ਪਿਛਲੇ ਪੰਜ ਸਾਲਾਂ ਤੋਂ ਰਹਿੰਦ-ਖੂੰਹਦ ਨੂੰ ਜ਼ਮੀਨ ’ਚ ਜਜਬ ਕਰ ਰਿਹੈ ਕਿਸਾਨ ਅਮਨਦੀਪ ਸਿੰਘ
ਪਿਛਲੇ ਪੰਜ ਸਾਲਾਂ ਤੋਂ ਝੋਨੇ ਤੇ ਕਣਕ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਏ ਬਿਨਾਂ ਜਮੀਨ ਦੇ ਵਿੱਚ ਕਰ ਰਿਹੈ ਜਜਬ ਕਿਸਾਨ ਅਮਨਦੀਪ ਸਿੰਘ
Publish Date: Thu, 30 Apr 2026 05:32 PM (IST)
Updated Date: Thu, 30 Apr 2026 05:34 PM (IST)

ਨਰੇਸ਼ ਕੁਮਾਰ ਕਾਮਰਾ, ਪੰਜਾਬੀ ਜਾਗਰਣ ਫਾਜ਼ਿਲਕਾ : ਫ਼ਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਬਾਹਮਣੀਵਾਲਾ ਦੇ ਕਿਸਾਨ ਅਮਨਦੀਪ ਸਿੰਘ ਦੇ ਖੇਤ ਦਾ ਦੌਰਾ ਮੁੱਖ ਖੇਤੀਬਾੜੀ ਅਫਸਰ ਫ਼ਾਜ਼ਿਲਕਾ ਡਾ. ਹਰਬੰਸ ਸਿੰਘ ਸਿੱਧੂ ਤੇ ਉਨ੍ਹਾਂ ਦੀ ਟੀਮ ਵੱਲੋਂ ਕੀਤਾ ਗਿਆ। ਇਸ ਮੌਕੇ ਕਿਸਾਨ ਨਾਲ ਗੱਲਬਾਤ ਕਰਨ ਉਪਰੰਤ ਮੁੱਖ ਖੇਤੀਬਾੜੀ ਅਫਸਰ ਫਾਜ਼ਿਲਕਾ ਨੇ ਦੱਸਿਆ ਕਿ ਅਗਾਂਹਵਧੂ ਕਿਸਾਨ ਅਮਨਦੀਪ ਸਿੰਘ ਵੱਲੋਂ ਪਿਛਲੇ ਪੰਜ ਸਾਲਾਂ ਤੋਂ ਝੋਨੇ ਦੀ ਪਰਾਲੀ ਅਤੇ ਕਣਕ ਦੇ ਨਾੜ ਨੂੰ ਅੱਗ ਲਾਏ ਬਿਨਾਂ ਜ਼ਮੀਨ ਵਿੱਚ ਹੀ ਜਜਬ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਹਰੇਕ ਸਾਲ ਮਿੱਟੀ ਟੈਸਟ ਰਿਪੋਰਟਾਂ ਦੇ ਆਧਾਰ ’ਤੇ ਹੀ ਖਾਦਾਂ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਉਹ ਆਪਣੇ ਕਣਕ ਨੂੰ ਡੀਏਪੀ ਖਾਦ ਦੀ ਵਰਤੋਂ ਬਿਲਕੁਲ ਵੀ ਨਹੀਂ ਕਰਦੇ ਅਤੇ ਬਿਨਾਂ ਡੀਏਪੀ ਖਾਦ ਤੋਂ ਹੀ ਕਣਕ ਦੀ ਬਜਾਈ ਕਰਦੇ ਹਨ। ਉਨ੍ਹਾਂ ਦੱਸਿਆ ਕਿ ਕਿਸਾਨ ਨੇ ਦੱਸਿਆ ਕਿ ਝੋਨੇ ਦੀ ਪਰਾਲੀ ਤੇ ਕਣਕ ਦੇ ਨਾੜ ਨੂੰ ਜਦੋਂ ਤੋਂ ਉਹ ਆਪਣੇ ਖੇਤਾਂ ਵਿੱਚ ਵਾਹ ਕੇ ਅਗਲੀ ਫਸਲ ਦੀ ਬਿਜਾਈ ਕਰਦਾ ਹੈ, ਉਦੋਂ ਤੋਂ ਉਸ ਦੀ ਜ਼ਮੀਨ ਦੀ ਉਪਜਾਊ ਸ਼ਕਤੀ ਕਾਫੀ ਵਧ ਗਈ ਹੈ ਤੇ ਉਸ ਦੀ ਫਸਲ ਦਾ ਝਾੜ ਵੀ ਪਹਿਲਾ ਨਾਲੋਂ ਵਧਿਆ ਹੈ। ਉਨ੍ਹਾਂ ਜ਼ਿਲ੍ਹੇ ਦੇ ਹੋਰਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਕਿਸਾਨ ਤੋਂ ਪ੍ਰੇਰਿਤ ਹੋ ਕੇ ਆਪਣੀ ਫਸਲ ਦੀ ਰਹਿੰਦ-ਖੂੰਹਦ ਨੂੰ ਖੇਤਾਂ ਵਿੱਚ ਹੀ ਵਾਹੁਣ ਅਜਿਹਾ ਕਰਨ ਨਾਲ ਜ਼ਮੀਨ ਦੀ ਉਪਜਾਊ ਸਕਤੀ ਵਧੇਗੀ ਤੇ ਫਸਲ ਦਾ ਝਾੜ ਵੀ ਵਧੇਗਾ। ਕਿਸਾਨ ਅਮਨਦੀਪ ਸਿੰਘ ਨੇ ਦੱਸਿਆ ਕਿ ਪਰਾਲੀ ਨੂੰ ਅੱਗ ਲਾਉਣ ਨਾਲ ਜਿੱਥੇ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ ਉੱਥੇ ਇਸ ਤੋਂ ਉਪਜੇ ਧੂੰਏਂ ਨਾਲ ਰਾਹੀਗਰ ਵੀ ਦੁਰਘਟਨਾ ਦਾ ਸ਼ਿਕਾਰ ਹੁੰਦੇ ਹਨ ਤੇ ਕਈ ਤਰ੍ਹਾਂ ਦੀਆਂ ਸਾਹ ਤੇ ਚਮੜੀ ਦੀਆਂ ਬਿਮਾਰੀਆਂ ਪੈਦਾ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਜਦੋਂ ਤੋਂ ਉਹ ਇਸ ਵਿਧੀ ਰਾਹੀਂ ਆਪਣੀ ਫਸਲ ਦੀ ਬਿਜਾਈ ਕਰ ਰਿਹਾ ਹੈ, ਉਦੋਂ ਤੋਂ ਉਸ ਨੇ ਆਪਣੀ ਆਮਦਨੀ ਵੀ ਵਧਾਈ ਹੈ ਅਤੇ ਖਰਚਾ ਵੀ ਘਟਾਇਆ ਹੈ।