ਸਹਾਇਕ ਪ੍ਰੋਫ਼ੈਸਰਾਂ ਤੇ ਲਾਇਬ੍ਰੇਰੀਅਨਾਂ ਨੇ ਸਰਕਾਰ ਦੀ ਫੂਕੀ ਅਰਥੀ
1158 ਸਹਾਇਕ ਪ੍ਰੋਫ਼ੈਸਰਾਂ ਅਤੇ ਲਾਇਬ੍ਰੇਰੀਅਨਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੱਢਿਆ ਰੋਸ ਮਾਰਚ ਅਤੇ ਫੂਕੀ ਅਰਥੀ
Publish Date: Wed, 11 Mar 2026 06:00 PM (IST)
Updated Date: Wed, 11 Mar 2026 06:03 PM (IST)

ਕਪਿਲ ਜਸੂਜਾ .ਪੰਜਾਬੀ ਜਾਗਰਣ ਫਾਜ਼ਿਲਕਾ : ਜ਼ਿਲ੍ਹਾ ਫਾਜ਼ਿਲਕਾ ਦੇ ਸਮੂਹ 1158 ਸਹਾਇਕ ਪ੍ਰੋਫ਼ੈਸਰ ਅਤੇ ਲਾਇਬ੍ਰੇਰੀਅਨਾਂ ਨੇ ਫ਼ਾਜ਼ਿਲਕਾ ਜ਼ਿਲ੍ਹੇ ਦੇ ਬਜ਼ਾਰਾਂ ਵਿੱਚ ਰੋਸ ਮਾਰਚ ਕੱਢਿਆ ਅਤੇ ਡੀ.ਸੀ. ਦਫ਼ਤਰ ਸਾਹਮਣੇ ਪੰਜਾਬ ਸਰਕਾਰ ਦੀ ਅਰਥੀ ਫੂਕੀ। ਜ਼ਿਲ੍ਹੇ ਦੇ ਆਗੂ ਪ੍ਰੋਫ਼ੈਸਰ ਗੁਰਪ੍ਰੀਤ ਸਿੰਘ ਧਾਲੀਵਾਲ ਨੇ ਪੱਤਰਕਾਰਾਂ ਨਾਲ਼ ਗੱਲਬਾਤ ਕਰਦਿਆਂ ਦੱਸਿਆ ਕਿ ਭਾਵੇਂ ਮਾਣਯੋਗ ਸੁਪਰੀਮ ਕੋਰਟ ਵੱਲੋਂ ਇਕ ਵਾਰ 1158 ਭਰਤੀ ਰੱਦ ਕਰ ਦਿੱਤੀ ਹੈ ਪ੍ਰੰਤੂ ਇਹ ਅਦਾਲਤ ਦਾ ਅੰਤਿਮ ਫ਼ੈਸਲਾ ਨਹੀਂ ਹੈ। ਸਰਕਾਰ ਹੋਰ ਢੰਗਾਂ ਨਾਲ ਵੀ ਇਸ ਭਰਤੀ ਨੂੰ ਪੂਰਨ ਤੌਰ ਤੇ ਸੁਰੱਖਿਅਤ ਕਰ ਸਕਦੀ ਹੈ। ਪ੍ਰੋਫ਼ੈਸਰ ਸੁਖਮਨਪ੍ਰੀਤ ਕੌਰ ਨੇ ਦੱਸਿਆ ਕਿ ਇਸ ਭਰਤੀ ਦੇ ਰੱਦ ਹੋਣ ਨਾਲ 1158 ਪਰਿਵਾਰਾਂ ਦੇ ਚੁੱਲ੍ਹੇ ਠੰਢੇ ਹੋ ਜਾਣਗੇ ਅਤੇ ਸਰਕਾਰੀ ਕਾਲਜ ਹੋਰ ਵੀ ਤਰਸਯੋਗ ਹਾਲਤ ਵਿੱਚ ਚਲੇ ਜਾਣਗੇ। ਪ੍ਰੋਫ਼ੈਸਰ ਅਮਰਜੀਤ ਸਿੰਘ ਨੇ ਕਿਹਾ ਕਿ ਜੇਕਰ ਸਰਕਾਰ ਇਨ੍ਹਾਂ 1158 ਸਹਾਇਕ ਪ੍ਰੋਫ਼ੈਸਰ ਅਤੇ ਲਾਇਬ੍ਰੇਰੀਅਨ ਦਾ ਰੁਜ਼ਗਾਰ ਸੁਰੱਖਿਅਤ ਨਹੀਂ ਕਰਦੀ ਤਾਂ ਉਹ ਆਉਣ ਵਾਲੇ ਦਿਨਾਂ ਵਿਚ ਹੋਰ ਵੀ ਤਿੱਖੇ ਵਿਰੋਧ ਅਤੇ ਆਪਣੇ ਰਾਜਨੀਤਕ ਨੁਕਸਾਨ ਲਈ ਤਿਆਰ ਰਹੇ। ਪ੍ਰੋਫ਼ੈਸਰ ਰੇਣੂ ਬਾਲਾ ਨੇ ਕਿਹਾ ਕਿ ਵਿਭਾਗ ਵੱਲੋਂ ਉਨ੍ਹਾਂ ਦੀਆਂ ਹੱਕੀ ਛੁੱਟੀਆਂ ਉਪਰ ਪਾਬੰਦੀ ਲਗਾਈ ਗਈ ਹੈ ਜੋ ਕਿ ਗੈਰ ਮਨੁੱਖੀ ਵਰਤਾਰਾ ਹੈ। ਇਸ ਮੌਕੇ 1158 ਸਹਾਇਕ ਪ੍ਰੋਫ਼ੈਸਰ ਅਤੇ ਲਾਇਬ੍ਰੇਰੀਅਨ ਫਰੰਟ ਦੇ ਆਗੂਆਂ ਨੇ 15 ਮਾਰਚ 2026 ਨੂੰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਹਲਕੇ ਗੰਭੀਰਪੁਰ ਵਿਚ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਰੋਸ ਮੁਜ਼ਾਹਰੇ ਵਿੱਚ ਡੀ.ਟੀ.ਐਫ ਪੰਜਾਬ ਅਤੇ ਹੋਰ ਭਰਾਤਰੀ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਤੋਂ ਆਗੂ ਸ਼ਾਮਿਲ ਹੋਏ।