, ਸਟੇਸ਼ਨ ਮਾਸਟਰ ਅਤੇ ਟ੍ਰੇਨ ਮੈਨੇਜਰ ਸ਼ਾਮਲ ਹਨ ਨੂੰ ਉਨ੍ਹਾਂ ਦੇ ਸ਼ਾਨਦਾਰ ਕਾਰਜ ਲਈ ਚੁਣਿਆ ਗਿਆ। ਸਨਮਾਨਿਤ ਹੋਣ ਵਾਲੇ ਕਰਮਚਾਰੀਆਂ ਵਿਚ ਅਮਿਤ ਕੁਮਾਰ ਟੈਕਨੀਸ਼ੀਅਨ-I, ਸ਼ੁਭਮ ਝਾਅ ਪੁਆਇੰਟਸਮੈਨ, ਸੌਰਭ ਸਿੰਘ ਜੂਨੀਅਰ ਇੰਜੀਨੀਅਰ, ਮਿੰਟੂ ਕੁਮਾਰ ਸਟੇਸ਼ਨ ਮਾਸਟਰ, ਸ਼ੇਰ ਸਿੰਘ ਟ੍ਰੇਨ ਮੈਨੇਜਰ, ਨਿਤੀਸ਼ ਕੁਮਾਰ ਪੁਆਇੰਟਸਮੈਨ, ਸੋਨਪਾਲ ਮੀਨਾ ਸਟੇਸ਼ਨ ਮਾਸਟਰ, ਹਿਮਾਂਸ਼ੂ ਸਿੰਘ ਟ੍ਰੇਨ ਮੈਨੇਜਰ, ਸੁਸ਼ਾਂਤ ਸਿੰਘ ਸਟੇਸ਼ਨ ਮਾਸਟਰ, ਸੰਜੀਵ ਕੁਮਾਰ ਵਰਮਾ ਪੁਆਇੰਟਸਮੈਨਅਤੇ ਰਮੇਸ਼ ਚੰਦ ਮੀਨਾ ਪੁਆਇੰਟਸਮੈਨ ਦੇ ਪ੍ਰਮੁੱਖ ਹਨ। ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਨੇ ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰੇਲਵੇ ਦੀ ਸੁਰੱਖਿਆ ਕਰਮਚਾਰੀਆਂ ਦੀ ਚੌਕਸੀ ’ਤੇ ਟਿਕੀ ਹੁੰਦੀ ਹੈ। ਉਨ੍ਹਾਂ ਕਿਹਾ ਇਹ ਸਨਮਾਨ ਕਰਮਚਾਰੀਆਂ ਦੇ ਮਨੋਬਲ ਨੂੰ ਵਧਾਉਣ ਲਈ ਦਿੱਤਾ ਗਿਆ ਹੈ ਤਾਂ ਜੋ ਉਹ ਭਵਿੱਖ ਵਿੱਚ ਵੀ ਪੂਰੀ ਨਿਸ਼ਠਾ ਨਾਲ ਕੰਮ ਕਰਨ। ਜਦੋਂ ਕੋਈ ਕਰਮਚਾਰੀ ਚੌਕਸ ਰਹਿੰਦਾ ਹੈ, ਤਾਂ ਉਹ ਵੱਡੇ ਹਾਦਸਿਆਂ ਨੂੰ ਰੋਕਣ ਵਿੱਚ ਕਾਮਯਾਬ ਹੁੰਦਾ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਫਿਰੋਜ਼ਪੁਰ ਮੰਡਲ ਆਉਣ ਵਾਲੇ ਸਮੇਂ ਵਿਚ ਵੀ ਸੁਰੱਖਿਆ ਦੇ ਉੱਚ ਮਿਆਰਾਂ ਨੂੰ ਕਾਇਮ ਰੱਖਣ ਲਈ ਲਗਾਤਾਰ ਯਤਨਸ਼ੀਲ ਰਹੇਗਾ। ਇਸ ਵਿਸ਼ੇਸ਼ ਸਮਾਗਮ ਦੌਰਾਨ ਸੀਨੀਅਰ ਮੰਡਲ ਸੁਰੱਖਿਆ ਅਧਿਕਾਰੀ ਰੋਹਿਤ ਵਰਮਾ, ਸੀਨੀਅਰ ਮੰਡਲ ਇੰਜੀਨੀਅਰ ਸੁਮਿਤ ਖੁੱਲਰ, ਸੀਨੀਅਰ ਮੰਡਲ ਬਿਜਲੀ ਇੰਜੀਨੀਅਰ ਜੀਤ ਰਾਮ ਅਤੇ ਸੀਨੀਅਰ ਮੰਡਲ ਸੰਚਾਲਨ ਪ੍ਰਬੰਧਕ ਗੁਰਸ਼ਰਨ ਪਾਠਕ ਸਮੇਤ ਕਈ ਹੋਰ ਉੱਚ ਅਧਿਕਾਰੀ ਹਾਜ਼ਰ ਸਨ।