ਪੀਐੱਸਬੀ ਨੇ ਦਿੱਤੇ ਭੁਗਤਾਨ ਦੇ ਸਬੂਤ, ਪੀਐੱਚਐੱਫ ਵਿਵਾਦਾਂ ’ਚ
ਖਿਡਾਰੀਆਂ ਨੂੰ ਆਪਣੇ ਸਾਮਾਨ
Publish Date: Mon, 16 Feb 2026 09:23 PM (IST)
Updated Date: Tue, 17 Feb 2026 04:12 AM (IST)
ਖਿਡਾਰੀਆਂ ਨੂੰ ਆਪਣੇ ਸਾਮਾਨ ਸਮੇਤ ਕੈਨਬਰਾ ਦੇ ਹੋਟਲ ਦੇ ਬਾਹਰ ਕਰਨਾ ਪਿਆ ਲੰਮਾ ਇੰਤਜ਼ਾਰ
ਕਰਾਚੀ, ਪੀਟੀਆਈ : ਪਾਕਿਸਤਾਨੀ ਹਾਕੀ ਟੀਮ ਲਈ ਆਸਟ੍ਰੇਲੀਆ ’ਚ ਹੋਟਲ ਬੁਕਿੰਗ ਲਈ ਇਕ ਕਰੋੜ ਪਾਕਿਸਤਾਨੀ ਰੁਪਏ (32.39 ਲੱਖ ਰੁਪਏ) ਤੋਂ ਵੱਧ ਦੇ ਭੁਗਤਾਨ ਦੇ ਸਬੂਤ ਪਾਕਿਸਤਾਨ ਸਪੋਰਟਸ ਬੋਰਡ (ਪੀਐੱਸਬੀ) ਵੱਲੋਂ ਦਿੱਤੇ ਜਾਣ ਤੋਂ ਬਾਅਦ ਹੁਣ ਪਾਕਿਸਤਾਨ ਹਾਕੀ ਮਹਾਸੰਘ ਹੁਣ ਵਿਵਾਦਾਂ ਦੇ ਘੇਰੇ ’ਚ ਆ ਗਿਆ ਹੈ।
ਪਾਕਿਸਤਾਨ ਹਾਕੀ ਟੀਮ ਨੂੰ ਸਿਡਨੀ ਹਵਾਈ ਅੱਡੇ ’ਤੇ 13 ਤੋਂ 14 ਘੰਟੇ ਤੱਕ ਇੰਤਜ਼ਾਰ ਕਰਨਾ ਪਿਆ, ਕਿਉਂਕਿ ਕੈਨਬਰਾ ਦੀ ਫਲਾਈਟ ਲੈਣ ਤੋਂ ਪਹਿਲਾਂ ਪੀਐੱਚਐੱਫ ਨੇ ਹਵਾਈ ਅੱਡੇ ’ਤੇ ਖਿਡਾਰੀਆਂ ਤੇ ਅਧਿਕਾਰੀਆਂ ਦੇ ਰੁਕਣ ਜਾਂ ਖਾਣ ਪੀਣ ਦਾ ਕੋਈ ਪ੍ਰਬੰਧ ਨਹੀਂ ਕੀਤਾ ਸੀ, ਜਿਸ ਕਾਰਨ ਪੀਐੱਚਐੱਫ ਤੇ ਪੀਐੱਸਬੀ ਦੀ ਕਾਫੀ ਆਲੋਚਨਾ ਹੋਈ ਸੀ। ਐੱਫਆਈਐੱਚ ਪ੍ਰੋ ਲੀਗ ਲਈ ਕੈਨਬਰਾ ਪਹੁੰਚਣ ਤੋਂ ਬਾਅਦ ਪਾਕਿਸਤਾਨੀ ਟੀਮ ਕੋਲ ਹੋਟਲ ਨਹੀਂ ਸੀਸ ਕਿਉਂਕਿ ਪੀਐੱਚਐੱਫ ਨੇ ਭੁਗਤਾਨ ਨਹੀਂ ਕੀਤਾ ਸੀ।
ਲਾਹੌਰ ਤੋਂ ਆਸਟ੍ਰੇਲੀਆ ਤੱਕ 24 ਘੰਟੇ ਦਾ ਸਫਰ ਤੈਅ ਕਰਨ ਤੋਂ ਬਾਅਦ ਖਿਡਾਰੀ ਤੇ ਸਪੋਰਟ ਸਟਾਫ ਇਕ ਚਾਰ ਸਿਤਾਰਾ ਹੋਟਲ ਪਹੁੰਚੇ, ਜਿੱਥੇ ਉਨ੍ਹਾਂ ਨੂੰ ਦੱਸਿਆ ਗਿਆ ਕਿ ਉਨ੍ਹਾਂ ਦੇ ਨਾਂ ’ਤੇ ਕੋਈ ਬੁਕਿੰਗ ਨਹੀਂ ਹੈ। ਖਿਡਾਰੀਆਂ ਨੂੰ ਆਪਣੇ ਸਾਮਾਨ ਨਾਲ ਕੈਨਬਰਾ ਦੇ ਹੋਟਲ ਦੇ ਬਾਹਰ ਲੰਮਾ ਸਮਾਂ ਇੰਤਜ਼ਾਰ ਕਰਨਾ ਪਿਆ, ਜਿਸ ਤੋਂ ਬਾਅਦ ਕੈਨਬਰਾ ’ਚ ਰਹਿਣ ਵਾਲੇ ਪਾਕਿਸਤਾਨੀਆਂ ਨੇ ਸਸਤੇ ਏਅਰਬੀਐੱਨਬੀ ਹੋਟਲ ਦਾ ਪ੍ਰਬੰਧ ਕੀਤਾ। ਅਗਲੇ ਦਿਨ ਪਾਕਿਸਤਾਨ ਪਹਿਲਾ ਮੈਚ ਆਸਟ੍ਰੇਲੀਆ ਤੋਂ ਹਾਰ ਗਿਆ।
ਪੀਐੱਸਬੀ ਨੇ ਹੁਣ ਹੋਟਲ ਪ੍ਰਬੰਧਾਂ ਲਈ 28 ਜਨਵਰੀ ਨੂੰ ਪੀਐੱਚਐੱਫ ਨੂੰ ਕੀਤੇ 1 ਕਰੋੜ 5 ਲੱਖ ਰੁਪਏ ਦੇ ਚੈੱਕਾਂ ਦੀਆਂ ਫੋਟੋ ਕਾਪੀਆਂ ਜਾਰੀ ਕੀਤੀਆਂ ਹਨ। ਇਸ ਤੋਂ ਸਾਬਤ ਹੁੰਦਾ ਹੈ ਕਿ ਹਵਾਈ ਟਿਕਟ ਤੇ ਹੋਟਲ ਤੋਂ ਇਲਾਵਾ ਪੀਐੱਸਬੀ ਨੇ ਰੋਜ਼ਾਨਾ ਭੱਤਾ ਵੀ ਅਦਾ ਕੀਤਾ ਸੀ। ਪੀਐੱਚਐੱਫ ਨੇ ਲਗਾਤਾਰ ਕਿਹਾ ਕਿ ਆਸਟ੍ਰੇਲੀਆ ’ਚ ਖਿਡਾਰੀਆਂ ਤੇ ਅਧਿਕਾਰੀਆਂ ਨੂੰ ਕੋਈ ਸਮੱਸਿਆ ਨਹੀਂ ਆਈ। ਹਾਲਾਂਕਿ, ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪੀਐੱਚਐੱਫ ਅਧਿਕਾਰੀ ਵਿੱਤੀ ਮਾਮਲਿਆਂ ਨੂੰ ਲੈ ਕੇ ਵਿਵਾਦਾਂ ’ਚ ਘਿਰ ਗਏ ਹਨ।