ਗੰਭੀਰ ਨੂੰ ਰਾਜਸਥਾਨ ਰਾਇਲਜ਼ ਦਾ ਮੈਂਟਰ, ਸੀਈਓ, ਪਾਰਟਨਰ ਬਣਨ ਦਾ ਪ੍ਰਸਤਾਵ
ਜਦੋਂ ਤੱਕ ਗੰਭੀਰ ਭਾਰਤੀ
Publish Date: Mon, 16 Feb 2026 09:30 PM (IST)
Updated Date: Tue, 17 Feb 2026 04:12 AM (IST)
ਜਦੋਂ ਤੱਕ ਗੰਭੀਰ ਭਾਰਤੀ ਟੀਮ ਦੇ ਕੋਚ ਹਨ, ਉਦੋਂ ਤੱਕ ਇਹ ਪ੍ਰਸਤਾਵ ਸਵੀਕਾਰ ਕਰਨਾ ਮੁਸ਼ਕਲ
2028 ’ਚ ਭਾਰਤ ਨੂੰ ਓਲੰਪਿਕ ਤਮਗਾ ਦਿਵਾਉਣਾ ਗੌਤਮ ਦਾ ਟੀਚਾ
ਅਭਿਸ਼ੇਕ ਤ੍ਰਿਪਾਠੀ, ਜਾਗਰਣ
ਅਹਿਮਦਾਬਾਦ: ਆਈਪੀਐੱਲ ਫ੍ਰੈਂਚਾਇਜ਼ੀ ਰਾਜਸਥਾਨ ਰਾਇਲਜ਼ (ਆਰਆਰ) ਨੂੰ ਜਲਦ ਹੀ ਨਵੇਂ ਮਾਲਕ ਮਿਲਣਗੇ। ਰਾਜਸਥਾਨ ਰਾਇਲਜ਼ ਦਾ ਨਵਾਂ ਪ੍ਰਬੰਧਨ ਭਾਰਤੀ ਕੋਚ ਗੌਤਮ ਗੰਭੀਰ ਨੂੰ ਆਪਣਾ ਪਾਰਟਨਰ, ਮੈਂਟਰ ਤੇ ਸੀਈਓ ਬਣਾਉਣਾ ਚਾਹੁੰਦਾ ਹੈ। ਇਸ ਬਾਰੇ ਆਰਆਰ ਦੇ 3 ਨਵੇਂ ਮਾਲਕਾਂ ’ਚੋਂ ਇਕ ਨੇ ਗੰਭੀਰ ਨੂੰ ਪ੍ਰਸਤਾਵ ਭੇਜਿਆ ਹੈ। ਹਾਲਾਂਕਿ ਜਦੋਂ ਤੱਕ ਗੰਭੀਰ ਭਾਰਤੀ ਕੋਚ ਹਨ, ਉਹ ਇਲ ਪ੍ਰਸਤਾਵ ਨੂੰ ਸਵੀਕਾਰ ਨਹੀਂ ਕਰ ਸਕਦੇ।
ਗੰਭੀਰ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ ਕਪਤਾਨ ਤੇ ਮੈਂਟਰ ਵਜੋਂ ਚੈਂਪੀਅਨ ਬਣਾਇਆ। ਉਸ ਦੀ ਸਲਾਹ ਦੇ ਤਹਿਤ ਨਵੀਂ ਫ੍ਰੈਂਚਾਇਜ਼ੀ ਲਖਨਊ ਸੁਪਰਜਾਇੰਟਸ ਨੇ ਵਧੀਆ ਪ੍ਰਦਰਸ਼ਨ ਕੀਤਾ ਤੇ ਹਰ ਵਾਰ ਪਲੇਆਫ ਲਈ ਕੁਆਲੀਫਾਈ ਕੀਤਾ। ਇੰਨਾ ਹੀ ਨਹੀਂ ਉਨ੍ਹਾਂ ਦੇ ਕੋਚ ਦੇ ਕਾਰਜਕਾਲ ਦੌਰਾਨ ਭਾਰਤੀ ਟੀਮ ਨੇ ਚੈਂਪੀਅਨਸ ਟਰਾਫੀ ਤੇ ਏਸ਼ੀਆ ਕੱਪ ਜਿੱਤਿਆ ਸੀ। ਰਾਜਸਥਾਨ ਰਾਇਲਜ਼ ਦੇ ਜ਼ਿਆਦਾਤਰ ਸ਼ੇਅਰਧਾਰਕ ਆਪਣੇ ਸ਼ੇਅਰ ਨਵੇਂ ਮਾਲਕਾਂ ਨੂੰ ਵੇਚ ਰਹੇ ਹਨ। ਸੌਦਾ ਟ੍ਰਾਂਸਫਰ ਮੋਡ ’ਚ ਹੈ।
ਆਰਆਰ ਦੇ ਨਵੇਂ ਪ੍ਰਬੰਧਨ ’ਚ ਸ਼ਾਮਲ ਇੱਕ ਮਾਲਕ ਨੇ ਗੰਭੀਰ ਨੂੰ ਸੀਈਓ ਤੇ ਸਲਾਹਕਾਰ ਬਣਨ ਤੋਂ ਇਲਾਵਾ ਦੋ-ਤਿੰਨ ਫੀਸਦੀ ਹਿੱਸੇਦਾਰੀ ਦੀ ਪੇਸ਼ਕਸ਼ ਕੀਤੀ ਹੈ। ਲੋਢਾ ਕਮੇਟੀ ਦੀਆਂ ਸਿਫਾਰਿਸ਼ਾਂ ਤੋਂ ਬਾਅਦ ਆਏ ਸੁਪਰੀਮ ਕੋਰਟ ਦੇ ਫੈਸਲੇ ਮੁਤਾਬਕ ਕੋਈ ਵਿਅਕਤੀ ਭਾਰਤੀ ਕੋਚ ਹੋਣ ਦੇ ਨਾਲ-ਨਾਲ ਕਿਸੇ ਵੀ ਆਈਪੀਐੱਲ ਫਰੈਂਚਾਇਜ਼ੀ ਦਾ ਸਾਥੀ, ਸੀਈਓ ਤੇ ਮੈਂਟਰ ਨਹੀਂ ਬਣ ਸਕਦਾ। ਇਸ ਨੂੰ ਹਿੱਤਾਂ ਦਾ ਟਕਰਾਅ ਮੰਨਿਆ ਜਾਵੇਗਾ। ਯਾਨੀ ਜੇਕਰ ਗੌਤਮ ਨੂੰ ਆਰਆਰ ਦੇ ਪ੍ਰਸਤਾਵ ਨੂੰ ਸਵੀਕਾਰ ਕਰਨਾ ਹੈ ਤਾਂ ਉਨ੍ਹਾਂ ਨੂੰ ਭਾਰਤੀ ਟੀਮ ਦੇ ਕੋਚ ਦਾ ਅਹੁਦਾ ਛੱਡਣਾ ਹੋਵੇਗਾ।
ਹਾਲਾਂਕਿ ਗੰਭੀਰ ਨਾਲ ਜੁੜੇ ਸੂਤਰਾਂ ਨੇ ਇਸ ਮਾਮਲੇ ’ਤੇ ਬੋਲਣ ਤੋਂ ਇਨਕਾਰ ਕਰ ਦਿੱਤਾ ਹੈ। ਉਸ ਦਾ ਕਹਿਣਾ ਹੈ ਕਿ ਗੰਭੀਰ ਭਾਰਤੀ ਕੋਚ ਦੇ ਅਹੁਦੇ ਲਈ ਵਚਨਬੱਧ ਹੈ। ਉਸ ਦਾ ਟੀਚਾ ਭਾਰਤੀ ਟੀਮ ਨੂੰ 2026 ਟੀ-20 ਵਿਸ਼ਵ ਕੱਪ ਤੇ 2027 ਵਨਡੇ ਵਿਸ਼ਵ ਕੱਪ ਜਿੱਤਣ ਦਾ ਹੈ। ਉਨ੍ਹਾਂ ਦਾ ਕਾਰਜਕਾਲ 2027 ਵਨਡੇ ਵਿਸ਼ਵ ਕੱਪ ਤੱਕ ਹੈ, ਜੇਕਰ ਉਸ ਨੂੰ 2028 ’ਚ ਲਾਸ ਏਂਜਲਸ ’ਚ ਹੋਣ ਵਾਲੇ ਓਲੰਪਿਕ ਤੱਕ ਭਾਰਤੀ ਟੀਮ ਦੀ ਕੋਚਿੰਗ ਦਾ ਮੌਕਾ ਮਿਲਦਾ ਹੈ ਤਾਂ ਉਹ ਇਸ ਪਾਸੇ ਵੀ ਧਿਆਨ ਦੇਵੇਗਾ। ਹਰ ਕੋਚ ਦਾ ਉਦੇਸ਼ ਆਪਣੇ ਦੇਸ਼ ਦੀ ਟੀਮ ਲਈ ਓਲੰਪਿਕ ਮੈਡਲ ਜਿੱਤਣਾ ਹੁੰਦਾ ਹੈ। ਦੱਸਣਯੋਗ ਹੈ ਕਿ 2028 ’ਚ ਪਹਿਲੀ ਵਾਰ ਕ੍ਰਿਕਟ ਦੇ ਟੀ-20 ਫਾਰਮੈਟ ਨੂੰ ਓਲੰਪਿਕ ’ਚ ਸ਼ਾਮਲ ਕੀਤਾ ਗਿਆ ਹੈ।