ਫਿਰੋਜ਼ਪੁਰ ਵਿਚ 10ਵੀਂ ਜ਼ਿਲ੍ਹਾ ਵੁਸ਼ੂ ਚੈਂਪੀਅਨਸ਼ਿਪ ਸ਼ਾਨੋ-ਸ਼ੌਕਤ ਨਾਲ ਸੰਪੰਨ

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਜ਼ਿਲ੍ਹਾ ਐਮੇਚਿਓਰ ਵੁਸ਼ੂ ਐਸੋਸੀਏਸ਼ਨ ਫਿਰੋਜ਼ਪੁਰ ਵੱਲੋਂ 10ਵੀਂ ਜ਼ਿਲ੍ਹਾ ਫਿਰੋਜ਼ਪੁਰ ਵੁਸ਼ੂ ਸਬ-ਜੂਨੀਅਰ, ਜੂਨੀਅਰ ਅਤੇ ਸੀਨੀਅਰ ਚੈਂਪੀਅਨਸ਼ਿਪ 2026 ਦਾ ਆਯੋਜਨ ਸਕੂਲ ਆਫ ਐਮੀਨੈਂਸ, ਫਿਰੋਜ਼ਪੁਰ ਵਿਖੇ ਬੜੀ ਸ਼ਾਨੋ-ਸ਼ੌਕਤ ਅਤੇ ਉਤਸ਼ਾਹ ਨਾਲ ਕੀਤਾ ਗਿਆ। ਇਸ ਚੈਂਪੀਅਨਸ਼ਿਪ ਵਿਚ ਫਿਰੋਜ਼ਪੁਰ ਜ਼ਿਲ੍ਹੇ ਦੇ ਵੱਖ-ਵੱਖ 15 ਸਕੂਲਾਂ ਅਤੇ ਕਲੱਬਾਂ ਦੇ ਲਗਭਗ 72 ਖਿਡਾਰੀਆਂ ਨੇ ਭਾਗ ਲੈਂਦਿਆਂ ਆਪਣੀ ਖੇਡ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਟੂਰਨਾਮੈਂਟ ਦਾ ਉਦਘਾਟਨ ਮੋਹਿਤ ਗਰਗ, ਡਾਇਰੈਕਟਰ ਸ਼ਾਂਤੀ ਵਿਦਿਆ ਮੰਦਰ ਵੱਲੋਂ ਕੀਤਾ ਗਿਆ। ਇਨਾਮ ਵੰਡ ਸਮਾਰੋਹ ਮੌਕੇ ਡਾ. ਸਤਿੰਦਰ ਸਿੰਘ, ਨੈਸ਼ਨਲ ਅਵਾਰਡੀ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ), ਫਿਰੋਜ਼ਪੁਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਸੁਨੀਲ ਸ਼ਰਮਾ (ਸੇਵਾਮੁਕਤ ਡਿਪਟੀ ਡਾਇਰੈਕਟਰ, ਖੇਡਾਂ, ਪੰਜਾਬ) ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਰਹੇ। ਆਪਣੇ ਸੰਬੋਧਨ ਦੌਰਾਨ ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਦਾ ਅਟੁੱਟ ਹਿੱਸਾ ਹਨ। ਖੇਡਾਂ ਸਿਰਫ ਸਰੀਰਕ ਤੰਦਰੁਸਤੀ ਹੀ ਨਹੀਂ, ਸਗੋਂ ਮਾਨਸਿਕ ਮਜ਼ਬੂਤੀ, ਅਨੁਸ਼ਾਸਨ, ਟੀਮ ਵਰਕ ਅਤੇ ਆਤਮ ਵਿਸ਼ਵਾਸ ਨੂੰ ਵੀ ਵਿਕਸਿਤ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਦੇ ਯੁੱਗ ਵਿਚ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਵੀ ਸਰਗਰਮ ਹਿੱਸਾ ਲੈਣਾ ਚਾਹੀਦਾ ਹੈ ਤਾਂ ਜੋ ਉਹ ਜੀਵਨ ਦੇ ਹਰ ਖੇਤਰ ਵਿਚ ਸਫਲਤਾ ਪ੍ਰਾਪਤ ਕਰ ਸਕਣ। ਉਨ੍ਹਾਂ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਰਾਜ ਪੱਧਰੀ ਮੁਕਾਬਲਿਆਂ ਲਈ ਸ਼ੁਭਕਾਮਨਾਵਾਂ ਭੇਟ ਕੀਤੀਆਂ। ਚੈਂਪੀਅਨਸ਼ਿਪ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਕੋਚ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਟੂਰਨਾਮੈਂਟ ਦੌਰਾਨ ਖਿਡਾਰੀਆਂ ਵੱਲੋਂ ਬੇਹਤਰੀਨ ਤਕਨੀਕੀ ਦਾਅਵਾਂ ਅਤੇ ਉੱਚ ਪੱਧਰੀ ਖੇਡ ਭਾਵਨਾ ਦਾ ਪ੍ਰਦਰਸ਼ਨ ਕੀਤਾ ਗਿਆ। ਟੀਮ ਨਤੀਜਿਆਂ ਵਿਚ ਸ਼ਾਂਤੀ ਵਿੱਦਿਆ ਮੰਦਰ ਸਕੂਲ ਨੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਕੇ-10 ਮਾਰਸ਼ਲ ਆਰਟਸ ਐਂਡ ਫਿਟਨੈਸ ਕਲੱਬ ਦੂਜੇ ਅਤੇ ਮਾਤਾ ਸਾਹਿਬ ਕੌਰ ਸਕੂਲ ਨੇ ਤੀਜੇ ਸਥਾਨ ’ਤੇ ਕਬਜ਼ਾ ਕੀਤਾ। ਉਨ੍ਹਾਂ ਹੋਰ ਦੱਸਿਆ ਕਿ ਸੋਨੇ ਮੈਡਲ ਜੇਤੂ ਖਿਡਾਰੀ ਆਉਣ ਵਾਲੀ ਸਟੇਟ ਵੁਸ਼ੂ ਚੈਂਪੀਅਨਸ਼ਿਪ 2026 ਵਿਚ ਜ਼ਿਲ੍ਹਾ ਫਿਰੋਜ਼ਪੁਰ ਦੀ ਨੁਮਾਇੰਦਗੀ ਕਰਨਗੇ। ਇਸ ਮੌਕੇ ਜੇਤੂ ਖਿਡਾਰੀਆਂ ਅਤੇ ਸਹਿਯੋਗੀ ਕੋਚਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਵੀ ਕੀਤਾ ਗਿਆ। ਜ਼ਿਲ੍ਹਾ ਪੱਧਰੀ ਚੈਂਪੀਅਨਸ਼ਿਪ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਵਿਚ ਸਕੂਲ ਦੇ ਪ੍ਰਿੰਸੀਪਲ ਰਾਜੇਸ਼ ਮਹਿਤਾ ਅਤੇ ਸਟਾਫ ਦਾ ਵਿਸ਼ੇਸ਼ ਯੋਗਦਾਨ ਰਿਹਾ। ਸਮਾਗਮ ਦੌਰਾਨ ਮੁੱਖ ਇੰਸਟਰਕਟਰ ਕ੍ਰਿਸ਼ਨ ਕੁਮਾਰ, ਖਜ਼ਾਨਚੀ ਪਾਰੁਲ ਮਹਿਤਾ, ਕੋਚ ਪਾਰੁਲ ਮਹਿਤਾ, ਡਿੰਪਲ ਰਾਣੀ, ਤਕਨੀਕੀ ਵਿਸ਼ਾਲ ਕੰਬੋਜ, ਕੋਚ ਸ਼ਿਵਮ, ਕੋਚ ਜਸ਼ਨਦੀਪ ਸਿੰਘ, ਕੋਚ ਸਾਹਿਲ, ਕੋਚ ਬਲਵੀਰ ਅਤੇ ਕੋਚ ਖੁਸ਼ੀ ਸਮੇਤ ਹੋਰ ਪ੍ਰਮੁੱਖ ਸ਼ਖਸੀਅਤਾਂ ਵੀ ਮੌਜ਼ੂਦ ਸਨ। ਚੈਂਪੀਅਨਸ਼ਿਪ ਦਾ ਸਮਾਪਨ ਰਾਸ਼ਟਰੀ ਗੀਤ ਅਤੇ ਖਿਡਾਰੀਆਂ ਦੇ ਉਤਸ਼ਾਹ ਭਰੇ ਜੈਕਾਰਿਆਂ ਨਾਲ ਕੀਤਾ ਗਿਆ। ਸਮੂਹ ਹਾਜ਼ਰੀਨ ਨੇ ਇਸ ਸਫਲ ਆਯੋਜਨ ਲਈ ਜ਼ਿਲ੍ਹਾ ਐਮੇਚਿਓਰ ਵੁਸ਼ੂ ਐਸੋਸੀਏਸ਼ਨ ਫਿਰੋਜ਼ਪੁਰ ਦੀ ਭਰਪੂਰ ਪ੍ਰਸੰਸਾ ਕੀਤੀ।