ਰੇਲਗੱਡੀ ’ਚ ਮਿਲੇ ਬੱਚੇ ਨੂੰ ਮਾਪਿਆਂ ਹਵਾਲੇ ਕੀਤਾ
ਰੇਲਗੱਡੀ ਵਿਚ ਇਕੱਲੇ ਮਿਲੇ 12 ਸਾਲਾ ਬੱਚੇ ਨੂੰ ਫਿਰੋਜ਼ਪੁਰ ਮੰਡਲ ਨੇ ਸੁਰੱਖਿਅਤ ਮਾਪਿਆਂ ਦੇ ਹਵਾਲੇ ਕੀਤਾ
Publish Date: Mon, 27 Apr 2026 04:53 PM (IST)
Updated Date: Mon, 27 Apr 2026 04:55 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਬੀਤੇ ਦਿਨ ਅੰਮ੍ਰਿਤਸਰ-ਜੈਨਗਰ ਕਲੋਨ ਸਪੈਸ਼ਲ ਟਰੇਨ ਵਿਚ ਚੈਕਿੰਗ ਦੌਰਾਨ ਇਕ 12 ਸਾਲਾ ਨਾਬਾਲਗ ਬੱਚਾ ਇਕੱਲਾ ਸਫ਼ਰ ਕਰਦਾ ਪਾਇਆ ਗਿਆ। ਟੀਟੀਆਈ ਪੂਜਾ ਸ਼ਰਮਾ ਅਤੇ ਸ਼ਸ਼ੀ ਬਾਲਾ ਦੀ ਤੱਤਪਰਤਾ ਸਦਕਾ ਇਸ ਬੱਚੇ ਨੂੰ ਅੰਬਾਲਾ ਕੈਂਟ ਵਿਖੇ ਆਰਪੀਐੱਫ ਦੇ ਸਹਿਯੋਗ ਨਾਲ ਸੁਰੱਖਿਅਤ ਉਸਦੇ ਪਰਿਵਾਰ ਤੱਕ ਪਹੁੰਚਾਇਆ ਗਿਆ। ਗੱਡੀ ਸੰਖਿਆ 04652 ਅੰਮ੍ਰਿਤਸਰ–ਜੈਨਗਰ ਕਲੋਨ ਸਪੈਸ਼ਲ ਵਿਚ ਡਿਊਟੀ ਦੌਰਾਨ ਅੰਮ੍ਰਿਤਸਰ ਦੀਆਂ ਟੀਟੀਆਈ ਪੂਜਾ ਸ਼ਰਮਾ ਅਤੇ ਸ਼ਸ਼ੀ ਬਾਲਾ ਸਲੀਪਰ ਕੋਚ ਵਿਚ ਇਕ 12 ਸਾਲਾ ਲੜਕਾ ਇਕੱਲਾ ਬੈਠਾ ਮਿਲਿਆ। ਦੋਵਾਂ ਮਹਿਲਾ ਮੁਲਾਜ਼ਮਾਂ ਨੇ ਤੁਰੰਤ ਵਪਾਰਕ ਕੰਟਰੋਲ ਫਿਰੋਜ਼ਪੁਰ ਨੂੰ ਸੂਚਿਤ ਕੀਤਾ। ਰੇਲਵੇ ਅਧਿਕਾਰੀਆਂ ਦੇ ਨਿਰਦੇਸ਼ਾਂ ਅਤੇ ਆਪਸੀ ਤਾਲਮੇਲ ਤੋਂ ਬਾਅਦ ਬੱਚੇ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਉਸ ਨੂੰ ਅੰਬਾਲਾ ਕੈਂਟ ਸਟੇਸ਼ਨ ’ਤੇ ਉਤਾਰਿਆ ਗਿਆ ਅਤੇ ਉੱਥੇ ਮੌਜ਼ੂਦ ਮਹਿਲਾ ਆਰਪੀਐੱਫ ਸਟਾਫ਼ ਦੇ ਹਵਾਲੇ ਕਰ ਦਿੱਤਾ ਗਿਆ। ਰੇਲਵੇ ਪੁਲਿਸ ਵੱਲੋਂ ਬੱਚੇ ਦੇ ਪਰਿਵਾਰ ਨਾਲ ਸੰਪਰਕ ਕੀਤਾ ਗਿਆ ਅਤੇ ਅੱਜ ਲੋੜੀਂਦੀ ਕਾਰਵਾਈ ਤੋਂ ਬਾਅਦ ਬੱਚੇ ਨੂੰ ਸੁਰੱਖਿਅਤ ਉਸਦੇ ਮਾਪਿਆਂ ਦੇ ਸਪੁਰਦ ਕਰ ਦਿੱਤਾ ਗਿਆ। ਸੀਨੀਅਰ ਮੰਡਲ ਵਪਾਰਕ ਪ੍ਰਬੰਧਕ ਬਸੰਤ ਕੁਮਾਰ ਨੇ ਇਸ ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਟਿਕਟ ਚੈਕਿੰਗ ਸਟਾਫ਼ ਨੇ ਆਪਣੀ ਡਿਊਟੀ ਨਿਭਾਉਂਦੇ ਹੋਏ ਬਹੁਤ ਹੀ ਜ਼ਿੰਮੇਵਾਰੀ ਅਤੇ ਚੌਕਸੀ ਦਾ ਸਬੂਤ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਕਾਰਜ ਰੇਲਵੇ ਦੇ ਅਕਸ ਨੂੰ ਜਨਤਾ ਵਿਚ ਹੋਰ ਉੱਚਾ ਚੁੱਕਦੇ ਹਨ।