ਕੇਂਦਰੀ ਕਰਾਰ ਰੱਦ ਹੋਣ

ਕੇਂਦਰੀ ਕਰਾਰ ਰੱਦ ਹੋਣ ਤੋਂ ਬਾਅਦ ਈਸ਼ਾਨ ਨੇ ਖੁਦ ਨੂੰ ਬਦਲ ਕੇ ਭਾਰਤੀ ਟੀਮ ’ਚ ਕੀਤੀ ਵਾਪਸੀ
ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ: ਪਟਨਾ ਦੇ 27 ਸਾਲਾ ਵਿਕਟਕੀਪਰ ਬੱਲੇਬਾਜ਼ ਈਸ਼ਾਨ ਕਿਸ਼ਨ ਲਈ ਪਿਛਲੇ 2 ਸਾਲ ਕਿਸੇ ਰੋਲਰ ਕੋਸਟਰ ਤੋਂ ਘੱਟ ਨਹੀਂ ਰਹੇ। ਭਾਰਤੀ ਟੀਮ ਦਾ 2024 ਦਾ ਦੱਖਣੀ ਅਫਰੀਕਾ ਦੌਰਾ, ਜਦੋਂ ਈਸ਼ਾਨ ਸੀਰੀਜ਼ ਵਿਚਾਲੇ ਛੱਡ ਕੇ ਭਾਰਤ ਪਰਤੇ ਸਨ। ਰਣਜੀ ਟਰਾਫੀ ਨਾਲੋਂ ਆਈਪੀਐੱਲ ਨੂੰ ਤਰਜੀਹ ਦੇਣ ਲਈ ਬੀਸੀਸੀਆਈ ਵੱਲੋਂ ਉਸ ਨੂੰ ਕੇਂਦਰੀ ਇਕਰਾਰਨਾਮੇ ਤੋਂ ਬਾਹਰ ਕਰ ਦਿੱਤਾ ਗਿਆ ਸੀ ਤੇ ਇੱਕ ਸਮਾਂ ਅਜਿਹਾ ਆਇਆ ਜਦੋਂ ਭਾਰਤੀ ਕ੍ਰਿਕਟ ਪ੍ਰਣਾਲੀ ਉਸ ਤੋਂ ਬਿਨਾਂ ਅੱਗੇ ਵਧਣ ਲਈ ਤਿਆਰ ਜਾਪਦੀ ਸੀ।
ਰਿਸ਼ਭ ਪੰਤ ਨੇ ਟੀਮ 'ਚ ਜ਼ਬਰਦਸਤ ਵਾਪਸੀ ਕੀਤੀ ਸੀ। ਧਰੁਵ ਜੁਰੇਲ ਆਪਣੀ ਛਾਪ ਛੱਡ ਰਹੇ ਸਨ, ਸੰਜੂ ਸੈਮਸਨ ਤੇ ਜਿਤੇਸ਼ ਸ਼ਰਮਾ ਵਰਗੇ ਵਿਕਲਪ ਵੀ ਮੌਜੂਦ ਸਨ। ਅਜਿਹੇ ’ਚ ਚੋਣ ਕ੍ਰਮ ’ਚ ਪੰਜਵੇਂ ਸਥਾਨ ’ਤੇ ਖਿਸਕ ਚੁੱਕੇ ਇਸ਼ਾਨ ਲਈ ਫਿਰ ਤੋਂ ਭਾਰਤੀ ਟੀਮ ’ਚ ਜਗ੍ਹਾ ਬਣਾਉਣਾ ਕਾਫੀ ਮੁਸ਼ਕਲ ਨਜ਼ਰ ਆ ਰਿਹਾ ਸੀ। ਇਸ ਦੌਰਾਨ ਖੱਬੇ ਹੱਥ ਦੇ ਇਸ ਬੱਲੇਬਾਜ਼ ਨੇ ਕ੍ਰਿਕਟ ਤੋਂ ਬ੍ਰੇਕ ਲੈਣ ਦਾ ਫੈਸਲਾ ਕੀਤਾ। ਮਾਨਸਿਕ ਤੇ ਭਾਵਨਾਤਮਕ ਥਕਾਵਟ ਨੇ ਉਸ ਨੂੰ ਆਪਣੇ ਮੂਲ ਤੱਕ ਹਿਲਾ ਦਿੱਤਾ ਸੀ, ਜਿਸ ਨਾਲ ਇਹ ਪ੍ਰਭਾਵ ਮਿਲਦਾ ਸੀ ਕਿ ਉਹ ਘਰੇਲੂ ਕ੍ਰਿਕਟ ਨੂੰ ਗੰਭੀਰਤਾ ਨਾਲ ਨਹੀਂ ਲੈ ਰਿਹਾ ਸੀ।
ਈਸ਼ਾਨ ਨੇ ਇਨ੍ਹਾਂ ਆਲੋਚਨਾਵਾਂ ’ਤੇ ਕੋਈ ਜਨਤਕ ਪ੍ਰਤੀਕਿਰਿਆ ਨਹੀਂ ਦਿੱਤੀ। ਉਸ ਦੇ ਕਰੀਬੀ ਦੋਸਤ ਤੇ ਈਸ਼ਾਨ ਕਿਸ਼ਨ ਕ੍ਰਿਕਟ ਅਕੈਡਮੀ ਦੇ ਸਹਿ-ਸੰਸਥਾਪਕ ਅੰਸ਼ੁਮਤ ਸ਼੍ਰੀਵਾਸਤਵ ਦਾ ਕਹਿਣਾ ਹੈ ਕਿ ਈਸ਼ਾਨ ਨੇ ਉਸੇ ਦਿਨ ਤੋਂ ਹੀ ਆਪਣੇ ਆਪ ਨੂੰ ਮੁੜ ਖੋਜਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਸੀ। ਉਸ ਨੇ ਵਰਤਮਾਨ ’ਚ ਰਹਿਣਾ ਸਿੱਖ ਲਿਆ। ਇਹ ਪ੍ਰਕਿਰਿਆ ਉਸ ਲਈ ਸਭ ਤੋਂ ਮਹੱਤਵਪੂਰਨ ਬਣ ਗਈ। ਈਸ਼ਾਨ ਦੀ ਜ਼ਿੰਦਗੀ ਦਾ ਰੁਟੀਨ ਪੂਰੀ ਤਰ੍ਹਾਂ ਬਦਲ ਗਿਆ। ਉਸ ਨੇ ਧਿਆਨ ਕਰਨਾ ਸ਼ੁਰੂ ਕੀਤਾ, ਆਪਣੇ ਪਿਤਾ ਪ੍ਰਣਬ ਪਾਂਡੇ ਦੀ ਸਲਾਹ ’ਤੇ ਸ਼੍ਰੀਮਦ ਭਗਵਦ ਗੀਤਾ ਪੜ੍ਹਨਾ ਸ਼ੁਰੂ ਕੀਤਾ। ਉਹ ਦਿਨ ’ਚ 2 ਵਾਰ ਆਪਣੀ ਅਕੈਡਮੀ ’ਚ ਹੁਨਰ ਦੀ ਸਿਖਲਾਈ ਲੈਂਦਾ ਸੀ। ਹੋਟਲ ਦਾ ਖਾਣਾ ਛੱਡ ਦਿੱਤਾ ਤੇ ਇੱਕ ਨਿੱਜੀ ਸ਼ੈੱਫ ਨੂੰ ਨਿਯੁਕਤ ਕੀਤਾ ਤਾਂ ਜੋ ਪੋਸ਼ਣ ਵੱਲ ਪੂਰਾ ਧਿਆਨ ਦਿੱਤਾ ਜਾ ਸਕੇ। ਨੀਂਦ ਤੇ ਆਰਾਮ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ।
ਪਰਿਵਾਰ ਨੇ ਈਸ਼ਾਨ ਦੀ ਵਾਪਸੀ ਦੀ ਯਾਤਰਾ ’ਚ ਇੱਕ ਮਜ਼ਬੂਤ ਢਾਲ ਵਜੋਂ ਕੰਮ ਕੀਤਾ। ਵੱਡੇ ਭਰਾ ਰਾਜ ਕਿਸ਼ਨ, ਜੋ ਕਿ ਪੇਸ਼ੇ ਤੋਂ ਡਾਕਟਰ ਹਨ ਤੇ ਖੁਦ ਜੂਨੀਅਰ ਕ੍ਰਿਕਟ ਖੇਡ ਚੁੱਕੇ ਹਨ, ਨੇ ਤਕਨੀਕੀ ਸਲਾਹ ’ਚ ਅਹਿਮ ਭੂਮਿਕਾ ਨਿਭਾਈ ਹੈ। ਅੰਸ਼ੁਮਤ ਦੱਸਦੇ ਹਨ ਕਿ ਈਸ਼ਾਨ ਦੀ ਖੇਡ ਨੂੰ ਰਾਜ ਤੋਂ ਬਿਹਤਰ ਕੋਈ ਨਹੀਂ ਸਮਝਦਾ। ਨੈੱਟ ’ਚ ਘੰਟਿਆਂ ਦੀ ਸਿਮੂਲੇਸ਼ਨ ਸਿਖਲਾਈ ਨੇ ਉਸ ਦੀ ਸ਼ਾਟ ਚੋਣ ’ਚ ਸਪੱਸ਼ਟਤਾ ਲਿਆਂਦੀ। ਪਾਵਰਪਲੇ ’ਚ ਕਿੰਨੀਆਂ ਦੌੜਾਂ ਬਣਾਉਣੀਆਂ ਹਨ, ਕਿਸ ਗੇਂਦਬਾਜ਼ ’ਤੇ ਹਮਲਾ ਕਰਨਾ ਹੈ ਤੇ ਕਿਸ ਤਰ੍ਹਾਂ ਹਮਲਾ ਕਰਨਾ ਹੈ, ਇਸ ਦੀ ਮਾਨਸਿਕ ਤਿਆਰੀ ਕੀਤੀ ਜਾਂਦੀ ਸੀ।
ਇਹ ਸਪੱਸ਼ਟਤਾ ਹਾਲ ਹੀ ਦੇ ਮੈਚਾਂ ’ਚ ਦਿਖਾਈ ਦਿੱਤੀ, ਜਦੋਂ ਉਸ ਨੇ ਦਬਾਅ ਦੀਆਂ ਸਥਿਤੀਆਂ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਈਸ਼ਾਨ ਦਾ ਸੁਭਾਅ ਅਜੇ ਵੀ ਉਹੀ, ਮਜ਼ਾਕੀਆ, ਹਲਕਾ-ਫੁਲਕਾ ਤੇ ਟੀਮ ’ਚ ਸਾਕਾਰਾਤਮਕ ਊਰਜਾ ਫੈਲਾਉਣ ਵਾਲਾ ਹੈ ਪਰ ਹੁਣ ਉਸ ਦੀ ਮਾਨਸਿਕ ਤਾਕਤ ਪਹਿਲਾਂ ਨਾਲੋਂ ਜ਼ਿਆਦਾ ਪ੍ਰਪੱਕ ਹੈ। ਪਾਕਿਸਤਾਨ ਖਿਲਾਫ ਸ਼ਾਨਦਾਰ ਪਾਰੀ ਤੋਂ ਬਾਅਦ ਹੋਟਲ ਪਰਤਣ ਤੋਂ ਬਾਅਦ ਵੀ ਸਭ ਤੋਂ ਪਹਿਲਾਂ ਉਸ ਨੇ ਰਿਕਵਰੀ ’ਤੇ ਧਿਆਨ ਦਿੱਤਾ, ਕਿਉਂਕਿ ਅਗਲਾ ਮੈਚ ਸਾਹਮਣੇ ਸੀ।
ਅੰਸ਼ੁਮਤ ਦਾ ਕਹਿਣਾ ਹੈ ਕਿ ਈਸ਼ਾਨ ਨੇ ਆਪਣੀ ਮਿਹਨਤ ’ਤੇ ਉਮੀਦਾਂ ਜੋੜਨਾ ਬੰਦ ਕਰ ਦਿੱਤਾ ਹੈ। ਉਹ ਨਿਰਸੁਆਰਥ ਖੇਡਦਾ ਹੈ। ਝਾਰਖੰਡ ਦੀ ਕਪਤਾਨੀ ਕਰਦੇ ਹੋਏ ਵੀ ਉਸ ਨੇ ਕਦੇ ਨਹੀਂ ਸੋਚਿਆ ਸੀ ਕਿ ਜੇਕਰ ਉਹ ਇਸ ਤਰ੍ਹਾਂ ਖੇਡਿਆ ਤਾਂ ਉਹ ਵਾਪਸੀ ਕਰੇਗਾ। ਭਾਰਤ ਲਈ ਖੇਡਣ ਲਈ ਉਸ ਨੂੰ ਪਹਿਲਾਂ ਆਪਣੇ-ਆਪ ਨੂੰ ਬਿਹਤਰ ਵਿਅਕਤੀ ਤੇ ਖਿਡਾਰੀ ਬਣਾਉਣਾ ਪਿਆ। ਅੱਜ ਈਸ਼ਾਨ ਕਿਸ਼ਨ ਦੀ ਵਾਪਸੀ ਸਿਰਫ਼ ਦੌੜਾਂ ਬਣਾਉਣ ਦੀ ਕਹਾਣੀ ਨਹੀਂ ਹੈ, ਸਗੋਂ ਆਤਮ-ਵਿਸ਼ਵਾਸ, ਅਨੁਸ਼ਾਸਨ ਤੇ ਮਾਨਸਿਕ ਤਾਕਤ ਦੀ ਮਿਸਾਲ ਹੈ। ਉਸ ਨੇ ਇਹ ਸਾਬਤ ਕਰ ਦਿੱਤਾ ਕਿ ਆਲੋਚਨਾ ਦੇ ਸ਼ੋਰ-ਸ਼ਰਾਬੇ ਦੌਰਾਨ ਵੀ ਜੇਕਰ ਅਮਲ ’ਚ ਵਿਸ਼ਵਾਸ ਹੋਵੇ ਤਾਂ ਵਾਪਸੀ ਦੀ ਨਵੀਂ ਕਹਾਣੀ ਜ਼ਰੂਰ ਲਿਖੀ ਜਾ ਸਕਦੀ ਹੈ।
-----------------
ਡੱਬਾ
ਕੁਲਦੀਪ ਨਾਲ ਨਾਰਾਜ਼ ਦਿਸੇ ਹਾਰਦਿਕ ਤੇ ਸੂਰਿਆ
ਨਵੀਂ ਦਿੱਲੀ : ਪਾਕਿਸਤਾਨ ਖਿਲਾਫ ਮੈਚ ਤੋਂ ਬਾਅਦ ਹਾਰਦਿਕ ਪੰਡਯਾ ਤੇ ਸੂਰਿਆਕੁਮਾਰ ਯਾਦਵ ਸਪਿਨਰ ਕੁਲਦੀਪ ਯਾਦਵ ਤੋਂ ਨਾਰਾਜ਼ ਨਜ਼ਰ ਆਏ। ਮੈਚ ਖਤਮ ਹੋਣ ਤੋਂ ਬਾਅਦ ਹਾਰਦਿਕ ਦੀ ਕੁਲਦੀਪ ਨਾਲ ਬਹਿਸ ਹੋ ਗਈ, ਜਿਸ ’ਤੇ ਰਿੰਕੂ ਸਿੰਘ ਨੇ ਦਖਲ ਦਿੱਤਾ। ਪਾਕਿਸਤਾਨੀ ਪਾਰੀ ਦੇ 18ਵੇਂ ਓਵਰ ’ਚ ਕੁਲਦੀਪ ਨੇ ਹਾਰਦਿਕ ਦੀ ਗੇਂਦ ’ਤੇ ਬਾਊਂਡਰੀ ’ਤੇ ਸ਼ਾਹੀਨ ਸ਼ਾਹ ਅਫਰੀਦੀ ਦਾ ਕੈਚ ਛੱਡ ਦਿੱਤਾ ਸੀ, ਜਿਸ ’ਤੇ ਹਾਰਦਿਕ ਕਾਫੀ ਗੁੱਸੇ ’ਚ ਨਜ਼ਰ ਆਏ ਕਿਉਂਕਿ ਇਸ ਤੋਂ ਠੀਕ ਪਹਿਲਾਂ ਈਸ਼ਾਨ ਨੇ ਵੀ ਕੈਚ ਛੱਡਿਆ ਸੀ। ਇਸ ਤੋਂ ਬਾਅਦ ਉਸ ਦੀ ਕੁਲਦੀਪ ਨਾਲ ਬਹਿਸ ਹੋ ਗਈ। ਕਪਤਾਨ ਵੀ ਉਸ ਤੋਂ ਥੋੜ੍ਹਾ ਨਾਖੁਸ਼ ਨਜ਼ਰ ਆਇਆ।