ਸਾਬਕਾ ਕ੍ਰਿਕਟਰਾਂ ਨੇ ਬਾਬਰ

ਸਾਬਕਾ ਕ੍ਰਿਕਟਰਾਂ ਨੇ ਬਾਬਰ ਅਤੇ ਸ਼ਾਹੀਨ ਅਫਰੀਦੀ ਨੂੰ ਟੀਮ ਤੋਂ ਬਾਹਰ ਕਰਨ ਦੀ ਮੰਗ ਕੀਤੀ
ਮੋਹਸਿਨ ਨਕਵੀ ’ਤੇ ਵੀ ਸਾਧਿਆ ਨਿਸ਼ਾਨਾ
ਅਭਿਸ਼ੇਕ ਤ੍ਰਿਪਾਠੀ, ਜਾਗਰਣ, ਅਹਿਮਦਾਬਾਦ : ਟੀ-20 ਵਿਸ਼ਵ ਕੱਪ 'ਚ ਐਤਵਾਰ ਨੂੰ ਭਾਰਤ ਹੱਥੋਂ 61 ਦੌੜਾਂ ਦੀ ਕਰਾਰੀ ਹਾਰ ਨੇ ਪਾਕਿਸਤਾਨ ਕ੍ਰਿਕਟ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ ਹਨ। ਇਸ ਮੈਚ ’ਚ ਇਕਪਾਸੜ ਹਾਰ ਤੋਂ ਬਾਅਦ ਪਾਕਿਸਤਾਨ ’ਚ ਨਾ ਸਿਰਫ ਨਿਰਾਸ਼ਾ ਸਗੋਂ ਗੁੱਸੇ ਤੇ ਨਿਰਾਸ਼ਾ ਦਾ ਵੀ ਧਮਾਕਾ ਦੇਖਣ ਨੂੰ ਮਿਲ ਰਿਹਾ ਹੈ। ਖਿਡਾਰੀਆਂ ਦੀ ਅਸਫਲਤਾ ਤੋਂ ਲੈ ਕੇ ਕ੍ਰਿਕਟ ’ਚ ਸਿਆਸੀ ਦਖਲਅੰਦਾਜ਼ੀ ਤੱਕ ਹਰ ਪੱਧਰ 'ਤੇ ਸਵਾਲ ਉੱਠ ਰਹੇ ਹਨ। ਸਾਬਕਾ ਕ੍ਰਿਕਟਰ ਮੌਜੂਦਾ ਟੀਮ ’ਤੇ ਖੁੱਲ੍ਹ ਕੇ ਹਮਲੇ ਕਰ ਰਹੇ ਹਨ ਤੇ ਬਦਲਾਅ ਦੀ ਮੰਗ ਤੇਜ਼ ਹੋ ਗਈ ਹੈ। ਇਸ ਹਾਰ ਕਾਰਨ ਪਾਕਿਸਤਾਨ ਦੀਆਂ ਸੁਪਰ-8 ’ਚ ਪਹੁੰਚਣ ਦੀਆਂ ਉਮੀਦਾਂ ਵੀ ਖ਼ਤਰੇ ਵਿਚ ਹਨ। ਪਾਕਿਸਤਾਨ ਦੀ ਨੈੱਟ ਰਨ ਰੇਟ ਅਮਰੀਕਾ ਤੋਂ ਘੱਟ ਹੈ ਤੇ ਹੁਣ 18 ਫਰਵਰੀ ਨੂੰ ਨਾਮੀਬੀਆ ਦੇ ਖਿਲਾਫ ਲੜੋ ਜਾਂ ਮਰੋ ਦਾ ਮੈਚ ਹੋਵੇਗਾ।
ਕੋਲੰਬੋ 'ਚ ਖੇਡੇ ਗਏ ਮੈਚ 'ਚ ਪਾਕਿਸਤਾਨ ਦੀ ਬੱਲੇਬਾਜ਼ੀ ਤੇ ਗੇਂਦਬਾਜ਼ੀ ਦੋਵੇਂ ਹੀ ਬੁਰੀ ਤਰ੍ਹਾਂ ਫਲਾਪ ਰਹੇ। ਸਾਬਕਾ ਕਪਤਾਨ ਬਾਬਰ ਆਜ਼ਮ ਸਿਰਫ਼ 5 ਦੌੜਾਂ ਬਣਾ ਕੇ ਆਊਟ ਹੋ ਗਏ, ਜਦਕਿ ਤੇਜ਼ ਗੇਂਦਬਾਜ਼ ਸ਼ਾਹੀਨ ਸ਼ਾਹ ਅਫ਼ਰੀਦੀ ਨੇ 2 ਓਵਰਾਂ ’ਚ 31 ਦੌੜਾਂ ਦਿੱਤੀਆਂ। ਹਾਰ ਤੋਂ ਬਾਅਦ ਪਾਕਿਸਤਾਨ ਦੇ ਸਾਬਕਾ ਕਪਤਾਨ ਸ਼ਾਹਿਦ ਅਫਰੀਦੀ ਨੇ ਤਿੱਖੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਜੇਕਰ ਫੈਸਲਾ ਉਨ੍ਹਾਂ ਦੇ ਹੱਥ 'ਚ ਹੁੰਦਾ ਤਾਂ ਉਹ ਤੁਰੰਤ ਬਾਬਰ, ਸ਼ਾਦਾਬ ਖਾਨ ਤੇ ਸ਼ਾਹੀਨ ਨੂੰ ਟੀਮ 'ਚੋਂ ਬਾਹਰ ਕਰ ਦਿੰਦੇ। ਹੁਣ ਸਮਾਂ ਆ ਗਿਆ ਹੈ ਜਦੋਂ ਨੌਜਵਾਨ ਖਿਡਾਰੀਆਂ ਨੂੰ ਮੌਕਾ ਦਿੱਤਾ ਜਾਵੇ।
ਜਾਵੇਦ ਮਿਆਂਦਾਦ ਨੇ ਖਿਡਾਰੀਆਂ ਦੇ ਚਰਿੱਤਰ ’ਤੇ ਵੀ ਸਵਾਲ ਉਠਾਉਂਦੇ ਹੋਏ ਕਿਹਾ ਕਿ ਵੱਡੇ ਮੈਚਾਂ 'ਚ ਦਬਾਅ ਝੱਲਣ ਦੀ ਸਮਰੱਥਾ ਹੀ ਅਸਲ ਪਛਾਣ ਹੁੰਦੀ ਹੈ, ਜੋ ਇਸ ਟੀਮ 'ਚ ਨਜ਼ਰ ਨਹੀਂ ਆਈ। ਸਾਬਕਾ ਕਪਤਾਨ ਮੁਹੰਮਦ ਯੂਸਫ ਨੇ ਇੰਟਰਨੈੱਟ ਮੀਡੀਆ ’ਤੇ ਲਿਖਿਆ ਕਿ ਬਾਬਰ, ਸ਼ਾਹੀਨ ਤੇ ਸ਼ਾਦਾਬ ਦਾ ਸਮਾਂ ਖਤਮ ਹੋ ਗਿਆ ਹੈ ਤੇ ਪਾਕਿਸਤਾਨ ਨੂੰ ਹੁਣ ਸਿਰਫ ਨਾਂ ਦੀ ਨਹੀਂ, ਸਗੋਂ ਮੈਚ ਜੇਤੂ ਖਿਡਾਰੀਆਂ ਦੀ ਜ਼ਰੂਰਤ ਹੈ। ਤੇਜ਼ ਗੇਂਦਬਾਜ਼ ਸ਼ੋਏਬ ਅਖਤਰ ਨੇ ਤਾਂ ਇੱਥੋਂ ਤੱਕ ਕਿਹਾ ਕਿ ਪਾਕਿਸਤਾਨੀ ਖਿਡਾਰੀ ਖੁਦ ਨੂੰ ਸੁਪਰਸਟਾਰ ਮੰਨਦੇ ਹਨ ਪਰ ਮੈਦਾਨ 'ਤੇ ਉਨ੍ਹਾਂ ਦਾ ਪ੍ਰਦਰਸ਼ਨ ਔਸਤ ਤੋਂ ਘੱਟ ਹੈ। ਸਾਬਕਾ ਕਪਤਾਨ ਮੋਇਨ ਖਾਨ ਨੇ ਮੰਨਿਆ ਕਿ ਮੌਜੂਦਾ ਸਮੇਂ ’ਚ ਭਾਰਤ ਹਰ ਫਾਰਮੈਟ ’ਚ ਪਾਕਿਸਤਾਨ ਤੋਂ ਬਿਹਤਰ ਟੀਮ ਹੈ।
ਇਸ ਦੌਰਾਨ ਪੀਸੀਬੀ ’ਚ ਸਿਆਸੀ ਦਖਲਅੰਦਾਜ਼ੀ ਦੇ ਦੋਸ਼ ਵੀ ਤੇਜ਼ ਹੋ ਗਏ ਹਨ। ਮੁਹੰਮਦ ਯੂਸਫ ਨੇ ਅਸਿੱਧੇ ਤੌਰ ’ਤੇ ਪੀਸੀਬੀ ਦੇ ਚੇਅਰਮੈਨ ਤੇ ਗ੍ਰਹਿ ਮੰਤਰੀ ਮੋਹਸਿਨ ਨਕਵੀ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜਦੋਂ ਤੱਕ ਕ੍ਰਿਕਟ ਤੋਂ ਰਾਜਨੀਤੀ ਤੇ ਨਿੱਜੀ ਏਜੰਡੇ ਨੂੰ ਹਟਾਇਆ ਨਹੀਂ ਜਾਂਦਾ, ਉਦੋਂ ਤੱਕ ਪਾਕਿਸਤਾਨ ਆਪਣੀ ਪੁਰਾਣੀ ਸ਼ਾਨ ਮੁੜ ਹਾਸਲ ਨਹੀਂ ਕਰ ਸਕਦਾ। ਏਸ਼ੀਆ ਕੱਪ ਟਰਾਫੀ ਵਿਵਾਦ ਤੇ ਭਾਰਤ ਦੇ ਮੈਚ ਦੇ ਸੰਭਾਵਿਤ ਬਾਈਕਾਟ ਵਰਗੇ ਨਕਵੀ ਦੇ ਫੈਸਲਿਆਂ ਨੇ ਪਹਿਲਾਂ ਹੀ ਵਿਵਾਦ ਪੈਦਾ ਕਰ ਦਿੱਤਾ ਸੀ। ਹੁਣ ਇਸ ਹਾਰ ਨੇ ਪਾਕਿਸਤਾਨੀ ਕ੍ਰਿਕਟ ’ਚ ਆਤਮ ਚਿੰਤਨ ਦੀ ਲੋੜ ਹੋਰ ਵਧਾ ਦਿੱਤੀ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਚੋਣ ਤੇ ਪ੍ਰਸ਼ਾਸਨਿਕ ਫੈਸਲਿਆਂ ’ਚ ਪਾਰਦਰਸ਼ਤਾ ਨਾ ਲਿਆਂਦੀ ਗਈ ਤਾਂ ਪਾਕਿਸਤਾਨ ਕ੍ਰਿਕਟ ਦਾ ਪਤਨ ਹੋਰ ਡੂੰਘਾ ਹੋ ਸਕਦਾ ਹੈ।