ਨਿਊਜ਼ੀਲੈਂਡ ਅਤੇ ਕੈਨੇਡਾ ਵਿਚਾਲੇ

ਨਿਊਜ਼ੀਲੈਂਡ ਅਤੇ ਕੈਨੇਡਾ ਵਿਚਾਲੇ ਮੁਕਾਬਲਾ ਅੱਜ ਚੇਨਈ ’ਚ
ਚੇਨਈ, ਪੀਟੀਆਈ: ਨਿਊਜ਼ੀਲੈਂਡ ਦੀਆਂ ਕੁਝ ਕਮਜ਼ੋਰੀਆਂ ਦੱਖਣੀ ਅਫ਼ਰੀਕਾ ਖ਼ਿਲਾਫ਼ ਪਿਛਲੇ ਮੈਚ ’ਚ ਉਜਾਗਰ ਹੋ ਗਈਆਂ ਸਨ ਤੇ ਟੀਮ ਹੁਣ ਮੰਗਲਵਾਰ ਨੂੰ ਕੈਨੇਡਾ ਖ਼ਿਲਾਫ਼ ਟੀ-20 ਵਿਸ਼ਵ ਕੱਪ ਦੇ ਗਰੁੱਪ ਡੀ ਦੇ ਆਪਣੇ ਆਖ਼ਰੀ ਮੈਚ ’ਚ ਉਨ੍ਹਾਂ ਨੂੰ ਦੂਰ ਕਰ ਕੇ ਸੁਪਰ ਅੱਠ ’ਚ ਥਾਂ ਪੱਕੀ ਕਰਨ ਦੀ ਕੋਸ਼ਿਸ਼ ਕਰੇਗੀ। ਵਿਸ਼ਵ ਕੱਪ ਤੋਂ ਠੀਕ ਪਹਿਲਾਂ ਭਾਰਤ ’ਚ 5 ਮੈਚਾਂ ਦੀ ਟੀ-20 ਅੰਤਰਰਾਸ਼ਟਰੀ ਲੜੀ ਖੇਡਣ ਤੋਂ ਬਾਅਦ, ਨਿਊਜ਼ੀਲੈਂਡ ਦੀ ਟੀਮ ਨੇ ਉਪ-ਮਹਾਂਦੀਪ ਦੀਆਂ ਸਥਿਤੀਆਂ ਦੇ ਅਨੁਕੂਲ ਟੂਰਨਾਮੈਂਟ ’ਚ ਪ੍ਰਵੇਸ਼ ਕੀਤਾ।
ਅਫਗਾਨਿਸਤਾਨ ਤੇ ਯੂਏਈ ਖਿਲਾਫ ਆਸਾਨ ਜਿੱਤਾਂ ਨੇ ਉਨ੍ਹਾਂ ਦਾ ਆਤਮ-ਵਿਸ਼ਵਾਸ ਹੋਰ ਮਜ਼ਬੂਤ ਕੀਤਾ ਪਰ ਦੱਖਣੀ ਅਫ਼ਰੀਕਾ ਦੀ ਮਜ਼ਬੂਤ ਟੀਮ ਵਿਰੁੱਧ 7 ਵਿਕਟਾਂ ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਹਾਰ ਨੇ ਹਰ ਵਿਭਾਗ ਖਾਸ ਕਰ ਕੇ ਬੱਲੇਬਾਜ਼ੀ ਵਿਚ ਉਸ ਦੀਆਂ ਕਮਜ਼ੋਰੀਆਂ ਨੂੰ ਉਜਾਗਰ ਕਰ ਦਿੱਤਾ। ਪਾਵਰਪਲੇ ਦੀ ਮੁੱਦਾ ਨਿਊਜ਼ੀਲੈਂਡ ਲਈ ਲਗਾਤਾਰ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ, ਕਿਉਂਕਿ ਸ਼ੁਰੂਆਤੀ ਵਿਕਟਾਂ ਦਾ ਡਿੱਗਣਾ ਗਤੀ ਨੂੰ ਵਿਗਾੜਦਾ ਹੈ ਤੇ ਮੱਧ ਕ੍ਰਮ ਦੇ ਬੱਲੇਬਾਜ਼ਾਂ ਨੂੰ ਪਾਰੀ ਨੂੰ ਸੰਵਾਰਨ ਦਾ ਕੰਮ ਕਰਨਾ ਪੈਂਦਾ ਹੈ।
ਦੂਜੇ ਪਾਸੇ ਕੈਨੇਡਾ ਦੀਆਂ ਵੀ ਆਪਣੀਆਂ ਸਮੱਸਿਆਵਾਂ ਹਨ। ਉਸ ਦੀ ਟੀਮ ਦੱਖਣੀ ਅਫਰੀਕਾ ਅਤੇ ਯੂਏਈ ਖਿਲਾਫ਼ ਆਪਣੇ ਦੋਵੇਂ ਮੈਚ ਹਾਰਨ ਤੋਂ ਬਾਅਦ ਅੰਕ ਸੂਚੀ ’ਚ ਸਭ ਤੋਂ ਹੇਠਾਂ ਹੈ। ਟੂਰਨਾਮੈਂਟ ਤੋਂ ਪਹਿਲਾਂ ਪ੍ਰਤੀਯੋਗੀ ਮੈਚਾਂ ਦੇ ਤਜਰਬੇ ਦੀ ਘਾਟ ਦਾ ਅਸਰ ਉਨ੍ਹਾਂ ਦੇ ਪ੍ਰਦਰਸ਼ਨ ’ਤੇ ਸਾਫ਼ ਨਜ਼ਰ ਆ ਰਿਹਾ ਹੈ।
--------------------
ਜਿੱਤ ਦਾ ਸਿਲਸਿਲਾ ਬਰਕਰਾਰ ਰੱਖਣ ਉਤਰੇਗਾ ਜ਼ਿੰਬਾਬਵੇ
ਪੱਲੇਕਲ, ਪੀਟੀਆਈ : ਸਾਬਕਾ ਚੈਂਪੀਅਨ ਆਸਟ੍ਰੇਲੀਆ ’ਤੇ ਸ਼ਾਨਦਾਰ ਜਿੱਤ ਤੋਂ ਬਾਅਦ ਉਤਸ਼ਾਹਿਤ ਜ਼ਿੰਬਾਬਵੇ ਮੰਗਲਵਾਰ ਨੂੰ ਹੋਣ ਵਾਲੇ ਟੀ-20 ਵਿਸ਼ਵ ਕੱਪ ’ਚ ਆਇਰਲੈਂਡ ਖਿਲਾਫ ਆਪਣੀ ਗਤੀ ਬਰਕਰਾਰ ਰੱਖਣ ਤੇ ਪਹਿਲੀ ਵਾਰ ਸੁਪਰ 8 ’ਚ ਪਹੁੰਚਣ ’ਚ ਕੋਈ ਕਸਰ ਬਾਕੀ ਨਹੀਂ ਛੱਡੇਗਾ। ਆਇਰਲੈਂਡ ’ਤੇ ਜਿੱਤ ਨਾਲ ਜ਼ਿੰਬਾਬਵੇ ਨੂੰ 6 ਅੰਕ ਮਿਲ ਜਾਣਗੇ ਪਰ ਫਿਰ ਵੀ ਗਰੁੱਪ ਬੀ ਤੋਂ ਸੁਪਰ 8 ’ਚ ਆਪਣੀ ਜਗ੍ਹਾ ਦੀ ਗਾਰੰਟੀ ਨਹੀਂ ਦੇਣਗੇ।
ਆਸਟ੍ਰੇਲੀਆ (ਦੋ ਮੈਚਾਂ ਤੋਂ ਦੋ ਅੰਕ) ਤੇ ਸ਼੍ਰੀਲੰਕਾ (ਦੋ ਮੈਚਾਂ ਤੋਂ 4 ਅੰਕ) ਅਜੇ ਵੀ 6 ਅੰਕਾਂ ਤੱਕ ਪਹੁੰਚ ਸਕਦੇ ਹਨ। ਉਸ ਸਥਿਤੀ ’ਚ ਨੈੱਟ ਰਨ ਰੇਟ ਨਿਰਣਾਇਕ ਹੋਵੇਗਾ। ਜ਼ਿੰਬਾਬਵੇ ਆਪਣਾ ਆਖਰੀ ਗਰੁੱਪ ਮੈਚ 19 ਫਰਵਰੀ ਨੂੰ ਕੋਲੰਬੋ ’ਚ ਮੇਜ਼ਬਾਨ ਸ੍ਰੀਲੰਕਾ ਖ਼ਿਲਾਫ਼ ਖੇਡੇਗਾ, ਜੇਕਰ ਜ਼ਿੰਬਾਬਵੇ ਸੁਪਰ 8 ’ਚ ਪਹੁੰਚ ਜਾਂਦਾ ਹੈ ਤਾਂ ਇਹ ਸੱਤ ਕੋਸ਼ਿਸ਼ਾਂ ’ਚ ਪਹਿਲੀ ਵਾਰ ਹੋਵੇਗਾ ਕਿ ਉਸ ਦੀ ਟੀਮ ਇਸ ਮੁਕਾਮ ਤੱਕ ਪਹੁੰਚੀ ਹੈ। ਜ਼ਿੰਬਾਬਵੇ ਦਾ ਟੂਰਨਾਮੈਂਟ ’ਚ ਹੁਣ ਤੱਕ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ।
ਦੂਜੇ ਪਾਸੇ ਆਇਰਲੈਂਡ ਦੀ ਟੀਮ ਓਮਾਨ ’ਤੇ ਆਸਾਨ ਜਿੱਤ ਤੋਂ ਬਾਅਦ ਇਸ ਮੈਚ ’ਚ ਪ੍ਰਵੇਸ਼ ਕਰੇਗੀ। ਉਹ ਮੇਜ਼ਬਾਨ ਸ੍ਰੀਲੰਕਾ ਤੇ ਆਸਟ੍ਰੇਲੀਆ ਖਿਲਾਫ ਆਪਣੇ ਸ਼ੁਰੂਆਤੀ 2 ਮੈਚ ਹਾਰਨ ਤੋਂ ਬਾਅਦ ਟੂਰਨਾਮੈਂਟ ਦਾ ਅੰਤ ਜਿੱਤ ਨਾਲ ਕਰਨਾ ਚਾਹੇਗਾ।
-------------------------
ਨੇਪਾਲ ਦੀ ਕਮਜ਼ੋਰੀ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ’ਚ ਸਕਾਟਲੈਂਡ
ਮੁੰਬਈ, ਪੀਟੀਆਈ: ਪਿਛਲੇ ਮੈਚ ’ਚ ਇਟਲੀ ’ਤੇ ਮਿਲੀ ਵੱਡੀ ਜਿੱਤ ਤੋਂ ਉਤਸ਼ਾਹਿਤ ਸਕਾਟਲੈਂਡ ਦੀ ਟੀਮ ਮੰਗਲਵਾਰ ਨੂੰ ਨੇਪਾਲ ਖ਼ਿਲਾਫ਼ ਹੋਣ ਵਾਲੇ ਮੈਚ ’ਚ ਜਿੱਤ ਦੀ ਮਜ਼ਬੂਤ ਦਾਅਵੇਦਾਰ ਵਜੋਂ ਸ਼ੁਰੂਆਤ ਕਰੇਗੀ। ਨਾਟਕੀ ਹਾਲਾਤਾਂ ’ਚ ਮੁਕਾਬਲੇ ’ਚ ਉਤਰਨ ਵਾਲਾ ਸਕਾਟਲੈਂਡ ਸੰਘਰਸ਼ਸ਼ੀਲ ਨੇਪਾਲ ਖ਼ਿਲਾਫ਼ ਜਿੱਤ ਦਰਜ ਕਰਨ ਲਈ ਪ੍ਰਤੀਬੱਧ ਹੋਵੇਗਾ।
ਇੰਗਲੈਂਡ ਤੇ ਵੈਸਟਇੰਡੀਜ਼ ਤੋਂ ਮਿਲੀ ਕਰਾਰੀ ਹਾਰ ਦੇ ਬਾਵਜੂਦ ਸਕਾਟਲੈਂਡ ਨੇ ਇਟਲੀ ਨੂੰ 73 ਦੌੜਾਂ ਨਾਲ ਹਰਾਇਆ। ਨੇਪਾਲ ਦੀ ਟੀਮ ਹੁਣ ਤੱਕ ਉਮੀਦ ਮੁਤਾਬਕ ਪ੍ਰਦਰਸ਼ਨ ਨਹੀਂ ਕਰ ਸਕੀ ਹੈ ਤੇ ਉਸ ਦੇ ਖਿਲਾਫ ਸਕਾਟਲੈਂਡ ਨਾ ਸਿਰਫ ਜਿੱਤ ਦੀ ਉਮੀਦ ਰੱਖੇਗੀ ਸਗੋਂ ਆਪਣੀ ਨੈੱਟ ਰਨ ਰੇਟ ਨੂੰ ਸੁਧਾਰਨ ਦੀ ਕੋਸ਼ਿਸ਼ ਵੀ ਕਰੇਗੀ। ਇਸ ਦੇ ਨਾਲ ਹੀ ਨੇਪਾਲ ਨੂੰ ਖੇਡ ਦੇ ਹਰ ਵਿਭਾਗ 'ਚ ਚੰਗਾ ਪ੍ਰਦਰਸ਼ਨ ਕਰਨਾ ਹੋਵੇਗਾ, ਕਿਉਂਕਿ ਨਾ ਤਾਂ ਉਸ ਦੇ ਬੱਲੇਬਾਜ਼ ਤੇ ਨਾ ਹੀ ਗੇਂਦਬਾਜ਼ ਕੁਝ ਖਾਸ ਕਰਿਸ਼ਮਾ ਦਿਖਾ ਸਕੇ ਹਨ।